ਪੰਜਾਬ ਸਰਕਾਰ ਦੀ ਕਿਲੋਮੀਟਰ ਸਕੀਮ ਹੋਈ ਫੇਲ੍ਹ, ਔਰਤਾਂ ਦਾ ਮੁਫ਼ਤ ਸਫ਼ਰ ਵੱਡਾ ਕਾਰਨ

Monday, Jan 09, 2023 - 12:56 PM (IST)

ਪੰਜਾਬ ਸਰਕਾਰ ਦੀ ਕਿਲੋਮੀਟਰ ਸਕੀਮ ਹੋਈ ਫੇਲ੍ਹ, ਔਰਤਾਂ ਦਾ ਮੁਫ਼ਤ ਸਫ਼ਰ ਵੱਡਾ ਕਾਰਨ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਕਿਲੋਮੀਟਰ ਸਕੀਮ ਤਹਿਤ ਸੂਬੇ 'ਚ 200 ਤੋਂ ਵੱਧ ਨਵੀਆਂ ਬੱਸਾਂ ਚਲਾਉਣ ਦੀ ਯੋਜਨਾ ਫੇਲ੍ਹ ਹੋ ਗਈ ਹੈ। ਬੱਸਾਂ ਚਲਾਉਣ ਲਈ ਸਿਰਫ 2 ਟਰਾਂਸਪੋਰਟਰਾਂ ਨੇ ਹੀ ਦਿਲਚਸਪੀ ਦਿਖਾਈ ਹੈ, ਹਾਲਾਂਕਿ ਸਰਕਾਰ ਨੇ ਇਸ ਲਈ 2 ਵਾਰ ਟੈਂਡਰ ਜਾਰੀ ਕੀਤੇ ਹਨ। ਸੂਬੇ 'ਚ ਚੱਲਣ ਵਾਲੀ ਸਰਕਾਰੀ ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ (ਪੀ. ਆਰ. ਟੀ. ਸੀ.) ਨੇ ਕਿਲੋਮੀਟਰ ਸਕੀਮ ਤਹਿਤ 219 ਰੂਟਾਂ 'ਤੇ ਬੱਸਾਂ ਚਲਾਉਣ ਦਾ ਫ਼ੈਸਲਾ ਕੀਤਾ ਸੀ ਅਤੇ ਇਸ ਦੇ ਟੈਂਡਰ ਸ਼ੁਰੂ 'ਚ ਬੀਤੇ ਜੁਲਾਈ ਮਹੀਨੇ ਜਾਰੀ ਕੀਤੇ ਗਏ ਸਨ। ਹਾਲਾਂਕਿ ਬੱਸਾਂ ਨੂੰ ਚਲਾਉਣ 'ਚ ਸਿਰਫ 2 ਆਪਰੇਟਰਾਂ ਨੇ ਦਿਲਚਸਪੀ ਦਿਖਾਈ। ਨਤੀਜੇ ਵਜੋਂ 217 ਬੱਸਾਂ ਚਲਾਉਣ ਦਾ ਟੈਂਡਰ ਪਿਛਲੇ ਸਾਲ ਸਤੰਬਰ 'ਚ ਫਿਰ ਤੋਂ ਜਾਰੀ ਕੀਤਾ ਗਿਆ ਸੀ, ਜਿਸ ਨੂੰ ਲੈਣ ਵਾਲਾ ਕੋਈ ਨਹੀਂ ਸੀ।

ਇਹ ਵੀ ਪੜ੍ਹੋ : ਮੌਸਮ ਅਪਡੇਟ : ਪੰਜਾਬ 'ਚ 'ਠੰਡ' ਨੂੰ ਲੈ ਕੇ 'ਰੈੱਡ ਅਲਰਟ' ਜਾਰੀ, ਪੂਰੇ ਉੱਤਰੀ ਭਾਰਤ 'ਚ ਸੀਤ ਲਹਿਰ ਦਾ ਜ਼ੋਰ

