ਕਾਊਂਟਰ ਇੰਟੈਲੀਜੈਂਸ ਦੀ ਵੱਡੀ ਕਾਰਵਾਈ, ਹਥਿਆਰਾਂ ਦੇ ਜ਼ਖੀਰੇ ਸਣੇ ਕਾਬੂ ਕੀਤੇ 2 ਨਾਮੀ ਸਪਲਾਇਰ
Thursday, Jul 15, 2021 - 12:54 AM (IST)
ਚੰਡੀਗੜ੍ਹ,ਅੰਮ੍ਰਿਤਸਰ(ਸੰਜੀਵ)- ਪੰਜਾਬ ਦੇ ਖੂਫ਼ੀਆ ਵਿਭਾਗ ਕਾਊਂਟਰ ਇੰਟੈਲੀਜੈਂਸ ਨੇ ਮੱਧ ਪ੍ਰਦੇਸ਼ ਤੋਂ ਗੈਂਗਸਟਰਾਂ ਅਤੇ ਮੁਲਜ਼ਮਾਂ ਨੂੰ ਹਥਿਆਰ ਸਪਲਾਈ ਕਰਨ ਵਾਲੇ 2 ਨਾਮੀ ਸਪਲਾਇਰ ਜੀਵਨ ਨਿਵਾਸੀ ਜਮਲੀ ਮੱਧ ਪ੍ਰਦੇਸ਼ ਅਤੇ ਉਸ ਦੇ ਸਾਥੀ ਵਿਜੈ ਠਾਕੁਰ ਨਿਵਾਸੀ ਭਰਵਾਨੀ ਮੱਧ ਪ੍ਰਦੇਸ਼ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੇ ਕਬਜ਼ੇ ’ਚੋਂ 32 ਬੋਰ ਦੇ 39 ਪਿਸਟਲ ਬਰਾਮਦ ਹੋਏ। ਬੀਤੇ 24 ਘੰਟਿਆਂ ਦੌਰਾਨ ਮੱਧ ਪ੍ਰਦੇਸ਼ ’ਚ ਕਾਊਂਟਰ ਇੰਟੈਲੀਜੈਂਸ ਵਲੋਂ ਕੀਤੇ ਗਏ ਆਪ੍ਰੇਸ਼ਨ ਦੇ ਬਾਅਦ ਹੁਣ ਹਥਿਆਰਾਂ ਦੇ ਇਨ੍ਹਾਂ ਦੋਵਾਂ ਸਪਲਾਈਰਾਂ ਨੂੰ ਟਰਾਂਜਿਟ ਵਾਰੰਟ ’ਤੇ ਅੰਮ੍ਰਿਤਸਰ ਲਿਆਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਅਨਮੋਲ ਗਗਨ ਮਾਨ ਨੇ ਸੰਵਿਧਾਨ ਨਾਲ ਸਬੰਧਤ ਵਿਵਾਦਿਤ ਬਿਆਨ ’ਤੇ ਮੰਗੀ ਮੁਆਫੀ (ਵੀਡੀਓ)
ਇਹ ਖੁਲਾਸਾ ਡੀ. ਜੀ. ਪੀ. ਪੰਜਾਬ ਦਿਨਕਰ ਗੁਪਤਾ ਨੇ ਕੀਤਾ। ਉਨ੍ਹਾਂ ਦੱਸਿਆ ਕਿ ਪਿਛਲੇ 8 ਮਹੀਨਿਆਂ ਦੌਰਾਨ ਪੰਜਾਬ ਪੁਲਸ ਵਲੋਂ ਇਹ ਇਕ ਚੌਥਾ ਵੱਡਾ ਆਪ੍ਰੇਸ਼ਨ ਕੀਤਾ ਗਿਆ ਹੈ, ਜਿਸ ’ਚ ਪੰਜਾਬ ਦੇ ਮੁਲਜ਼ਮਾਂ ਨੂੰ ਮੱਧ ਪ੍ਰਦੇਸ਼ ’ਚ ਬਣਾਏ ਗਏ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਡੀ. ਜੀ. ਪੀ. ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੇ ਖਾਰਗੋਨ, ਭਰਵਾਨੀ ਅਤੇ ਬਹੁਰਾਮਪੁਰ ਜ਼ਿਲੇ ’ਚ ਹਾਈ ਕੁਆਲਿਟੀ ਦੇ 30 ਅਤੇ 32 ਬੋਰ ਦੇ ਪਿਸਟਲ ਬਣਾ ਕੇ ਦੇਸ਼ ਦੇ ਵੱਖ-ਵੱਖ ਇਲਾਕਿਆਂ ’ਚ ਗੈਂਗਸਟਰਾਂ ਅਤੇ ਮੁਲਜ਼ਮਾਂ ਨੂੰ ਸਪਲਾਈ ਕੀਤੇ ਜਾਂਦੇ ਹਨ। ਪੰਜਾਬ ਪੁਲਸ ਵਲੋਂ ਸਤੰਬਰ 2020 ਤੋਂ ਹੁਣ ਤੱਕ ਮੱਧ ਪ੍ਰਦੇਸ਼ ’ਚ ਬਣਾਏ ਗਏ 122 ਨਾਜਾਇਜ਼ ਹਥਿਆਰ ਬਰਾਮਦ ਕੀਤੇ ਜਾ ਚੁੱਕੇ ਹਨ। ਕਾਊਂਟਰ ਇੰਟੈਲੀਜੈਂਸ ਨੇ 12 ਜੂਨ ਨੂੰ ਤਰਨਤਾਰਨ ਦੇ ਰਹਿਣ ਵਾਲੇ ਹੀਰਾ ਸਿੰਘ ਅਤੇ ਹਰਮਨਦੀਪ ਸਿੰਘ ਨੂੰ 3 ਨਾਜਾਇਜ਼ ਹਥਿਆਰਾਂ ਨਾਲ ਗ੍ਰਿਫਤਾਰ ਕੀਤਾ ਸੀ, ਜਿਸ ਮਗਰੋਂ ਇਹ ਖੁਲਾਸਾ ਹੋਇਆ ਕਿ ਇਹ ਹਥਿਆਰ ਮੱਧ ਪ੍ਰਦੇਸ਼ ਤੋਂ ਸਪਲਾਈ ਹੋ ਰਹੇ ਹਨ। ਉਨ੍ਹਾਂ ਨੇ ਇੰਸਪੈਕਟਰ ਇੰਦਰਦੀਪ ਸਿੰਘ ਦੀ ਪ੍ਰਧਾਨਗੀ ’ਚ 16 ਪੁਲਸ ਅਧਿਕਾਰੀਆਂ ਦੀ ਇਕ ਵਿਸ਼ੇਸ਼ ਟੀਮ ਨੂੰ ਮੱਧ ਪ੍ਰਦੇਸ਼ ਰਵਾਨਾ ਕੀਤਾ ਸੀ, ਜਿਨ੍ਹਾਂ ਵਲੋਂ ਹਥਿਆਰਾਂ ਦੇ ਦੋ ਨਾਮੀ ਸਪਲਾਈਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਨੂੰ ਹੁਣ ਪੰਜਾਬ ਲਿਆਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਸਹੁਰੇ ਪਰਿਵਾਰ ਤੋਂ ਤੰਗ ਵਿਆਹੁਤਾ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ
ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ ਸਮੇਤ ਕਈ ਹੋਰ ਰਾਜਾਂ ’ਚ ਕਰਦੇ ਸਨ ਹਥਿਆਰ ਸਪਲਾਈ
