ਪੰਜਾਬ ਭਾਜਪਾ 'ਚ ਪੈਰਾਸ਼ੂਟ ਰਾਹੀਂ ਉਤਰੇ ਕਈ ਸਿੱਖ ਚਿਹਰੇ ਪਾਰਟੀ ਵਰਕਰਾਂ 'ਤੇ ਹੋਏ ਹਾਵੀ

01/18/2022 3:48:46 PM

ਜਲੰਧਰ (ਅਨਿਲ ਪਾਹਵਾ) :‘‘ਗੈਰੋਂ ਪੇ ਕਰਮ-ਅਪਨੋਂ ਪੇ ਸਿਤਮ, ਐ ਜਾਨੇ ਵਫਾ ਯੇ ਜ਼ੁਲਮ ਨਾ ਕਰ...’’ ਸਾਹਿਰ ਲੁਧਿਆਣਵੀ ਦੀਆਂ ਇਨ੍ਹਾਂ ਸਤਰਾਂ ’ਤੇ ਹਿੰਦੀ ਫ਼ਿਲਮ ‘ਆਂਖੇਂ’ ਦਾ ਪੂਰਾ ਗਾਣਾ ਫ਼ਿਲਮਾਇਆ ਜਾ ਚੁੱਕਾ ਹੈ। ਇੱਥੇ ਅਸੀਂ ਗਾਣੇ ’ਤੇ ਚਰਚਾ ਨਹੀਂ ਕਰਾਂਗੇ, ਸਗੋਂ ਸਾਡੀ ਚਰਚਾ ਦਾ ਵਿਸ਼ਾ ਹੈ ਆਪਣੇ ਤੇ ਗ਼ੈਰ, ਜਿਸ ਦੀ ਪਰਿਭਾਸ਼ਾ ਸ਼ਾਇਦ ਅੱਜਕੱਲ੍ਹ ਪੰਜਾਬ ਭਾਜਪਾ ਭੁੱਲ ਗਈ ਹੈ। ਇਹੀ ਕਾਰਨ ਹੈ ਕਿ ਪਾਰਟੀ ਨੇ ਗ਼ੈਰਾਂ ’ਤੇ ਕਰਮ ਕਰਨ ਮਤਲਬ ਉਨ੍ਹਾਂ ਨੂੰ ਅਹਿਮੀਅਤ ਦੇਣ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ, ਜਿਸ ਕਾਰਨ ਪਾਰਟੀ ਦਾ ਆਪਣਾ ਵਰਕਰ ਖ਼ੁਦ ਨੂੰ ਦਰਕਿਨਾਰ ਸਮਝਣ ਲੱਗਾ ਹੈ।

ਇਹ ਵੀ ਪੜ੍ਹੋ : CM ਚੰਨੀ ਦੇ ਰਿਸ਼ਤੇਦਾਰ ਖ਼ਿਲਾਫ਼ ED ਦੀ ਵੱਡੀ ਕਾਰਵਾਈ, ਪੰਜਾਬ-ਹਰਿਆਣਾ 'ਚ 12 ਥਾਵਾਂ 'ਤੇ ਛਾਪੇਮਾਰੀ

