5 ਕਰੋੜ ਦੀ ਹੈਰੋਇਨ ਸਣੇ ਔਰਤ ਕਾਬੂ

Tuesday, Jun 11, 2019 - 12:42 AM (IST)

5 ਕਰੋੜ ਦੀ ਹੈਰੋਇਨ ਸਣੇ ਔਰਤ ਕਾਬੂ

ਜਲੰਧਰ, (ਸ਼ੋਰੀ)— ਦਿਹਾਤ ਦੀ ਪੁਲਸ ਨੇ ਇਕ ਮਿਜ਼ੋਰਮ ਦੀ ਰਹਿਣ ਵਾਲੀ ਸ਼ਾਤਿਰ ਔਰਤ ਨੂੰ ਫੜਿਆ ਹੈ, ਜਿਸ ਨੇ ਸਪੈਸ਼ਲ ਬੈਗ ਬਣਵਾਇਆ ਹੋਇਆ ਸੀ ਤੇ ਬੈਗ ਵਿਚ ਹੈਰੋਇਨ ਲੁਕੋ ਕੇ ਉਹ ਜਲੰਧਰ ਬੱਸ ਸਟੈਂਡ ਇਸ ਦੀ ਸਪਲਾਈ ਦੇਣ ਆ ਰਹੀ ਸੀ। ਐੈੱਸ. ਐੈੱਸ. ਪੀ. ਦਿਹਾਤੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਥਾਣਾ ਫਿਲੌਰ ਦੇ ਐੈੱਸ. ਐੱਚ. ਓ. ਪ੍ਰੇਮ ਕੁਮਾਰ ਨੇ ਆਪਣੀ ਟੀਮ ਨਾਲ ਨਾਕਾਬੰਦੀ ਕੀਤੀ ਹੋਈ ਸੀ ਤੇ ਪੁਲਸ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ, ਇਸ ਦੌਰਾਨ ਬੱਸ 'ਚੋਂ ਇਕ ਔਰਤ ਉਤਰ ਕੇ ਤੇਜ਼ੀ ਨਾਲ ਚੱਲਣ ਲੱਗੀ। ਸ਼ੱਕ ਹੋਣ 'ਤੇ ਲੇਡੀ ਮਹਿਲਾ ਕਰਮਚਾਰੀ ਗੁਰਮੀਤ ਕੌਰ ਤੇ ਐੈੱਸ. ਐੱਚ. ਓ. ਪ੍ਰੇਮ ਸਿੰਘ ਨੇ ਉਸ ਤੋਂ ਇੰਗਲਿਸ਼ ਵਿਚ ਨਾਂ ਪੁੱਛਿਆ, ਜਿਸ ਨੇ ਆਪਣਾ ਨਾਂ ਸੀ. ਲਾਲ ਛੰਦਾਸੀ ਪੁੱਤਰੀ ਸੀ. ਲਾਲ ਦੁਹਜੁਆਲਾ ਵਾਸੀ ਮਿਜ਼ੋਰਮ ਦੱਸਿਆ। ਮੌਕੇ 'ਤੇ ਡੀ. ਐੱਸ. ਪੀ. ਗੁਰਵਿੰਦਰ ਸਿੰਘ ਦੀ ਹਾਜ਼ਰੀ ਵਿਚ ਮਹਿਲਾ ਪੁਲਸ ਕਾਂਸਟੇਬਲ ਨੇ ਉਸ ਦਾ ਬੈਗ ਚੈੱਕ ਕੀਤਾ। ਬੈਗ ਵਿਚੋਂ ਲਿਫਾਫੇ ਵਿਚ 1 ਕਿਲੋ ਹੈਰੋਇਨ ਬਰਾਮਦ ਹੋਈ। ਪੁਲਸ ਨੇ ਥਾਣਾ ਫਿਲੌਰ ਵਿਚ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਔਰਤ ਦੀ ਉਮਰ 40 ਸਾਲ ਦੇ ਕਰੀਬ ਹੈ।

