ਖੇਡ ਰਤਨ ਪੰਜਾਬ ਦੇ: ਪੰਜਾਬੀਆਂ ਦਾ ਮਕਬੂਲ ਹੀਰੋ ਦਾਰਾ ਸਿੰਘ
Monday, Jul 12, 2021 - 01:17 PM (IST)
ਨਵਦੀਪ ਸਿੰਘ ਗਿੱਲ (97800-36216)
ਦਾਰਾ 'ਕੱਲਾ ਨਾਮ ਹੀ ਨਹੀਂ ਸਗੋਂ ਇਹ ਸ਼ਬਦ ਪੰਜਾਬੀਆਂ ਦੀ ਤਾਕਤ ਦਾ ਪ੍ਰਤੀਕ ਹੈ। ਦਾਰਾ ਸਿੰਘ ਤਾਂ ਇਸ ਦੁਨੀਆ 'ਚ ਨਹੀਂ ਰਹੇ । ਦਾਰਾ ਉਂਝ ਵੀ ਮਰ ਰਿਹਾ ਹੈ। ਜੇ ਦਾਰਾ ਨਾ ਬਚਾਇਆ ਤਾਂ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਇਹ ਯਕੀਨ ਨਹੀਂ ਹੋਣਾ ਅਸੀਂ ਦਾਰੇ, ਦੁੱਲੇ, ਜਿਉਣੇ, ਮਿਲਖੇ, ਗੁਰਬਚਨ, ਪ੍ਰਦੁੱਮਣ, ਪਰਵੀਨ, ਕਿੱਕਰ, ਕਰਤਾਰ, ਬਲਬੀਰ, ਅਜੀਤਪਾਲ ਦੇ ਵਾਰਸ ਹਾਂ।
ਦਾਰਾ ਸਿੰਘ ਪੇਸ਼ੇ ਵਜੋਂ ਭਾਵੇਂ ਫ਼ਿਲਮੀ ਅਦਾਕਾਰ ਤੇ ਫਰੀ ਸਟਾਈਲ ਪਹਿਲਵਾਨ ਸੀ ਪਰ ਪੰਜਾਬੀਆਂ ਲਈ ਇਕ ਬਲਸ਼ਾਲੀ ਤੇ ਆਸਧਾਰਣ ਸਮਰੱਥਾ ਵਾਲਾ ਇਨਸਾਨ ਰਿਹਾ ਹੈ। ਦੂਸਰੇ ਸ਼ਬਦਾਂ ਵਿੱਚ ਇਹ ਕਹਿ ਸਕਦੇ ਹਾਂ ਕਿ ਪੰਜਾਬੀਆਂ ਵਿੱਚ ਦਾਰਾ ਸਿੰਘ ਦੀ ਪ੍ਰਸਿੱਧੀ ਮਿਥਿਹਾਸਕ ਪਾਤਰਾਂ ਨਾਲੋਂ ਵਧੇਰੇ ਰਹੀ ਹੈ। ਉਹ ਸਹੀ ਅਰਥਾਂ ਵਿੱਚ ਪੰਜਾਬੀਆਂ ਦਾ ਹੀਰੋ ਹੈ। ਦਾਰਾ ਸਿੰਘ ਇਕੱਲੇ ਪੰਜਾਬ ਦਾ ਹੀ ਨਹੀਂ ਬਲਕਿ ਪੂਰੇ ਦੇਸ਼ ਅਤੇ ਕੁੱਲ ਦੁਨੀਆ ਵਿੱਚ ਵਸਦੇ ਭਾਰਤੀਆਂ ਦਾ ਚਹੇਤਾ ਰਿਹਾ ਹੈ। ਸ਼ਾਇਦ ਇਸ ਦਾ ਕਾਰਨ ਇਹ ਸੀ ਕਿ ਉਹ ਕਈ ਖੇਤਰਾਂ ਦਾ ਸ਼ਾਹ ਅਸਵਾਰ ਸੀ।