ਅਸਲ ’ਚ ਪੰਜਾਬ ਵਿੱਚ ਭਾਜਪਾ ਕਈ ਸਾਲਾਂ ਤੋਂ ਮੈਦਾਨ 'ਚ ਹੈ ਤੇ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਨਾਲ ਮਿਲ ਕੇ ਚੋਣਾਂ ਲੜਦੀ ਰਹੀ ਹੈ। ਇਸ ਲਈ ਪਾਰਟੀ ਨੇ ਕਦੇ ਵੀ ਪੰਜਾਬ ਦੇ ਵੱਡੇ ਵੋਟ ਬੈਂਕ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਨਹੀਂ ਕੀਤੀ। ਪੰਜਾਬ ਵਿੱਚ ਸਿੱਖ ਵੋਟ ਬੈਂਕ ਇਕ ਵੱਡਾ ਹਿੱਸਾ ਹੈ, ਜੋ ਹੁਣ ਤੱਕ ਭਾਜਪਾ ਤੋਂ ਦੂਰ ਸੀ ਪਰ ਜਦੋਂ ਅਕਾਲੀ ਦਲ ਤੋਂ ਵੱਖ ਹੋਇਆ ਤਾਂ ਭਾਜਪਾ ਨੂੰ ਉਸ ਦੀ ਯਾਦ ਆਈ। ਬੇਸ਼ੱਕ ਪਾਰਟੀ ਕੋਲ ਹਰ ਤਰ੍ਹਾਂ ਦਾ ਵਰਕਰ ਹੋਣਾ ਚਾਹੀਦਾ ਹੈ ਪਰ ਹੁਣ ਦੂਜੀਆਂ ਪਾਰਟੀਆਂ ’ਚੋਂ ਆ ਰਹੇ ਸਿੱਖ ਨੇਤਾਵਾਂ ਦੀ ਜਿਸ ਤਰ੍ਹਾਂ ਪਾਰਟੀ ਵਿੱਚ ਆਓ-ਭਗਤ ਕੀਤੀ ਜਾ ਰਹੀ ਹੈ, ਉਹ ਧਿਆਨ ਦੇਣ ਯੋਗ ਹੈ।

ਇਹ ਵੀ ਪੜ੍ਹੋ : ਇਸ ਵਾਰ ਪੰਜਾਬ ਚੋਣਾਂ 'ਚ ਸਰਗਰਮ ਨਹੀਂ ਦਿਖ ਰਹੇ NRI, ਸਾਰੀਆਂ ਸਿਆਸੀ ਪਾਰਟੀਆਂ ਤੋਂ ਵੱਟਿਆ ਟਾਲਾ

ਸਿੱਖ ਚਿਹਰੇ ਦੀ ਲੋੜ ਕਿਉਂ?

ਪੰਜਾਬ ਸਿੱਖ ਬਹੁਗਿਣਤੀ ਖੇਤਰ ਹੈ। ਇੱਥੇ ਸਿੱਖ ਵੋਟ ਬੈਂਕ ਸੱਤਾ ਤੱਕ ਪਹੁੰਚਾਉਣ ਵਾਲੇ ਅੰਕੜਿਆਂ 'ਚ ਫੇਰਬਦਲ ਕਰਨ ਦੀ ਤਾਕਤ ਰੱਖਦਾ ਹੈ। ਪੰਜਾਬ ਵਿੱਚ ਕੁਲ ਵੋਟਾਂ ਦਾ 55 ਫ਼ੀਸਦੀ ਦੇ ਲਗਭਗ ਸਿੱਖ ਵੋਟ ਬੈਂਕ ਹੈ, ਜੋ ਸਿੱਧੇ ਤੌਰ ’ਤੇ ਸੂਬੇ ਦੀਆਂ 78 ਸੀਟਾਂ ’ਤੇ ਅਸਰ ਪਾਉਂਦਾ ਹੈ। ਇਹੀ ਕਾਰਨ ਹੈ ਕਿ ਭਾਜਪਾ ਨੂੰ ਹੁਣ ਦੂਜੀਆਂ ਪਾਰਟੀਆਂ 'ਚ ਬੈਠੇ ਸਿੱਖ ਨੇਤਾਵਾਂ ਦੀ ਯਾਦ ਆ ਰਹੀ ਹੈ। ਬੇਸ਼ੱਕ ਪਾਰਟੀ ਨੇ ਸਿੱਖ ਨੇਤਾਵਾਂ 'ਚੋਂ ਬਹੁਤ ਘੱਟ ਦੀ ਗੱਲ ਪੁੱਛੀ ਹੈ। ਪਾਰਟੀ ਦੀ ਬੇਰੁਖੀ ਕਾਰਨ ਕਿੰਨੇ ਸਿੱਖ ਚਿਹਰੇ ਜਾਂ ਤਾਂ ਘਰ ਬੈਠ ਗਏ ਜਾਂ ਫਿਰ ਸਿਆਸਤ ਤੋਂ ਦੂਰ ਹੋ ਗਏ।

ਇਹ ਵੀ ਪੜ੍ਹੋ : ਪੰਜਾਬ 'ਚ CM ਚਿਹਰਾ ਹੋ ਸਕਦੇ ਨੇ 'ਚਰਨਜੀਤ ਸਿੰਘ ਚੰਨੀ', ਕਾਂਗਰਸ ਨੇ ਜਾਰੀ ਕੀਤੀ ਵੀਡੀਓ

