ਸਹੁਰਿਆਂ ਦੇ ਨਿੱਤ ਦੇ ਮਿਹਣਿਆਂ ਤੋਂ ਹਾਰੀ ਵਿਆਹੁਤਾ ਨੇ ਅੰਤ ਚੁਣ ਲਿਆ ਮੌਤ ਦਾ ਰਾਹ

Monday, Jul 13, 2020 - 02:51 PM (IST)

ਮੋਗਾ (ਅਜ਼ਾਦ) : ਮੋਗਾ ਜ਼ਿਲ੍ਹੇ ਦੇ ਕਸਬਾ ਕੋਟ ਈਸੇ ਖਾਂ ਨਿਵਾਸੀ ਇਕ ਮਹਿਲਾ ਨੇ ਆਪਣੇ ਪਤੀ ਅਤੇ ਸੁਹਰੇ ਪਰਿਵਾਰ ਤੋਂ ਤੰਗ ਆ ਕੇ ਘਰ ਵਿਚ ਹੀ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਇਸ ਸਬੰਧ ਵਿਚ ਪੁਲਸ ਵਲੋਂ ਮਹਿਲਾ ਦੇ ਪਤੀ ਸਮੇਤ ਚਾਰ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਕੋਟ-ਈਸੇ-ਖਾਂ ਦੇ ਮੁਖੀ ਅਮਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਅਮਰਜੀਤ ਸਿੰਘ ਨਿਵਾਸੀ ਦਾਤਾ ਰੋਡ ਕੋਟ ਈਸੇ ਖਾਂ ਨੇ ਕਿਹਾ ਕਿ ਉਹ ਅਤੇ ਉਸ ਦਾ ਭਰਾ ਭੁਪਿੰਦਰ ਸਿੰਘ ਆਸਟ੍ਰੇਲੀਆ ਰਹਿੰਦੇ ਹਨ। ਉਨ੍ਹਾਂ ਆਪਣੀ ਭੈਣ ਰਣਦੀਪ ਕੌਰ ਦਾ ਵਿਆਹ 2011 ਵਿਚ ਸੁਖਦੀਪ ਸਿੰਘ ਵਾਸੀ ਕੋਟ ਈਸੇ ਖਾਂ ਨਾਲ ਕੀਤਾ ਸੀ ਪਰ ਘਰੇਲੂ ਝਗੜੇ ਦੇ ਚੱਲਦਿਆਂ ਉਨ੍ਹਾਂ ਦਾ ਅਦਾਲਤੀ ਤਲਾਕ ਹੋ ਗਿਆ, ਜਿਸ 'ਤੇ ਅਸੀਂ ਆਪਣੀ ਭੈਣ ਦਾ ਦੂਸਰਾ ਵਿਆਹ 24 ਮਾਰਚ 2019 ਨੂੰ ਦਿਲਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਚੰਡੀਗੜ੍ਹ ਢਾਣੀ ਪਿੰਡ ਚੋਟਾਲਾ ਸਿਰਸਾ ਜਿਸਦਾ ਪਹਿਲਾ ਤਲਾਕ ਹੋ ਚੁੱਕਾ ਸੀ, ਨਾਲ ਧਾਰਮਿਕ ਰੀਤੀ ਰਿਵਾਜ਼ਾਂ ਨਾਲ ਕੀਤਾ ਅਤੇ ਆਪਣੀ ਹੈਸੀਅਤ ਤੋਂ ਜ਼ਿਆਦਾ ਦਾਜ ਦਿੱਤਾ ਤਾਂ ਜੋ ਮੇਰੀ ਭੈਣ ਦਾ ਘਰ ਵੱਸਿਆ ਰਹੇ ਪਰ ਉਸ ਦਾ ਪਤੀ ਅਤੇ ਸਹੁਰਾ ਪਰਿਵਾਰ ਅਤੇ ਹੋਰ ਮੈਂਬਰ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਲੱਗੇ, ਜਿਸ 'ਤੇ ਮੇਰੀ ਭੈਣ ਕੋਟ ਈਸੇ ਖਾਂ ਆ ਗਈ। ਦੋਵਾਂ ਪੱਖਾਂ ਦੇ ਵਿਚਕਾਰ ਪੰਚਾਇਤੀ ਤੌਰ 'ਤੇ ਸਮਝੋਤਾ ਕਰਵਾਉਣ ਦਾ ਯਤਨ ਕੀਤਾ ਪਰ ਕਿਸੇ ਨੇ ਕੋਈ ਗੱਲ ਨਹੀਂ ਸੁਣੀ। 

