ਟਰੈਫਿਕ ਪੁਲਸ ਦੇ ਮੁਨਸ਼ੀ ਦੀ ਮਨਮਰਜ਼ੀ ਕਾਰਨ ਸ਼ਹਿਰ ’ਚ ਲੱਗਦਾ ਹੈ ਲੰਮਾ ਜਾਮ, ਸੈਟਿੰਗ ਨਾਲ ਸ਼ਹਿਰ ਦੇ ਮੁੱਖ ਨਾਕਿਆਂ ’ਤੇ ਹੁੰਦੇ ਨੇ ਤਾਇਨਾਤ ਮੁਲਾਜ਼ਮ

Wednesday, Nov 30, 2022 - 06:17 PM (IST)

ਟਰੈਫਿਕ ਪੁਲਸ ਦੇ ਮੁਨਸ਼ੀ ਦੀ ਮਨਮਰਜ਼ੀ ਕਾਰਨ ਸ਼ਹਿਰ ’ਚ ਲੱਗਦਾ ਹੈ ਲੰਮਾ ਜਾਮ, ਸੈਟਿੰਗ ਨਾਲ ਸ਼ਹਿਰ ਦੇ ਮੁੱਖ ਨਾਕਿਆਂ ’ਤੇ ਹੁੰਦੇ ਨੇ ਤਾਇਨਾਤ ਮੁਲਾਜ਼ਮ

ਜਲੰਧਰ (ਜਸਪ੍ਰੀਤ)– ਸ਼ਹਿਰ ਵਿਚ ਟਰੈਫਿਕ ਜਾਮ ਭਿਆਨਕ ਰੂਪ ਲੈਂਦਾ ਜਾ ਰਿਹਾ ਹੈ। ਹਰ ਰੋਜ਼ ਸ਼ਹਿਰ ਵਿਚ ਲੱਗ ਰਹੇ ਇਸ ਜਾਮ ਨਾਲ ਸ਼ਹਿਰ ਵਾਸੀ ਕਾਫੀ ਪ੍ਰੇਸ਼ਾਨ ਦਿਸ ਰਹੇ ਹਨ, ਜਿਸ ਕਾਰਨ ਰੋਜ਼ਾਨਾ ਸ਼ਹਿਰ ਵਾਸੀ ਟਰੈਫਿਕ ਮੁਲਾਜ਼ਮਾਂ ਨੂੰ ਕੋਸਦੇ ਦਿਖਾਈ ਦਿੰਦੇ ਹਨ। ਟਰੈਫਿਕ ਮੁਲਾਜ਼ਮਾਂ ਦੀ ਆਏ ਦਿਨ ਢਿੱਲੀ ਕਾਰਗੁਜ਼ਾਰੀ ’ਤੇ ਸਵਾਲ ਤਾਂ ਖੜ੍ਹੇ ਹੋ ਹੀ ਰਹੇ ਹਨ ਪਰ ਇਸ ਵਿਚ ਦਿਲਚਸਪ ਗੱਲ ਇਹ ਹੈ ਕਿ ਇਸ ਢਿੱਲੀ ਕਾਰਗੁਜ਼ਾਰੀ ਦੇ ਪਿੱਛੇ ਸਟਾਫ ਦਾ ਹੀ ਇਕ ਚਹੇਤਾ ਹੈ। ਦੱਸਿਆ ਜਾ ਿਰਹਾ ਹੈ ਕਿ ਸ਼ਹਿਰ ਵਿਚ ਜਾਮ ਲੱਗਣ ਦਾ ਮੁੱਖ ਕਾਰਨ ਕੇਅਰਟੇਕਰ (ਮੁਨਸ਼ੀ) ਦੀ ਪੋਸਟ ਹੈ। ਇਸਦਾ ਆਖਿਰ ਕੰਮ ਕੀ ਹੈ? ਤੁਹਾਨੂੰ ਦੱਸ ਦੇਈਏ ਕਿ ਇਹ ਪੋਸਟ ਟਰੈਫਿਕ ਥਾਣੇ ਦੇ ਅੰਦਰ (ਐੱਮ. ਐੱਚ. ਸੀ.) ਦੀ ਹੈ, ਜੋ ਸਭ ਤੋਂ ਪਾਵਰਫੁੱਲ ਪੋਸਟ ਹੈ। ਕੁਰਸੀ ’ਤੇ ਬੈਠਾ ਕੇਅਰਟੇਕਰ ਨਿਰਧਾਰਿਤ ਕਰਦਾ ਹੈ ਕਿ ਸ਼ਹਿਰ ਵਿਚ ਕਿਸ-ਕਿਸ ਥਾਂ ’ਤੇ ਟਰੈਫਿਕ ਪੁਲਸ ਵੱਲੋਂ ਨਾਕਾ ਲਗਾਇਆ ਜਾਵੇਗਾ ਅਤੇ ਕਿਸ ਦੇ ਨਾਲ ਕਿਹੜਾ ਮੁਲਾਜ਼ਮ ਨਾਕੇ ’ਤੇ ਤਾਇਨਾਤ ਰਹੇਗਾ। ਸੂਤਰ ਦੱਸਦੇ ਹਨ ਕਿ ਇਸ ਸਾਹਿਬ ਦੀ ਕੁਰਸੀ ਟਰੈਫਿਕ ਆਫਿਸ ਦੇ ਅੰਦਰ ਹੈ ਅਤੇ ਇਥੋਂ ਸ਼ਹਿਰ ਦੇ ਸਾਰੇ ਟਰੈਫਿਕ ਨਾਕਿਆਂ ’ਤੇ ਆਪਣੀ ਕੁਰਸੀ ਤੋਂ ਹੀ ਨਜ਼ਰ ਬਣਾਈ ਰੱਖਦੇ ਹਨ।