ਸਪੈਸ਼ਲ ਬੈਗ ਵਿਚ ਲੁਕੋ ਕੇ ਲਿਆਉਂਦੀ ਸੀ ਹੈਰੋਇਨ
ਪੁਲਸ ਨੇ ਜਦੋਂ ਔਰਤ ਦੇ ਬੈਗ ਦੀ ਤਲਾਸ਼ੀ ਲਈ ਤਾਂ ਔਰਤ ਨੇ ਬੇਖੌਫ ਹੋ ਕੇ ਪੁਲਸ ਮੁਲਾਜ਼ਮ ਨੂੰ ਬੈਗ ਦੇ ਦਿੱਤਾ। ਮਹਿਲਾ ਸਮੱਗਲਰ ਦੇ ਦਿਮਾਗ ਵਿਚ ਸੀ ਕਿ ਪੁਲਸ ਨੂੰ ਪਤਾ ਨਹੀਂ ਲੱਗੇਗਾ ਕਿਉਂਕਿ ਉਸ ਨੇ ਇਸ ਕੰਮ ਲਈ ਸਪੈਸ਼ਲ ਬੈਗ ਤਿਆਰ ਕਰਵਾਇਆ ਹੋਇਆ ਸੀ। ਉਪਰ ਕੱਪੜੇ ਤੇ ਸਿਲਾਈ ਦੇ ਹੇਠਾਂ ਲੁਕੋ ਕੇ ਰੱਖੀ ਸੀ ਹੈਰੋਇਨ ਪਰ ਪੁਲਸ ਨੇ ਬੈਗ ਵਿਚੋਂ ਹੈਰੋਇਨ ਬਰਾਮਦ ਕਰ ਲਈ। ਕੌਮਾਂਤਰੀ ਮਾਰਕੀਟ ਵਿਚ ਬਰਾਮਦ ਹੈਰੋਇਨ ਦੀ ਕੀਮਤ 5 ਕਰੋੜ ਦੱਸੀ ਜਾ ਰਹੀ ਹੈ।

ਨਾਈਜੀਰੀਅਨ ਔਰਤ ਦੇ ਦੋਸਤ ਨਾਲ ਮਿਲ ਕੇ ਕੰਮ ਕਰਦੀ ਸੀ
ਪੁਲਸ ਜਾਂਚ ਵਿਚ ਪਤਾ ਲੱਗਾ ਹੈ ਕਿ ਕਾਬੂ ਔਰਤ ਸਮੱਗਲਰ ਕਈ ਸਾਲਾਂ ਤੋਂ ਦਿੱਲੀ ਵਿਚ ਰਹਿ ਰਹੀ ਸੀ, ਉਥੇ ਉਸ ਦੀ ਨਾਈਜੀਰੀਅਨ ਮਹਿਲਾ ਦੋਸਤ ਨਾਲ ਦੋਸਤੀ ਹੋਈ। ਮੁਲਜ਼ਮ ਔਰਤ ਸੀ. ਲਾਲ ਛੰਦਾਸੀ ਦਾ ਪਤੀ ਉਸ ਨੂੰ ਛੱਡ ਚੁੱਕਾ ਹੈ ਤੇ ਜਲਦੀ ਹੀ ਅਮੀਰ ਹੋਣ ਦੇ ਚੱਕਰ ਵਿਚ ਉਹ ਨਾਈਜੀਰੀਅਨ ਨਾਲ ਮਿਲ ਕੇ ਹੈਰੋਇਨ ਸਮੱਗਲਿੰਗ ਦੇ ਚੱਕਰ ਵਿਚ ਪੈ ਗਈ। ਭਾਵੇਂ ਇਸ ਤੋਂ ਪਹਿਲਾਂ ਵੀ ਉਹ ਜਲੰਧਰ ਬੱਸ ਸਟੈਂਡ ਵਿਚ ਹੈਰੋਇਨ ਸਪਲਾਈ ਕਰ ਕੇ ਜਾ ਚੁੱਕੀ ਹੈ ਅਤੇ ਇਸ ਵਾਰ ਵੀ ਉਸ ਨੇ ਬੱਸ ਸਟੈਂਡ ਕੋਲ ਡਲਿਵਰੀ ਦੇਣੀ ਸੀ ਪਰ ਪੁਲਸ ਨੇ ਉਸ ਨੂੰ ਕਾਬੂ ਕਰ ਲਿਆ। ਪੁਲਸ ਉਕਤ ਨੰਬਰਾਂ ਦੀ ਡਿਟੇਲ ਕੱਢਵਾ ਰਹੀ ਹੈ, ਜਿਸ 'ਤੇ ਸੰਪਰਕ ਕਰ ਕੇ ਉਸ ਨੇ ਹੈਰੋਇਨ ਦੀ ਡਲਿਵਰੀ ਕਰਨੀ ਸੀ।

ਇਧਰ ਸਮੱਗਲਰ ਕੋਲੋਂ 30 ਗ੍ਰਾਮ ਹੈਰੋਇਨ ਤੇ 8 ਲੱਖ 39 ਹਜ਼ਾਰ 250 ਰੁਪਏ ਬਰਾਮਦ
ਉਥੇ ਐੈੱਸ. ਐੈੱਸ. ਪੀ. ਮਾਹਲ ਨੇ ਦੱਸਿਆ ਕਿ ਥਾਣਾ ਭੋਗਪੁਰ ਦੇ ਐੈੱਸ. ਐੱਚ. ਓ. ਨਰੇਸ਼ ਕੁਮਾਰ ਪੁਲਸ ਫੋਰਸ ਸਣੇ ਜੀ. ਟੀ. ਰੋਡ 'ਤੇ ਚੈਕਿੰਗ ਕਰ ਰਹੇ ਸਨ, ਕਰੀਬ ਰਾਤ 9 ਵਜੇ ਆਈ ਟਵੰਟੀ ਕਾਰ ਨੰਬਰ ਪੀ ਬੀ 08-ਡੀ ਯੂ 3308 ਪਠਾਨਕੋਟ ਸਾਈਡ ਤੋਂ ਆ ਰਹੀ ਸੀ। ਪੁਲਸ ਨੇ ਕਾਰ ਨੂੰ ਰੋਕ ਕੇ ਡਰਾਈਵਰ ਸੀਟ 'ਤੇ ਬੈਠੇ ਵਿਅਕਤੀ ਕੋਲੋਂ ਉਸ ਦਾ ਨਾਂ ਪੁੱਛਿਆ। ਉਸ ਨੇ ਆਪਣਾ ਨਾਂ ਕੁਲਦੀਪ ਕੁਮਾਰ ਪੁੱਤਰ ਮਨੋਹਰ ਲਾਲ ਵਾਸੀ ਗੰਨਾ ਪਿੰਡ ਫਿਲੌਰ ਦੱਸਿਆ। ਪੁਲਸ ਨੇ ਕਾਰ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 30 ਗ੍ਰਾਮ ਹੈਰੋਇਨ ਤੇ 8 ਲੱਖ, 39 ਹਜ਼ਾਰ, 250 ਰੁਪਏ ਭਾਰਤੀ ਕਰੰਸੀ ਬਰਾਮਦ ਹੋਈ।
ਐੱਸ. ਐੈੱਚ. ਓ. ਨਰੇਸ਼ ਕੁਮਾਰ ਨੇ ਦੱਸਿਆ ਕਿ ਕੁਲਦੀਪ ਪਠਾਨਕੋਟ ਦੇ 2 ਸਮੱਗਲਰਾਂ ਤੋਂ ਪੈਸੇ ਲੈ ਕੇ ਡਰੱਗ ਖਰੀਦਣ ਲਈ ਪੈਸੇ ਲਿਆਇਆ ਸੀ ਅਤੇ ਉਹ ਹੈਰੋਇਨ ਖਰੀਦਣ ਦੇ ਨਾਲ ਵੇਚਣ ਦਾ ਵੀ ਕੰਮ ਕਰਦਾ ਹੈ। ਪੁਲਸ ਨੇ ਉਸ ਦਾ ਦੋ ਦਿਨਾਂ ਦਾ ਪੁਲਸ ਰਿਮਾਂਡ ਲਿਆ ਹੈ ਤਾਂ ਜੋ ਪੂਰੀ ਗੱਲ ਸਾਫ ਹੋ ਸਕੇ।
 


author

KamalJeet Singh

Content Editor

Related News