ਇਹ ਦੇਖਿਆ ਗਿਆ ਹੈ ਕਿ ਔਰਤਾਂ ਦੇ ਬੱਸਾਂ 'ਚ ਮੁਫ਼ਤ ਸਫ਼ਰ ਕਾਰਨ ਜਨਤਕ ਆਵਾਜਾਈ ਆਰਥਿਕ ਤੌਰ 'ਤੇ ਅਸਮਰੱਥ ਹੋ ਗਈ ਹੈ। ਪਿਛਲੀ ਕਾਂਗਰਸ ਸਰਕਾਰ ਵੱਲੋਂ ਔਰਤਾਂ ਨੂੰ ਸਰਕਾਰੀ ਬੱਸਾਂ 'ਚ ਮੁਫ਼ਤ ਸਫ਼ਰ ਦੀ ਸਹੂਲਤ ਸ਼ੁਰੂ ਕੀਤੀ ਗਈ ਸੀ। ਇਹ ਹੀ ਇਸ ਸਕੀਮ ਦੇ ਫੇਲ੍ਹ ਹੋਣ ਦਾ ਇਕ ਮੁੱਖ ਕਾਰਨ ਹੈ। ਇਸ ਬਾਰੇ ਪੰਜਾਬ ਮੋਟਰ ਯੂਨੀਅਨ ਦੇ ਸਕੱਤਰ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇਕ ਵਿਅਕਤੀ ਬੱਸ ਖ਼ਰੀਦਣ ਅਤੇ ਲੀਜ਼ 'ਤੇ ਦੇਣ ਲਈ ਲਗਭਗ 30 ਲੱਖ ਰੁਪਏ ਖ਼ਰਚ ਕਰੇਗਾ ਅਤੇ ਜੇਕਰ ਉਸ ਨੂੰ ਕੋਈ ਰਿਟਰਨ ਹੀ ਨਹੀਂ ਮਿਲੇਗੀ ਤਾਂ ਫਿਰ ਉਹ ਇਸ ਨੂੰ ਕਿਉਂ ਚੁਣੇਗਾ।

ਇਹ ਵੀ ਪੜ੍ਹੋ : ਪੰਜਾਬ ਦੇ ਵਿਦਿਆਰਥੀਆਂ ਲਈ ਫ਼ੌਜ ’ਚ ਜਾਣ ਦਾ ਸੁਨਹਿਰੀ ਮੌਕਾ, ਮੁਫ਼ਤ ਕੋਚਿੰਗ ਲਈ ਇਸ ਤਾਰੀਖ਼ ਤੱਕ ਹੋਵੇਗੀ ਰਜਿਸਟ੍ਰੇਸ਼ਨ

ਦੱਸਣਯੋਗ ਹੈ ਕਿ ਪੰਜਾਬ ਰੋਡਵੇਜ਼, ਪੀ. ਆਰ. ਟੀ. ਸੀ. ਕੰਟਰੈਕਟਰ ਵਰਕਰਜ਼ ਯੂਨੀਅਨ ਨੇ ਵੀ ਕਿਲੋਮੀਟਰ ਸਕੀਮ ਤਹਿਤ ਇਨ੍ਹਾਂ ਬੱਸਾਂ ਨੂੰ ਸ਼ੁਰੂ ਕਰਨ ਦਾ ਵਿਰੋਧ ਕੀਤਾ ਹੈ। ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਕੁਮਾਰ ਨੇ ਦੱਸਿਆ ਕਿ ਯੂਨੀਅਨ ਪਹਿਲਾਂ ਵੀ ਸਰਕਾਰ ਨੂੰ ਕਿਲੋਮੀਟਰ ਸਕੀਮ ਤਹਿਤ ਬੱਸਾਂ ਨਾ ਚਲਾਉਣ ਦੀ ਚਿਤਾਵਨੀ ਦੇ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅਸੀਂ ਚਿਤਾਵਨੀ ਦਿੰਦੇ ਹਾਂ ਕਿ ਕੋਈ ਵੀ ਕੰਡਕਟਰ ਇਨ੍ਹਾਂ ਬੱਸਾਂ 'ਤੇ ਡਿਊਟੀ ਨਹੀਂ ਕਰੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


author

Babita

Content Editor

Related News