ਹਰ ਰੋਜ਼ ਲੱਗ ਰਹੇ ਜਾਮ ਤੋਂ ਜਲੰਧਰ ਵਾਸੀ ਪ੍ਰੇਸ਼ਾਨ

ਹਾਈਵੇਅ ’ਤੇ ਲੱਗਣ ਵਾਲੇ ਜਾਮ ਕਾਰਨ ਸ਼ਹਿਰ ਦੇ ਅੰਦਰੂਨੀ ਹਿੱਸਿਆਂ ’ਚ ਵੀ ਟਰੈਫਿਕ ਵਿਵਸਥਾ ਲੜਖੜਾ ਗਈ ਹੈ। ਇਸ ਕਾਰਨ ਅੰਦਰੂਨੀ ਸੜਕਾਂ ’ਤੇ ਵੀ ਵਾਹਨ ਫਸ ਕੇ ਰਹਿ ਜਾਂਦੇ ਹਨ। ਨਕੋਦਰ ਰੋਡ ਤੋਂ ਗੁਰੂ ਰਵਿਦਾਸ ਚੌਕ, ਮਿਲਕ ਬਾਰ ਚੌਕ ਤੋਂ ਮਾਡਲ ਟਾਊਨ ਰੋਡ, ਸ਼੍ਰੀ ਰਾਮ ਚੌਕ ਤੋਂ ਭਗਵਾਨ ਵਾਲਮੀਕਿ ਚੌਕ, ਸਿਵਲ ਹਸਪਤਾਲ, ਬਸਤੀ ਅੱਡਾ, ਉਥੇ ਹੀ ਦੂਜੇ ਪਾਸੇ ਕਪੂਰਥਲਾ ਚੌਕ ਤੋਂ ਵਰਕਸ਼ਾਪ ਚੌਕ, ਫਿਰ ਚਿਕਚਿਕ ਚੌਕ ਅਤੇ ਲਾਡੋਵਾਲੀ ਰੋਡ ਤੋਂ ਬੀ. ਐੱਸ. ਐੱਫ. ਚੌਕ, ਗੁਰੂ ਨਾਨਕਪੁਰਾ ਰੋਡ, ਰਾਮਾ ਮੰਡੀ ਤੋਂ ਢਿੱਲਵਾਂ ਚੌਕ ਤੱਕ ਤਾਂ ਟਰੈਫਿਕ ਜਾਮ ਹੁਣ ਆਮ ਹੀ ਲੱਗਣ ਲੱਗਾ। ਅੰਦਰੂਨੀ ਸੜਕਾਂ ’ਤੇ ਹਾਲ ਹੀ ਵਿਚ ਲਗਾਈਆਂ ਗਈਆਂ ਟਰੈਫਿਕ ਲਾਈਟਾਂ ਸ਼ਹਿਰ ਵਾਸੀਆਂ ਲਈ ਸਿਰਦਰਦ ਬਣ ਗਈਆਂ ਹਨ। ਜਿਨ੍ਹਾਂ ਅੰਦਰੂਨੀ ਸੜਕਾਂ ’ਤੇ ਟਰੈਫਿਕ ਆਮ ਤੌਰ ’ਤੇ ਹੌਲੀ ਚੱਲਦਾ ਹੈ, ਉਥੇ ਲਾਈਟਾਂ ਲਗਾ ਕੇ ਟਰੈਫਿਕ ਨੂੰ ਵੀ ਇਕ ਤਰ੍ਹਾਂ ਰੋਕ ਦਿੱਤਾ ਗਿਆ ਹੈ। ਪਹਿਲਾਂ ਹੌਲੀ ਰਫਤਾਰ ’ਤੇ ਵਾਹਨ ਨਿਕਲਦੇ ਰਹਿੰਦੇ ਸਨ ਅਤੇ ਫਸਦੇ ਨਹੀਂ ਸਨ।

