ਲੁਧਿਆਣਾ ''ਚ F&CC ਮੈਂਬਰਾਂ ਦੀ ਚੋਣ ਨੂੰ ਲੈ ਕੇ ਹੰਗਾਮਾ! ਮੀਟਿੰਗ ਦੌਰਾਨ ਹੱਥੋਪਾਈ ਹੋਏ ਕੌਂਸਲਰ

Tuesday, Aug 25, 2026 - 01:45 PM (IST)

ਲੁਧਿਆਣਾ ''ਚ F&CC ਮੈਂਬਰਾਂ ਦੀ ਚੋਣ ਨੂੰ ਲੈ ਕੇ ਹੰਗਾਮਾ! ਮੀਟਿੰਗ ਦੌਰਾਨ ਹੱਥੋਪਾਈ ਹੋਏ ਕੌਂਸਲਰ

ਲੁਧਿਆਣਾ (ਹਿਤੇਸ਼): ਲੁਧਿਆਣਾ ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ (F&CC) ਦੇ ਦੋ ਨਵੇਂ ਮੈਂਬਰਾਂ ਦੀ ਚੋਣ ਨੂੰ ਲੈ ਕੇ ਗੁਰੂ ਨਾਨਕ ਦੇਵ ਭਵਨ ਵਿਖੇ ਆਯੋਜਿਤ ਜਨਰਲ ਹਾਊਸ ਦੀ ਵਿਸ਼ੇਸ਼ ਬੈਠਕ ਵਿਚ ਜ਼ਬਰਦਸਤ ਹੰਗਾਮਾ ਅਤੇ ਧੱਕਾ-ਮੁੱਕੀ ਹੋਈ। ਮੇਅਰ ਇੰਦਰਜੀਤ ਕੌਰ ਦੀ ਅਗਵਾਈ ਹੇਠ ਸ਼ੁਰੂ ਹੋਈ ਇਸ ਬੈਠਕ ਵਿਚ ਮਾਹੌਲ ਉਸ ਵੇਲੇ ਬੇਹੱਦ ਤਣਾਅਪੂਰਨ ਹੋ ਗਿਆ, ਜਦੋਂ ਆਮ ਆਦਮੀ ਪਾਰਟੀ ਦੇ ਕੌਂਸਲਰ ਅਸ਼ਵਨੀ ਸ਼ਰਮਾ ਅਤੇ ਭਾਰਤੀ ਜਨਤਾ ਪਾਰਟੀ ਦੇ ਕੌਂਸਲਰ ਗੌਰਵਜੀਤ ਸਿੰਘ ਗੋਰਾ ਵਿਚਕਾਰ ਤਿੱਖੀ ਬਹਿਸਬਾਜ਼ੀ ਤੋਂ ਬਾਅਦ ਸਿੱਧੀ ਹੱਥੋਪਾਈ ਸ਼ੁਰੂ ਹੋ ਗਈ। ਸਦਨ ਵਿਚ ਮੌਜੂਦ ਹੋਰਨਾਂ ਕੌਂਸਲਰਾਂ ਅਤੇ ਸੁਰੱਖਿਆ ਵਿਚ ਤਾਇਨਾਤ ਪੁਲਸ ਮੁਲਾਜ਼ਮਾਂ ਨੇ ਤੁਰੰਤ ਬਚਾਅ ਕਰਕੇ ਦੋਵਾਂ ਨੂੰ ਵੱਖ ਕੀਤਾ। ਇਸ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਨੂੰ 15 ਮਿੰਟ ਲਈ ਮੁਲਤਵੀ ਕਰਨਾ ਪਿਆ।

ਜਾਣਕਾਰੀ ਮੁਤਾਬਕ, F&CC ਮੈਂਬਰਾਂ ਦੀ ਚੋਣ ਦੀ ਤਰੀਕ ਅਤੇ ਪ੍ਰਕਿਰਿਆ ਨੂੰ ਲੈ ਕੇ ਭਾਜਪਾ ਕੌਂਸਲਰਾਂ ਦੀ 'ਆਪ' ਵਿਧਾਇਕ ਦਲਜੀਤ ਸਿੰਘ ਗਰੇਵਾਲ (ਭੋਲਾ) ਨਾਲ ਤਿੱਖੀ ਬਹਿਸ ਹੋ ਰਹੀ ਸੀ। ਵਿਧਾਇਕ ਨਾਲ ਹੋ ਰਹੀ ਬਹਿਸ ਦੇਖ ਕੇ ਉਨ੍ਹਾਂ ਦੇ ਸਾਬਕਾ ਪੀ.ਏ. ਅਤੇ ਮੌਜੂਦਾ 'ਆਪ' ਕੌਂਸਲਰ ਅਸ਼ਵਨੀ ਸ਼ਰਮਾ ਗੁੱਸੇ ਵਿਚ ਆ ਗਏ ਅਤੇ ਭਾਜਪਾ ਕੌਂਸਲਰ ਗੌਰਵਜੀਤ ਗੋਰਾ ਨਾਲ ਉਲਝ ਪਏ, ਜਿਸ ਕਾਰਨ ਦੋਵਾਂ ਵਿਚਾਲੇ ਧੱਕਾ-ਮੁੱਕੀ ਅਤੇ ਹੱਥੋਪਾਈ ਹੋਈ ਅਤੇ ਸਦਨ ਵਿਚ ਅਫਰਾ-ਤਫਰੀ ਦਾ ਮਾਹੌਲ ਬਣ ਗਿਆ।

