ਪੰਜਾਬ ਕਾਂਗਰਸ ਦੀ ਲੀਡਰਸ਼ਿਪ ਬਦਲਣ ਦੀਆਂ ਚਰਚਾਵਾਂ ''ਤੇ ਮਨੀਸ਼ ਤਿਵਾੜੀ ਨੇ ਜਤਾਈ ਨਾਰਾਜ਼ਗੀ

Tuesday, Jun 23, 2026 - 05:30 PM (IST)

ਪੰਜਾਬ ਕਾਂਗਰਸ ਦੀ ਲੀਡਰਸ਼ਿਪ ਬਦਲਣ ਦੀਆਂ ਚਰਚਾਵਾਂ ''ਤੇ ਮਨੀਸ਼ ਤਿਵਾੜੀ ਨੇ ਜਤਾਈ ਨਾਰਾਜ਼ਗੀ

ਚੰਡੀਗੜ੍ਹ (ਅੰਕੁਰ ਤਾਂਗੜੀ): ਪੰਜਾਬ ਕਾਂਗਰਸ ਵਿਚ ਚੱਲ ਰਹੀਆਂ ਸੰਗਠਨਾਤਮਕ ਤਬਦੀਲੀਆਂ ਅਤੇ ਲੀਡਰਸ਼ਿਪ ਬਦਲਾਅ ਦੀਆਂ ਚਰਚਾਵਾਂ ਵਿਚਾਲੇ ਚੰਡੀਗੜ੍ਹ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਆਪਣੀ ਨਾਰਾਜ਼ਗੀ ਖੁੱਲ੍ਹ ਕੇ ਜ਼ਾਹਰ ਕੀਤੀ ਹੈ। ਮਨੀਸ਼ ਤਿਵਾੜੀ ਦਾ ਕਹਿਣਾ ਹੈ ਕਿ ਪੰਜਾਬ ਕਾਂਗਰਸ ਦੇ ਢਾਂਚੇ ਵਿਚ ਸੰਭਾਵਿਤ ਬਦਲਾਵਾਂ ਸਬੰਧੀ ਦਿੱਲੀ ਵਿਚ ਹੋਈਆਂ ਮੀਟਿੰਗਾਂ ਦੌਰਾਨ ਉਨ੍ਹਾਂ ਨੂੰ ਨਾ ਤਾਂ ਸੱਦਾ ਦਿੱਤਾ ਗਿਆ ਅਤੇ ਨਾ ਹੀ ਉਨ੍ਹਾਂ ਦੀ ਰਾਏ ਲਈ ਗਈ।

ਮਨੀਸ਼ ਤਿਵਾੜੀ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਭਵਿੱਖ ਅਤੇ ਸੰਗਠਨਾਤਮਕ ਢਾਂਚੇ ਬਾਰੇ ਵਿਚਾਰ-ਵਟਾਂਦਰੇ ਲਈ ਲਗਭਗ 60 ਆਗੂਆਂ ਨਾਲ ਸਲਾਹ-ਮਸ਼ਵਰਾ ਕੀਤਾ ਗਿਆ, ਪਰ ਉਨ੍ਹਾਂ ਨੂੰ ਇਸ ਪੂਰੀ ਪ੍ਰਕਿਰਿਆ ਤੋਂ ਬਾਹਰ ਰੱਖਿਆ ਗਿਆ। ਇਸ ਗੱਲ ਨੂੰ ਲੈ ਕੇ ਉਨ੍ਹਾਂ ਨੇ ਨਾਰਾਜ਼ਗੀ ਵੀ ਜਤਾਈ ਅਤੇ ਪਾਰਟੀ ਹਾਈਕਮਾਨ ਨੂੰ ਨਸੀਹਤ ਵੀ ਦਿੱਤੀ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਕਿਸੇ ਸੂਬੇ ਵਿਚ ਸੰਗਠਨਾਤਮਕ ਬਦਲਾਵ ਕਰਨੇ ਹੋਣ ਤਾਂ ਇਹ ਚੋਣਾਂ ਤੋਂ ਘੱਟੋ-ਘੱਟ 24 ਮਹੀਨੇ ਪਹਿਲਾਂ ਕੀਤੇ ਜਾਣੇ ਚਾਹੀਦੇ ਹਨ, ਤਾਂ ਜੋ ਨਵੀਂ ਟੀਮ ਨੂੰ ਕੰਮ ਕਰਨ ਲਈ ਪੂਰਾ ਸਮਾਂ ਮਿਲ ਸਕੇ। ਤਿਵਾੜੀ ਦੇ ਅਨੁਸਾਰ ਮੌਜੂਦਾ ਸਮੇਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕੇਵਲ ਕੁਝ ਮਹੀਨੇ ਹੀ ਬਾਕੀ ਹਨ ਅਤੇ ਅਜਿਹੇ ਵੇਲੇ ਵੱਡੀਆਂ ਤਬਦੀਲੀਆਂ ਕਰਨਾ ਪਾਰਟੀ ਲਈ ਲਾਭਕਾਰੀ ਨਹੀਂ ਹੋਵੇਗਾ। ਉਨ੍ਹਾਂ ਨੇ ਇਸ਼ਾਰਾ ਕੀਤਾ ਕਿ ਜੇ ਕਾਂਗਰਸ ਨੂੰ ਸੰਗਠਨ ਵਿਚ ਕੋਈ ਸੁਧਾਰ ਜਾਂ ਪੁਨਰਗਠਨ ਕਰਨਾ ਸੀ ਤਾਂ ਇਹ ਕਦਮ ਕਾਫੀ ਪਹਿਲਾਂ ਚੁੱਕਿਆ ਜਾਣਾ ਚਾਹੀਦਾ ਸੀ। ਹੁਣ ਚੋਣਾਂ ਦੇ ਨੇੜੇ ਆ ਕੇ ਕੀਤੇ ਜਾਣ ਵਾਲੇ ਬਦਲਾਵਾਂ ਨਾਲ ਨਵੀਂ ਟੀਮ ਨੂੰ ਆਪਣੇ ਆਪ ਨੂੰ ਸਥਾਪਿਤ ਕਰਨ ਅਤੇ ਕਾਰਜਕੁਸ਼ਲਤਾ ਦਿਖਾਉਣ ਲਈ ਲੋੜੀਂਦਾ ਸਮਾਂ ਨਹੀਂ ਮਿਲੇਗਾ।