ਇਹ ਵੀ ਪੜ੍ਹੋ : ਜਲੰਧਰ ਵਿਖੇ ਭਿਆਨਕ ਅੰਜਾਮ ਤੱਕ ਪੁੱਜੀ 'ਲਵ ਮੈਰਿਜ', ਪਤਨੀ ਦਾ ਕਤਲ ਕਰਨ ਮਗਰੋਂ ਖ਼ੁਦ ਵੀ ਗਲ਼ ਲਾਈ ਮੌਤ

ਚਹੇਤਿਆਂ ਨੂੰ ਚੁੱਪਚਾਪ ਵੰਡੇ ਟਰੈਫਿਕ ਜ਼ੋਨ

ਸ਼ਹਿਰ ਵਿਚ ਟਰੈਫਿਕ ਵਿਵਸਥਾ ਦੇ ਸੁਚਾਰੂ ਸੰਚਾਲਨ ਲਈ ਸਾਬਕਾ ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਸਾਰੇ ਟਰੈਫਿਕ ਜ਼ੋਨਾਂ ਅਤੇ ਟੈਂਗੋ ਨੂੰ ਖਤਮ ਕਰ ਦਿੱਤਾ ਸੀ ਅਤੇ ਇਕ ਆਈ. ਪੀ. ਐੱਸ. ਰੈਂਕ ਦੇ ਅਧਿਕਾਰੀ (ਡੀ. ਸੀ. ਪੀ.) ਲਗਾ ਕੇ ਸਾਰੇ ਨੈਕਸਸ ਨੂੰ ਖਤਮ ਕਰ ਦਿੱਤਾ ਸੀ ਅਤੇ ਟਰੈਫਿਕ ਪੁਲਸ ਦੇ ਇਤਿਹਾਸ ਵਿਚ ਪਹਿਲੀ ਵਾਰ ਸੀ ਕਿ ਕਿਸੇ ਵੀ ਚਹੇਤੇ ਨੂੰ ਇਕ ਹੀ ਚੌਕ ਜਾਂ ਜ਼ੋਨ ਨਹੀਂ ਮਿਲਦਾ ਸੀ। ਹਰ ਰੋਜ਼ ਰੋਟੇਸ਼ਨ ਤਹਿਤ ਸਾਰਿਆਂ ਦੀ ਡਿਊਟੀ ਲਗਾਈ ਜਾਂਦੀ ਸੀ ਪਰ ਸੂਤਰਾਂ ਦੀ ਮੰਨੀਏ ਤਾਂ ਅੰਦਰਖਾਤੇ ਸਭ ਐਡਜਸਟ ਕਰਨ ਦਾ ਫਿਰ ਤੋਂ ਗੋਰਖਧੰਦਾ ਸ਼ੁਰੂ ਕੀਤਾ ਗਿਆ ਹੈ। ਆਈ. ਪੀ. ਐੱਸ. ਅਧਿਕਾਰੀ ਨੂੰ ਕਰਾਸ ਕਰ ਕੇ ਇਸਦੇ ਉਲਟ ਫਿਰ ਤੋਂ ਚਹੇਤਿਆਂ ਨੂੰ ਆਪਣੀ ਮਨਪਸੰਦ ਥਾਂ ’ਤੇ ਐਡਜਸਟ ਕੀਤਾ ਜਾ ਰਿਹਾ ਹੈ, ਜਿਸ ਕਾਰਨ ਸ਼ਹਿਰ ਵਿਚ ਹਰ ਰੋਜ਼ ਭਾਰੀ ਜਾਮ ਲੱਗਾ ਰਹਿੰਦਾ ਹੈ।

