ਲਾਲੜੂ ਬਾਜ਼ਾਰ ਬੰਦ, ਹੰਡੇਸਰਾ ’ਚ ਸੜਕ ਜਾਮ, ਪੰਜਾਬ ਬੰਦ ਦਾ ਮਿਲਿਆ-ਜੁਲਿਆ ਅਸਰ
Friday, Aug 21, 2026 - 12:05 PM (IST)
ਲਾਲੜੂ (ਗੁਰਜੀਤ ਈਸਾਪੁਰ) : ਬੰਦੀ ਸਿੰਘਾਂ ਦੇ ਹੱਕ 'ਚ ਕੌਮੀ ਇਨਸਾਫ਼ ਮੋਰਚਾ ਵੱਲੋਂ ਅੱਜ 21 ਅਗਸਤ ਨੂੰ ਪੰਜਾਬ ਬੰਦ ਦੇ ਦਿੱਤੇ ਸੱਦੇ ਦਾ ਲਾਲੜੂ, ਹੰਡੇਸਰਾ ਸਮੇਤ ਆਸ-ਪਾਸ ਦੇ ਇਲਾਕਿਆਂ 'ਚ ਮਿਲਿਆ-ਜੁਲਿਆ ਅਸਰ ਦੇਖਣ ਨੂੰ ਮਿਲਿਆ। ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਵੀ ਬੰਦ ਦਾ ਸਮਰਥਨ ਕੀਤਾ ਗਿਆ। ਅੰਬਾਲਾ-ਚੰਡੀਗੜ੍ਹ ਹਾਈਵੇਅ ’ਤੇ ਸਥਿਤ ਲਾਲੜੂ ਇਲਾਕੇ 'ਚ ਆਵਾਜਾਈ ਆਮ ਵਾਂਗ ਸੁਚਾਰੂ ਰਹੀ, ਜਦੋਂ ਕਿ ਅੰਬਾਲਾ-ਨਾਰਾਇਣਗੜ੍ਹ ਮਾਰਗ ’ਤੇ ਸਥਿਤ ਹੰਡੇਸਰਾ 'ਚ ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਮੈਂਬਰ ਨਿਰਮੈਲ ਸਿੰਘ ਜੌਲਾ ਦੀ ਅਗਵਾਈ ਹੇਠ ਸੜਕ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਸਵੇਰ ਤੋਂ ਹੀ ਲਾਲੜੂ ਮੰਡੀ ਅਤੇ ਹੰਡੇਸਰਾ ਦੇ ਬਾਜ਼ਾਰਾਂ ਵਿੱਚ ਦੁਕਾਨਾਂ ਅਤੇ ਪ੍ਰਾਈਵੇਟ ਸਕੂਲ ਪੂਰੀ ਤਰ੍ਹਾਂ ਬੰਦ ਰਹੇ। ਹਾਲਾਂਕਿ ਕੈਮਿਸਟ, ਡਾਕਟਰਾਂ ਦੇ ਕਲੀਨਿਕ, ਦੁੱਧ-ਡੇਅਰੀ ਦੀਆਂ ਦੁਕਾਨਾਂ ਅਤੇ ਸਰਕਾਰੀ ਅਦਾਰੇ ਖੁੱਲ੍ਹੇ ਰਹੇ। ਇਸ ਮੌਕੇ ਨਿਰਮੈਲ ਸਿੰਘ ਜੌਲਾ ਨੇ ਕਿਹਾ ਕਿ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਜੇਲ੍ਹਾਂ ਵਿੱਚ ਬੰਦ ਹਨ ਅਤੇ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਵਿੱਚ ਵੱਖ-ਵੱਖ ਸਰਕਾਰਾਂ ਦਾ ਰਵੱਈਆ ਇੱਕੋ ਜਿਹਾ ਰਿਹਾ ਹੈ।