ਆਪਣੇ ਪਿੱਛੇ, ਬੇਗਾਨੇ ਅੱਗੇ

ਪੰਜਾਬ ’ਚ ਭਾਜਪਾ ਵਿੱਚ ਸ਼ਾਮਲ ਹੋਏ ਸਿੱਖ ਚਿਹਰਿਆਂ ਨੂੰ ਇਨ੍ਹੀਂ ਦਿਨੀਂ ਪੰਜਾਬ ਭਾਜਪਾ ਦੇ ਦਫ਼ਤਰ ਤੋਂ ਲੈ ਕੇ ਚੋਣ ਕੈਂਪ ਤੱਕ 'ਚ ਪੂਰੀ ਤਰ੍ਹਾਂ ਐਕਟਿਵ ਵੇਖਿਆ ਜਾ ਰਿਹਾ ਹੈ। ਪਾਰਟੀ ਦੇ ਕਈ ਨੇਤਾ ਮੰਚ ’ਤੇ ਇਨ੍ਹਾਂ ਚਿਹਰਿਆਂ ਨੂੰ ਤਾਂ ਅੱਗੇ ਕਰ ਹੀ ਰਹੇ ਹਨ, ਨਾਲ ਹੀ ਪਾਰਟੀ ਵਿੱਚ ਸਲਾਹ-ਮਸ਼ਵਰਾ ਵੀ ਉਨ੍ਹਾਂ ਦੇ ਨਾਲ ਕੀਤਾ ਜਾ ਰਿਹਾ ਹੈ, ਜਦੋਂਕਿ ਸਾਲਾਂ ਤੋਂ ਪਾਰਟੀ ਦਾ ਝੰਡਾ ਚੁੱਕ ਕੇ ਪਿੰਡਾਂ ਤੱਕ ਪਾਰਟੀ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਨ ਵਾਲੇ ਪਾਰਟੀ ਦੇ ਆਪਣੇ ਸਿੱਖ ਚਿਹਰੇ ਇਸ ਵੇਲੇ ਗਾਇਬ ਹੋ ਰਹੇ ਹਨ।

ਭਾਜਪਾ ’ਚ ਹੁਣੇ ਜਿਹੇ ਸ਼ਾਮਲ ਹੋਏ ਪ੍ਰਮੁੱਖ ਸਿੱਖ ਚਿਹਰੇ

ਫਤਿਹਜੰਗ ਬਾਜਵਾ, ਰਾਣਾ ਸੋਢੀ, ਮਨਜਿੰਦਰ ਸਿੰਘ ਸਿਰਸਾ, ਸਾਬਕਾ ਡੀ. ਜੀ. ਪੀ. ਐੱਸ. ਐੱਸ. ਵਿਰਕ, ਸਰਬਜੀਤ ਮੱਕੜ, ਅਵਤਾਰ ਸਿੰਘ ਜ਼ੀਰਾ।

ਪੰਜਾਬ ’ਚ ਸਿੱਖ ਵੋਟ ਬੈਂਕ ਦਾ ਸਮੀਕਰਨ

ਕੁਲ ਵੋਟਾਂ 'ਚੋਂ ਸਿੱਖ ਵੋਟ 55 ਫ਼ੀਸਦ

ਜਾਟ ਸਿੱਖ ਵੋਟ 20 ਫ਼ੀਸਦ

ਮਜ਼੍ਹਬੀ/ਰਵਿਦਾਸੀਆ ਸਿੱਖ 23 ਫ਼ੀਸਦ

ਅਰੋੜਾ ਸਿੱਖ ਵੋਟ 12 ਫ਼ੀਸਦ

ਸੀਟਾਂ ’ਤੇ ਅਸਰ

ਕੁਲ ਸੀਟਾਂ 117

ਸਿੱਖ ਪ੍ਰਭਾਵਿਤ ਸੀਟਾਂ 78

ਅਨੁਸੂਚਿਤ ਸਿੱਖ ਪ੍ਰਭਾਵਿਤ 34

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 

Harnek Seechewal

This news is Content Editor Harnek Seechewal