ਨਾਕੇ ’ਤੇ ਨਹੀਂ ਦਿਸੇ ਮੁਲਾਜ਼ਮ ਤਾਂ ਪੁਲਸ ਕਮਿਸ਼ਨਰ ਨੇ ਕੀਤੇ 3 ਸਸਪੈਂਡ

ਪੁਲਸ ਕਮਿਸ਼ਨਰ ਡਾ. ਐੱਸ. ਭੂਪਤੀ ਸਰਪ੍ਰਾਈਜ਼ ਚੈਕਿੰਗ ਦੌਰਾਨ ਵੀਰਵਾਰ ਨੂੰ ਨਿਕਲੇ ਤਾਂ ਉਨ੍ਹਾਂ ਨੇ ਦੇਖਿਆ ਕਿ ਪਠਾਨਕੋਟ ਚੌਕ ਵਿਚ ਟਰੈਫਿਕ ਮੁਲਾਜ਼ਮ ਗੈਰ-ਹਾਜ਼ਰ ਸਨ, ਜਿਸ ਤੋਂ ਨਾਰਾਜ਼ ਹੋ ਕੇ ਉਨ੍ਹਾਂ ਸਖ਼ਤ ਕਾਰਵਾਈ ਕੀਤੀ। ਉਨ੍ਹਾਂ ਨੇ ਪਠਾਨਕੋਟ ਚੌਕ ਦੇ ਤਿੰਨਾਂ ਮੁਲਾਜ਼ਮਾਂ ਜਿਨ੍ਹਾਂ ਦੇ ਨਾਂ ਏ. ਐੱਸ. ਆਈ. ਜਗਰੂਪ ਸਿੰਘ, ਬਲਜਿੰਦਰ ਸਿੰਘ ਅਤੇ ਕੁਲਦੀਪ ਿਸੰਘ ਹਨ, ਨੂੰ ਸਸਪੈਂਡ ਕਰ ਕੇ ਪੁਲਸ ਲਾਈਨ ਵਿਚ ਭੇਜ ਦਿੱਤਾ। ਜ਼ੋਨ-1 ਦੇ ਇੰਚਾਰਜ ਤੋਂ ਲਿਖਤੀ ਰਿਪੋਰਟ ਕਰ ਕੇ ਸਪੱਸ਼ਟੀਕਰਨ ਮੰਗਿਆ ਗਿਆ ਹੈ ਅਤੇ ਪੁਲਸ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੰਦਿਆਂ ਕਿਹਾ ਗਿਆ ਕਿ ਅਜਿਹੀ ਗਲਤੀ ਕਿਸੇ ਵੀ ਮੁਲਾਜ਼ਮ ਵੱਲੋਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੇਕਰ ਅਜਿਹਾ ਕਰਦਾ ਕੋਈ ਪਾਇਆ ਗਿਆ ਤਾਂ ਉਸ ਮੁਲਾਜ਼ਮ ਅਤੇ ਅਧਿਕਾਰੀ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਸਰਹੱਦ ਪਾਰ: ਪਤਨੀ ਤੇ 3 ਧੀਆਂ ਦਾ ਕੀਤਾ ਬਰੇਹਿਮੀ ਨਾਲ ਕਤਲ, ਫਿਰ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

shivani attri

Content Editor

Related News