ਤਿਵਾੜੀ ਦੀ ਇਸ ਟਿੱਪਣੀ ਨੂੰ ਪੰਜਾਬ ਕਾਂਗਰਸ ਅੰਦਰ ਚੱਲ ਰਹੇ ਮੰਥਨ ਅਤੇ ਸੰਭਾਵਿਤ ਬਦਲਾਵਾਂ ਦੇ ਸੰਦਰਭ ਵਿਚ ਅਹਿਮ ਮੰਨਿਆ ਜਾ ਰਿਹਾ ਹੈ। ਸਿਆਸੀ ਹਲਕਿਆਂ ਵਿਚ ਇਸ ਗੱਲ ਦੀ ਵੀ ਚਰਚਾ ਹੈ ਕਿ ਪਾਰਟੀ ਦੇ ਸੀਨੀਅਰ ਆਗੂ ਵੱਲੋਂ ਜਨਤਕ ਤੌਰ 'ਤੇ ਨਾਰਾਜ਼ਗੀ ਜ਼ਾਹਰ ਕਰਨਾ ਕਾਂਗਰਸ ਦੀ ਅੰਦਰੂਨੀ ਏਕਤਾ ਬਾਰੇ ਸਵਾਲ ਖੜ੍ਹੇ ਕਰ ਸਕਦਾ ਹੈ। ਫਿਲਹਾਲ ਪੰਜਾਬ ਕਾਂਗਰਸ ਵਿਚ ਸੰਗਠਨਾਤਮਕ ਬਦਲਾਵਾਂ ਨੂੰ ਲੈ ਕੇ ਮੰਥਨ ਜਾਰੀ ਹੈ, ਪਰ ਮਨੀਸ਼ ਤਿਵਾੜੀ ਦੇ ਬਿਆਨ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਪਾਰਟੀ ਦੇ ਕੁਝ ਸੀਨੀਅਰ ਆਗੂ ਫੈਸਲਾ ਲੈਣ ਦੀ ਪ੍ਰਕਿਰਿਆ ਵਿਚ ਆਪਣੇ ਆਪ ਨੂੰ ਨਜ਼ਰਅੰਦਾਜ਼ ਮਹਿਸੂਸ ਕਰ ਰਹੇ ਹਨ। ਇਸ ਨਾਲ ਆਉਣ ਵਾਲੇ ਸਮੇਂ ਵਿਚ ਪੰਜਾਬ ਕਾਂਗਰਸ ਦੀ ਅੰਦਰੂਨੀ ਸਿਆਸਤ ਹੋਰ ਗਰਮ ਹੋਣ ਦੀ ਸੰਭਾਵਨਾ ਹੈ।


author

Anmol Tagra

Content Editor

Related News