ਨਸ਼ਾ ਤਸਕਰੀ ਦੇ ਮਾਮਲੇ ''ਚ ਗ੍ਰਿਫ਼ਤਾਰ ਮੁਲਜ਼ਮ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ
Thursday, Aug 20, 2026 - 07:50 PM (IST)
ਲੁਧਿਆਣਾ (ਅਨਿਲ): ਥਾਣਾ ਲਾਡੋਵਾਲ ਦੇ ਅਧੀਨ ਆਉਂਦੀ ਹੰਬੜਾਂ ਪੁਲਸ ਚੌਕੀ ਵਿਚ ਬੀਤੀ ਰਾਤ ਨਸ਼ਾ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਵੱਲੋਂ ਹਵਾਲਾਤ ਵਿਚ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਸੁਖਵਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਚੌਕੀ ਇੰਚਾਰਜ ਪ੍ਰਿਤਪਾਲ ਸਿੰਘ ਨੇ ਦੋ ਦਿਨ ਪਹਿਲਾਂ 10 ਗ੍ਰਾਮ ਹੈਰੋਇਨ ਦੇ ਨਾਲ ਪਿੰਡ ਖਹਿਰਾ ਬੇਟ ਦੇ ਰਹਿਣ ਵਾਲੇ ਬਲਵੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ।
ਪੁਲਸ ਵੱਲੋਂ ਉਸ ਨੂੰ ਥਾਣਾ ਲਾਡੋਵਾਲ ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰਕੇ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲਿਆ ਗਿਆ ਸੀ, ਤਾਂ ਜੋ ਮੁਲਜ਼ਮ ਤੋਂ ਅੱਗੇ ਦੀ ਪੁੱਛਗਿੱਛ ਕੀਤੀ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਬੀਤੀ ਰਾਤ ਮੁਲਜ਼ਮ ਬਲਵੀਰ ਸਿੰਘ ਨੇ ਹਵਾਲਾਤ ਵਿਚ ਫ਼ਾਹਾ ਲੈ ਲਿਆ। ਥਾਣਾ ਮੁਖੀ ਨੇ ਦੱਸਿਆ ਕਿ ਫ਼ਿਲਹਾਲ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਗਿਆ ਹੈ ਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
