32 ਬੋਰ ਪਿਸਤੌਲ, ਮੈਗਜ਼ੀਨ ਤੇ ਜ਼ਿੰਦਾ ਰੌਂਦ ਸਮੇਤ ਇਕ ਗ੍ਰਿਫ਼ਤਾਰ, ਮਾਮਲਾ ਦਰਜ
Tuesday, Aug 11, 2026 - 02:54 PM (IST)
ਫਿਰੋਜ਼ਪੁਰ (ਪਰਮਜੀਤ ਸੋਢੀ) : ਜ਼ਿਲ੍ਹਾ ਫ਼ਿਰੋਜ਼ਪੁਰ ਪੁਲਸ ਵੱਲੋਂ ਮਾੜੇ ਅਨਸਰਾਂ ਅਤੇ ਗੈਰ-ਕਾਨੂੰਨੀ ਹਥਿਆਰ ਰੱਖਣ ਵਾਲਿਆਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਚੈਕਿੰਗ ਮੁਹਿੰਮ ਤਹਿਤ ਥਾਣਾ ਮੱਲਾਂਵਾਲਾ ਦੀ ਪੁਲਸ ਇਕ ਵਿਅਕਤੀ ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੱਲਾਂਵਾਲਾ ਦੇ ਸਹਾਇਕ ਥਾਣੇਦਾਰ ਦਰਸ਼ਨ ਲਾਲ ਨੇ ਦੱਸਿਆ ਕਿ ਉਹ ਪੁਲਸ ਸਾਥੀਆਂ ਸਮੇਤ ਇਲਾਕੇ ਵਿਚ ਗਸ਼ਤ ’ਤੇ ਜਾ ਰਹੇ ਸਨ।
ਜਦੋਂ ਪੁਲਸ ਪਾਰਟੀ ਦਾਣਾ ਮੰਡੀ ਮੱਲਾਂਵਾਲਾ ਕੋਲ ਪੁੱਜੀ, ਤਾਂ ਉੱਥੇ ਮੌਜੂਦ ਸ਼ੱਕੀ ਵਿਅਕਤੀ ਨੂੰ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਕਾਬੂ ਕੀਤਾ ਗਿਆ। ਫੜ੍ਹੇ ਗਏ ਦੋਸ਼ੀ ਦੀ ਪਛਾਣ ਸਤਪਾਲ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਮੱਲਾਂਵਾਲਾ, ਵਾਰਡ ਨੰਬਰ 3 ਵਜੋਂ ਹੋਈ ਹੈ। ਤਲਾਸ਼ੀ ਦੌਰਾਨ ਦੋਸ਼ੀ ਦੇ ਕਬਜ਼ੇ ਵਿੱਚੋਂ 1 ਪਿਸਤੌਲ 32 ਬੋਰ, 1 ਮੈਗਜ਼ੀਨ ਅਤੇ 1 ਜ਼ਿੰਦਾ ਰੌਂਦ ਬਰਾਮਦ ਕੀਤਾ ਗਿਆ। ਜਾਂਚ ਕਰਤਾ ਦਰਸ਼ਨ ਲਾਲ ਨੇ ਦੱਸਿਆ ਕਿ ਪੁਲਸ ਨੇ ਉਕਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
