ਲੋਕ ਸਭਾ ਚੋਣਾਂ ''ਚ 5ਵੀਂ ਵਾਰ ਕਿਸਮਤ ਅਜ਼ਮਾਏੇਗੀ ਪ੍ਰਨੀਤ ਕੌਰ, ਜਾਣੋ ਪਿਛੋਕੜ
Wednesday, Apr 03, 2019 - 01:29 PM (IST)
ਪਟਿਆਲਾ - 19 ਮਈ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਸਬੰਧ 'ਚ ਕਾਂਗਰਸ ਵਲੋਂ ਲੋਕ ਸਭਾ ਹਲਕਾ ਪਟਿਆਲਾ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਪ੍ਰਨੀਤ ਕੌਰ ਦੇ ਨਾਂ 'ਤੇ ਮੋਹਰ ਲਗਾ ਦਿੱਤੀ ਗਈ ਹੈ। ਦੱਸ ਦੇਈਏ ਕਿ ਪ੍ਰਨੀਤ ਕੌਰ ਹੁਣ ਤੱਕ ਚਾਰ ਵਾਰ ਲੋਕ ਸਭਾ ਚੋਣਾਂ ਲੜ ਚੁੱਕੇ ਹਨ, ਜਿਨ੍ਹਾਂ 'ਚੋਂ ਉਨ੍ਹਾਂ ਨੇ ਤਿੰਨ ਵਾਰ ਜਿੱਤ ਹਾਸਲ ਕੀਤੀ ਹੈ। 1999 'ਚ ਪ੍ਰਨੀਤ ਕੌਰ ਨੇ ਪਹਿਲੀ ਵਾਰ ਲੋਕ ਸਭਾ ਚੋਣ ਲੜੀ ਸੀ ਅਤੇ ਜਿੱਤ ਹਾਸਲ ਕੀਤੀ। ਇਸ ਮੌਕੇ ਉਨ੍ਹਾਂ ਨੇ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੂੰ 78 ਹਜ਼ਾਰ 908 ਵੋਟਾਂ ਨਾਲ ਹਰਾਇਆ ਸੀ। 2004 'ਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਅਕਾਲੀ ਦਲ ਦੇ ਉਮੀਦਵਾਰ ਕੈਪਟਨ ਕੰਵਲਜੀਤ ਸਿੰਘ ਨੂੰ 23 ਹਜ਼ਾਰ 667 ਵੋਟਾਂ ਨਾਲ ਹਰਾਇਆ, ਜਦੋਂਕਿ 2009 'ਚ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ 97 ਹਜ਼ਾਰ 389 ਵੋਟਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ। ਪ੍ਰਨੀਤ ਕੌਰ ਵਲੋਂ 2009 'ਚ ਜਿੱਤ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਕੇਂਦਰੀ ਵਿਦੇਸ਼ ਰਾਜ ਮੰਤਰੀ ਦੇ ਅਹੁਦੇ ਨਾਲ ਨਵਾਜਿਆ ਗਿਆ ਅਤੇ ਉਹ ਇਸ ਅਹੁਦੇ 'ਤੇ 2014 ਤੱਕ ਤਾਇਨਾਤ ਰਹੇ।
ਪ੍ਰਨੀਤ ਕੌਰ ਨੂੰ ਸਾਲ 2014 ਦੀਆਂ ਲੋਕ ਸਭਾ ਚੋਣਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਪਹਿਲੀ ਵਾਰ ਪੰਜਾਬ ਦੀ ਸਿਆਸਤ 'ਚ ਪੈਰ ਧਰਨ ਵਾਲੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਧਰਮਵੀਰ ਗਾਂਧੀ ਨੇ ਜਿੱਤ ਹਾਸਲ ਕੀਤੀ ਸੀ। ਇਸ ਮੌਕੇ ਪ੍ਰਨੀਤ ਕੌਰ ਨੂੰ 3 ਲੱਖ 44 ਹਜ਼ਾਰ 729 ਵੋਟਾਂ, ਜਦੋਂਕਿ ਡਾ. ਗਾਂਧੀ ਨੇ 3 ਲੱਖ 65 ਹਜ਼ਾਰ 671 ਵੋਟਾਂ ਹਾਸਲ ਕੀਤੀਆਂ ਸਨ।