ਸਦਨ ਵਿਚ ਚੋਣ ਕਰਵਾਉਣ ਦੇ ਤਰੀਕੇ ਨੂੰ ਲੈ ਕੇ ਸੱਤਾਧਿਰ ਅਤੇ ਵਿਰੋਧੀ ਧਿਰ ਆਹਮੋ-ਸਾਹਮਣੇ ਆ ਗਏ। ਭਾਜਪਾ ਅਤੇ ਕਾਂਗਰਸ ਦੇ ਕੌਂਸਲਰਾਂ ਨੇ ਮੰਗ ਕੀਤੀ ਕਿ ਚੋਣ ਅਤੇ ਵੋਟਿੰਗ ਦੀ ਪ੍ਰਕਿਰਿਆ ਅੱਜ ਹੀ ਪੂਰੀ ਕਰਵਾਈ ਜਾਵੇ। ਵਿਰੋਧੀ ਧਿਰ ਦਾ ਸਿੱਧਾ ਦੋਸ਼ ਸੀ ਕਿ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਅੱਜ ਮੌਜੂਦ ਨਹੀਂ ਹਨ, ਇਸ ਲਈ ਜਾਣਬੁੱਝ ਕੇ ਚੋਣ ਟਾਲਣ ਦੇ ਬਹਾਨੇ ਬਣਾਏ ਜਾ ਰਹੇ ਹਨ। ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰਨ ਵਾਲੇ ਕਾਂਗਰਸੀ ਕੌਂਸਲਰ ਗੌਰਵ ਭੱਟੀ ਨੇ ਕਿਹਾ ਕਿ ਅਦਾਲਤ ਨੇ 25 ਅਗਸਤ ਨੂੰ F&CC ਮੈਂਬਰਾਂ ਦੀ ਚੋਣ ਮੁਕੰਮਲ ਕਰਨ ਦੇ ਹੁਕਮ ਦਿੱਤੇ ਹਨ, ਨਾ ਕਿ ਸਿਰਫ ਚੋਣ ਪ੍ਰਕਿਰਿਆ ਸ਼ੁਰੂ ਕਰਨ ਦੇ। ਭਾਜਪਾ ਕੌਂਸਲਰਾਂ ਨੇ ਮੰਗ ਕੀਤੀ ਕਿ ਕਿਸੇ ਬੈਲਟ ਪੇਪਰ ਦੀ ਬਜਾਏ ਤੁਰੰਤ ਹੱਥ ਖੜ੍ਹੇ ਕਰਵਾ ਕੇ ਵੋਟਿੰਗ ਕਰਵਾਈ ਜਾਵੇ।

ਵਿਰੋਧੀ ਧਿਰ ਦੇ ਹੰਗਾਮੇ ਦਰਮਿਆਨ ਨਿਗਮ ਪ੍ਰਸ਼ਾਸਨ ਅਤੇ ਮੇਅਰ ਨੇ ਨਿਯਮਾਂ ਦਾ ਹਵਾਲਾ ਦੇ ਕੇ ਸਥਿਤੀ ਸਪੱਸ਼ਟ ਕੀਤੀ। ਨਿਗਮ ਸਕੱਤਰ ਵਿਵੇਕ ਵਰਮਾ ਨੇ ਦੱਸਿਆ ਕਿ ਨਿਯਮਾਂ ਮੁਤਾਬਕ ਨਾਮਜ਼ਦਗੀ ਫਾਰਮ ਸ਼ਾਮ 5 ਵਜੇ ਤੱਕ ਲਏ ਜਾ ਸਕਦੇ ਹਨ ਅਤੇ ਤੈਅ ਨਿਯਮ ਅਨੁਸਾਰ 3 ਦਿਨਾਂ ਬਾਅਦ ਹੀ ਵੋਟਿੰਗ ਦੀ ਪ੍ਰਕਿਰਿਆ ਹੋ ਸਕਦੀ ਹੈ। ਮੇਅਰ ਇੰਦਰਜੀਤ ਕੌਰ ਨੇ ਐਲਾਨ ਕੀਤਾ ਕਿ ਚੋਣਾਂ 29 ਅਗਸਤ ਨੂੰ ਕਰਵਾਈਆਂ ਜਾਣਗੀਆਂ ਅਤੇ ਇਹ ਵੋਟਿੰਗ ਬੈਲਟ ਪੇਪਰ ਰਾਹੀਂ ਹੋਵੇਗੀ। ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਨੇ ਦੱਸਿਆ ਕਿ ਨਿਯਮਾਂ ਅਨੁਸਾਰ ਮੇਅਰ ਹੀ ਇਸ ਚੋਣ ਲਈ ਅਧਿਕਾਰਤ 'ਚੋਣ ਅਧਿਕਾਰੀ' ਹਨ। ਇਸ ਹੰਗਾਮੇ ਦਰਮਿਆਨ ਮੇਅਰ ਨੇ ਸਦਨ ਦੀ ਕਾਰਵਾਈ 15 ਮਿੰਟ ਲਈ ਮੁਲਤਵੀ ਕਰ ਦਿੱਤੀ, ਜਿਸ ਤੋਂ ਬਾਅਦ ਵੀ ਦੋਵਾਂ ਧਿਰਾਂ ਵਿਚਾਲੇ ਸਿਆਸੀ ਬਿਆਨਬਾਜ਼ੀ ਦਾ ਸਿਲਸਿਲਾ ਜਾਰੀ ਰਿਹਾ।


author

Anmol Tagra

Content Editor

Related News