ਇਹ ਵੀ ਪੜ੍ਹੋ : ਬੱਚੀ ਨੂੰ ਬਚਾਉਣ ਲਈ ਪਾਣੀ ਵਾਲੇ ਟੈਂਕ 'ਚ ਉੱਤਰੇ ਸਕੇ ਭਰਾਵਾਂ ਦੀ ਦਰਦਨਾਕ ਮੌਤ 

ਇਸ ਤੋਂ ਬਾਅਦ ਮੇਰੀ ਭੈਣ ਦੇ ਸਹੁਰਾ ਪਰਿਵਾਰ ਨੇ ਪੁਲਸ ਚੌਂਕੀ ਚੋਟਾਲਾਂ ਵਿਖੇ ਸਾਡੇ ਖ਼ਿਲਾਫ਼ ਸ਼ਿਕਾਇਤ ਪੱਤਰ ਦਿੱਤਾ, ਜਿਸ 'ਤੇ ਮੇਰੀ ਭੈਣ ਖ਼ਿਲਾਫ਼ ਕਈ ਤਰ੍ਹਾਂ ਦੇ ਦੋਸ਼ ਲਾਏ ਗਏ। ਜਿਸ ਤੋਂ ਬਾਅਦ ਭੈਣ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿਣ ਲੱਗੀ, ਅਸੀਂ ਉਸ ਨੂੰ ਸਮਝਾਉਣ ਦਾ ਬਹੁਤ ਯਤਨ ਕੀਤਾ ਅਤੇ ਉਸ ਨੇ ਕਿਹਾ ਕਿ ਉਹ ਮੈਨੂੰ ਦਾਜ ਲਈ ਪ੍ਰੇਸ਼ਾਨ ਕਰਦੇ ਹਨ ਅਤੇ ਮੇਰੇ ਖ਼ਿਲਾਫ਼ ਝੂਠੀਆਂ ਗੱਲਾ ਬਣਾ ਕੇ ਮੈਨੂੰ ਬਦਨਾਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਅੰਤ ਉਸ ਨੇ ਆਪਣੇ ਪਤੀ ਦਿਲਪ੍ਰੀਤ ਸਿੰਘ, ਸਹੁਰਾ ਬਲਦੇਵ ਸਿੰਘ, ਸੱਸ ਇੰਦਰਜੀਤ ਕੌਰ ਵਾਸੀ ਪਿੰਡ ਚੋਟਾਲਾ, ਨਨਾਣ ਗੁਰਵਿੰਦਰ ਕੌਰ ਨਿਵਾਸੀ ਰਾਮਗੜ੍ਹ ਚੁੱਗਾ ਸ੍ਰੀ ਮੁਕਤਸਰ ਸਾਹਿਬ ਤੋਂ ਤੰਗ ਆਕੇ ਘਰ ਵਿਚ ਫਾਹਾ ਲੈ ਕੇ ਖ਼ੁਕੁਸ਼ੀ ਕਰ ਲਈ। ਥਾਣਾ ਮੁਖੀ ਨੇ ਦੱਸਿਆ ਕਿ ਸਾਰੇ ਕਥਿਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਮੁੱਖ ਮੰਤਰੀ ਦੇ ਸ਼ਹਿਰ 'ਚ ਕੋਰੋਨਾ ਦਾ ਵੱਡਾ ਧਮਾਕਾ, ਲਗਾਤਾਰ ਬੇਕਾਬੂ ਹੋ ਰਹੇ ਹਾਲਾਤ


Gurminder Singh

Content Editor

Related News