ਮੁੱਢਲੀ ਜਾਂਚ ’ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਗ੍ਰਿਫਤਾਰ ਕੀਤੇ ਗਏ ਹਥਿਆਰਾਂ ਦੇ ਇਹ ਦੋਵੇਂ ਸਪਲਾਇਰ ਪੰਜਾਬ, ਹਰਿਆਣਾ, ਹਿਮਾਚਲ , ਰਾਜਸਥਾਨ ਦੇ ਇਲਾਵਾ ਕਈ ਹੋਰ ਰਾਜਾਂ ’ਚ ਹਥਿਆਰ ਸਪਲਾਈ ਕਰ ਰਹੇ ਸਨ। ਡੀ. ਜੀ. ਪੀ. ਦਿਨਕਰ ਗੁਪਤਾ ਵਲੋਂ ਬਣਾਈ ਗਈ ਇਹ 16 ਅਧਿਕਾਰੀਆਂ ਦੀ ਟੀਮ ਪੰਜਾਬ ’ਚ ਵੱਡੇ ਆਪ੍ਰੇਸ਼ਨ ਕਰ ਚੁੱਕੀ ਹੈ, ਜਿਨ੍ਹਾਂ ’ਚ ਡਰੋਨ ਮਾਮਲੇ, ਹਥਿਆਰਾਂ ਦੀ ਰਿਕਵਰੀ ਅਤੇ ਕਈ ਡਰੱਗ ਸਮੱਗਲਰਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਇਹ ਵੀ ਪਤਾ ਲੱਗਾ ਹੈ ਕਿ ਹੁਣ ਤੱਕ ਮੱਧ ਪ੍ਰਦੇਸ਼ ਤੋਂ ਲਿਆਏ ਜਾ ਰਹੇ ਇਸ ਹਥਿਆਰਾਂ ਦੇ ਸਪਲਾਈਰਾਂ ਵਲੋਂ ਵਿੱਕੀ ਗੌਂਡਰ ਗੈਂਗ, ਜੱਗੂ ਭਗਵਾਨਪੁਰੀਆ ਗੈਂਗ, ਲਾਰੈਂਸ ਬਿਸ਼ਨੋਈ ਗੈਂਗ ਦੇ ਇਲਾਵਾ ਪੰਜਾਬ ਦੇ ਹੋਰ ਗੈਂਗਸਟਰਾਂ ਨੂੰ ਹੁਣ ਤੱਕ 200 ਤੋਂ ਜ਼ਿਆਦਾ ਹਥਿਆਰ ਸਪਲਾਈ ਕਰ ਚੁੱਕੇ ਹਨ।
ਇਹ ਵੀ ਪੜ੍ਹੋ : ਬਿਜਲੀ ਚੋਰੀ ਨੂੰ ਰੋਕਣ ਦੇ ਮਕਸਦ ਨਾਲ ਮੋਟਰਾਂ ਦੀ ਚੈਕਿੰਗ ਕਰਨ ਗਏ ਪਾਵਰਕਾਮ ਦੇ ਅਧਿਕਾਰੀਆਂ ਨੂੰ ਕਿਸਾਨਾਂ ਨੇ ਘੇਰਿਆ
ਇਹ ਕਹਿਣਾ ਹੈ ਇੰਸਪੈਕਟਰ ਇੰਦਰਦੀਪ ਦਾ?
ਕਾਊਂਟਰ ਇੰਟੈਲੀਜੈਂਸ ਦੇ ਇੰਸਪੈਕਟਰ ਇੰਦਰਦੀਪ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਜਾਂਚ ਦਾ ਹਵਾਲਾ ਦਿੰਦੇ ਹੋਏ ਕੁਝ ਵੀ ਦੱਸਣ ਤੋਂ ਮਨ੍ਹਾ ਕੀਤਾ ਅਤੇ ਕਿਹਾ ਕਿ ਫਿਲਹਾਲ ਹਥਿਆਰਾਂ ਦੇ ਦੋਵੇਂ ਸਪਲਾਈਰਾਂ ਨੂੰ ਪੰਜਾਬ ਲਿਆਇਆ ਜਾ ਰਿਹਾ ਹੈ ਅਤੇ ਮਾਣਯੋਗ ਅਦਾਲਤ ਦੇ ਹੁਕਮਾਂ ’ਤੇ ਉਨ੍ਹਾਂ ਨੂੰ ਪੁਲਸ ਰਿਮਾਂਡ ’ਤੇ ਲੈਣ ਦੇ ਬਾਅਦ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ।