1 ਫਰਵਰੀ ਨੂੰ ਧਰਨਾ ਦੇਵੇਗੀ ਕ੍ਰਾਂਤੀਕਾਰੀ ਯੂਨੀਅਨ ਪੰਜਾਬ
Saturday, Jan 27, 2018 - 05:20 PM (IST)

ਗੁਰੂਹਰਸਹਾਏ (ਆਵਲਾ) - ਪਿੰਡ ਮਹਿਮਾ 'ਚ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਵੱਲੋਂ 1 ਫਰਵਰੀ ਨੂੰ ਧਰਨਾ ਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮੌਕੇ ਜ਼ਿਲਾ ਉਪ ਪ੍ਰਧਾਨ ਅਵਤਾਰ ਸਿੰਘ ਮਹਿਮਾ ਨੇ ਦੱਸਿਆ ਕਿ ਕਾਂਗਰਸ ਸਰਕਾਰ ਕਿਵੇਂ ਲੋਕਾਂ ਨਾਲ ਕਰਜ਼ਾ ਮੁਆਫੀ ਦੇ ਵਾਅਦੇ ਕਰਕੇ ਸਤਾ 'ਚ ਆਈ ਸੀ ਅਤੇ ਹੁਣ ਉਹ ਆਪਣੇ ਵਾਅਦਿਆਂ ਤੋਂ ਭਜ ਰਹੀ ਹੈ। ਸਰਮਾਏਦਾਰ ਕੰਪਨੀ ਦੇ ਦਲਾਲ ਬਣ ਕੇ ਉਨ੍ਹਾਂ ਨੂੰ ਲਾਭ ਦੇ ਰਹੇ ਹਨ। ਪਹਿਲਾਂ ਸਰਕਾਰ ਨੇ ਬਠਿੰਡਾ 'ਚ ਥਰਮਲ ਪਲਾਂਟ ਬੰਦ ਕਰਕੇ ਸਰਕਾਰੀ ਬਿਜਲੀ ਦਾ ਭੋਗ ਪਾਇਆ ਅਤੇ ਹੁਣ ਕਿਸਾਨਾਂ ਦੀ ਬਿਜਲੀ ਮੋਟਰਾਂ 'ਤੇ ਮੀਟਰ ਲਾਉਣ ਦਾ ਫੈਸਲਾ ਕੀਤਾ ਹੈ। ਇਸ ਮੌਕੇ ਆਗੂਆ ਨੇ ਕਿਹਾ ਕਿ ਅਮਰੀਕਾ ਦੀ ਸਰਕਾਰ ਦੇ ਦਬਾਅ 'ਚ ਆ ਕੇ ਸਰਕਾਰ 31 ਮਾਰਚ 2018 ਤੱਕ ਕਿਸਾਨਾਂ ਦੀ ਸਾਰੀ ਸਬਸਿਟੀ ਖਤਮ ਕਰਕੇ ਕਿਸਾਨਾਂ ਨੂੰ ਖੁੱਲ੍ਹੀ ਮੰਡੀ 'ਚ ਸੁਟਣਾ ਚਾਹੁੰਦੀ ਹੈ, ਤਾਂਕਿ ਵਪਾਰੀ ਅਤੇ ਕੰਪਨੀਆਂ ਦੇ ਅਧਿਕਾਰੀ ਕਿਸਾਨਾਂ ਨੂੰ ਆਪਣੀ ਮਰਜ਼ੀ ਨਾਲ ਲੁੱਟ ਸਕਣ। ਉਨ੍ਹਾਂ ਕਿਹਾ ਕਿ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਖੁਦਕੁਸ਼ੀਆ ਅਤੇ ਮਜ਼ਦੂਰ ਭੁੱਖਾ ਮਰ ਰਿਹਾ ਹੈ। ਇਸ ਮੁੰਦੇ ਤਹਿਤ 1 ਫਰਵਰੀ ਨੂੰ ਫਿਰੋਜ਼ਪੁਰ ਦੇ ਡੀ. ਸੀ. ਦਫਤਰ ਦੇ ਬਾਹਰ ਧਰਨਾ ਦਿੱਤਾ ਜਾਵੇਗਾ। ਇਸਦੇ ਨਾਲ ਹੀ 7 ਫਰਵਰੀ ਨੂੰ 7 ਜੱਥੇਬੰਦੀਆਂ ਵੱਲੋਂ ਪੂਰੇ ਪੰਜਾਬ 'ਚ 2 ਘੰਟੇ ਟ੍ਰੈਫਿਕ ਜਾਮ ਕੀਤਾ ਜਾਵੇਗਾ ਅਤੇ ਅਗਲੇ ਸੰਘਰਸ਼ ਦੇ ਬਾਰੇ ਵੀ ਦੱਸਿਆ ਜਾਵੇਗਾ। ਇਸ ਮੌਕੇ ਬਲਾਕ ਉਪ ਪ੍ਰਧਾਨ ਸੁਖਦੇਵ ਮਹਿਮਾ ਤੋਂ ਇਲਾਵਾ ਵੱਡੀ ਗਿਣਤੀ 'ਚ ਕਿਸਾਨ ਅਤੇ ਮਜ਼ਦੂਰ ਹਾਜ਼ਰ ਸਨ।