ਫਰੀ ਸਟਾਈਲ ਕੁਸ਼ਤੀ ਨੂੰ ਦਾਰਾ ਸਿੰਘ ਨੇ ਮਕਬੂਲ ਕੀਤਾ। ਦਾਰਾ ਸਿੰਘ ਨੇ ਜਦੋਂ ਫ਼ਿਲਮਾਂ ਵੱਲ ਰੁ਼ਖ ਕੀਤਾ ਤਾਂ ਦਮਦਾਰ ਅਦਾਕਾਰ ਵਜੋਂ ਸਾਹਮਣੇ ਆਇਆ। ਛੋਟੇ ਪਰਦੇ ਉਪਰ 'ਰਮਾਇਣ' ਲੜੀਵਾਰ ਵਿੱਚ ਹਨੂੰਮਾਨ ਦੇ ਨਿਭਾਏ ਕਿਰਦਾਰ ਨੇ ਉਸ ਨੂੰ ਅਮਰ ਕਰ ਦਿੱਤਾ। ਉਹ ਪੰਜਾਬੀ ਤੇ ਹਿੰਦੀ ਫ਼ਿਲਮਾਂ ਦੇ ਨਿਰਮਾਤਾ ਤੇ ਨਿਰਦੇਸ਼ਕ ਵੀ ਰਹੇ। ਦਾਰਾ ਸਿੰਘ ਭਾਰਤ ਦੇ ਪਹਿਲੇ ਖਿਡਾਰੀ ਸਨ ਜਿਨ੍ਹਾਂ ਨੂੰ ਰਾਜਾ ਸਭਾ ਮੈਂਬਰ ਵਜੋਂ ਨਾਮਜ਼ਦ ਕੀਤਾ। ਇਹ ਕਹਿ ਲਵੋ ਦਾਰਾ ਸਿੰਘ ਨੇ ਜਿਸ ਵੀ ਖੇਤਰ ਵਿੱਚ ਕਦਮ ਧਰਿਆ, ਸਿਖਰਾਂ ਹੀ ਛੂਹੀਆਂ। ਇਨ੍ਹਾਂ ਪ੍ਰਾਪਤੀਆਂ ਨੂੰ ਦੇਖਦਿਆਂ ਸਭ ਤੋਂ ਵੱਡੀ ਪ੍ਰਾਪਤੀ ਉਸ ਦੇ ਹਿੱਸੇ ਇਹ ਆਈ ਕਿ ਉਹ ਬਿਨ੍ਹਾਂ ਕਿਸੇ ਮਦਦ ਦੇ ਹਰ ਖੇਤਰ ਵਿੱਚ ਕਾਮਯਾਬ ਹੋਇਆ ਭਾਵ ਉਸ ਦਾ ਕਿਸੇ ਵੀ ਖੇਤਰ ਵਿੱਚ ਕੋਈ ਵੀ 'ਗੌਡ ਫਾਦਰ' ਨਹੀਂ ਸੀ।
ਇਹ ਵੀ ਪੜ੍ਹੋ : ਪੰਜਾਬ ਪੁਲਸ ਵਿੱਚ ਕਰੀਅਰ ਬਣਾਉਣ ਦੇ ਚਾਹਵਾਨ ਜ਼ਰੂਰ ਪੜ੍ਹਨ ਇਹ ਖ਼ਾਸ ਰਿਪੋਰਟ
ਪੰਜਾਬ ਦੀ ਧਰਤੀ ਨੇ ਦੇਸ਼ ਨੂੰ ਦੋ ਦਾਰਾ ਸਿੰਘ ਦਿੱਤੇ ਅਤੇ ਦੋਵੇਂ ਹੀ ਪਹਿਲਵਾਨ ਅਤੇ ਰਹਿਣ ਵਾਲੇ ਵੀ ਮਾਝੇ ਦੇ। ਜਿਸ ਦਾਰਾ ਸਿੰਘ ਦੀ ਅਸੀਂ ਗੱਲ ਕਰ ਰਹੇ ਹਾਂ, ਉਹ ਫ਼ਿਲਮੀ ਅਦਾਕਾਰ ਵੀ ਰਿਹਾ ਜਦੋਂ ਕਿ ਦੂਜਾ ਦਾਰਾ ਸਿੰਘ ਕਤਲ ਕੇਸ ਦੇ ਦੋਸ਼ ਵਿੱਚ ਸਜ਼ਾ ਭੁਗਤਣ ਕਾਰਨ 'ਕਿੱਲਰ' ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਦੋਵਾਂ ਦਾਰਾ ਸਿੰਘ ਦਾ ਫਰਕ ਉਨ੍ਹਾਂ ਦੇ ਪਿੰਡਾਂ ਦੇ ਨਾਵਾਂ ਨਾਲ ਕੀਤਾ ਜਾਂਦਾ ਰਿਹਾ। ਫ਼ਿਲਮਾਂ ਵਾਲੇ ਦਾਰਾ ਸਿੰਘ ਦਾ ਪਿੰਡ ਧਰਮੂਚੱਕ ਹੋਣ ਕਰ ਕੇ ਦਾਰਾ ਸਿੰਘ ਧਰਮੂਚੱਕੀਆ ਅਤੇ ਦੂਜੇ ਦਾਰਾ ਸਿੰਘ ਦਾ ਪਿੰਡ ਦੁਲਚੀਪੁਰਾ ਹੋਣ ਕਾਰਨ ਦਾਰਾ ਸਿੰਘ ਦੁਲਚੀਪੁਰੀਆ ਨਾਂ ਨਾਲ ਜਾਣਿਆ ਜਾਂਦਾ ਹੈ। ਅਸਾਧਾਰਣ ਸਮਰੱਥਾ ਅਤੇ ਸ਼ਕਤੀ ਦੇ ਪ੍ਰਤੀਕ ਦਾਰਾ ਸਿੰਘ ਨੇ ਮਕਬੂਲੀਅਤ ਦੀਆਂ ਹੱਦਾਂ ਇਸ ਕਦਰ ਪਾਰ ਕੀਤੀਆਂ ਕਿ ਦੇਸ਼ ਵਿੱਚ ਕਿਧਰੇ ਵੀ ਕਿਸੇ ਵਿਅਕਤੀ ਦੇ ਕੋਈ ਸਰੀਰਕ ਸ਼ਕਤੀ ਦੀ ਤੁਲਨਾ ਕਰਨੀ ਹੋਵੇ ਤਾਂ ਉਸ ਆਦਮੀ ਨੂੰ 'ਵੱਡਾ ਦਾਰਾ ਸਿੰਘ ਆਇਆ' ਕਹਿ ਕੇ ਕੀਤੀ ਜਾਂਦੀ ਹੈ।
ਵਿਦੇਸ਼ਾਂ ਵਿੱਚ ਦਾਰਾ ਸਿੰਘ ਦੀ ਸਰਦਾਰੀ
ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਧਰਮੂਚੱਕ ਵਿਖੇ ਪਿਤਾ ਸ. ਸੂਰਤ ਸਿੰਘ ਰੰਧਾਵਾ ਦੇ ਘਰ ਦਾਰਾ ਸਿੰਘ ਦਾ 19 ਨਵੰਬਰ 1928 ਨੂੰ ਜਨਮ ਹੋਇਆ। ਉਸ ਵੇਲੇ ਪਿੰਡਾਂ ਦੇ ਅਖਾੜਿਆਂ ਵਿੱਚ ਅਕਸਰ ਹੀ ਮੱਲਾਂ ਦੇ ਜ਼ੋਰ ਹੋਇਆ ਕਰਦੇ ਸਨ ਜਿਸ ਕਾਰਨ ਚੰਗੇ ਦਰਸ਼ਨੀ ਸਰੀਰ ਵਾਲੇ ਦਾਰਾ ਸਿੰਘ ਦਾ ਕੁਸ਼ਤੀਆਂ ਵੱਲ ਆਉਣਾ ਸੁਭਾਵਿਕ ਸੀ। ਦਾਰਾ ਸਿੰਘ ਰੋਜ਼ੀ ਰੋਟੀ ਖਾਤਰ ਸਿੰਗਾਪੁਰ, ਮਲਾਇਆ ਦੇਸ਼ਾਂ ਵਿੱਚ ਗਿਆ ਜਿੱਥੇ ਉਸ ਨੇ ਕੁਸ਼ਤੀ ਦੀ ਅਮਰੀਕਨ ਫਰੀ ਸਟਾਈਲ ਵੰਨਗੀ ਨੂੰ ਅਪਣਾਇਆ। ਦਾਰਾ ਸਿੰਘ ਨੇ ਚੰਗੀ ਮਿਹਨਤ ਕਰ ਕੇ ਵਾਹਵਾ ਸਰੀਰ ਬਣਾਇਆ ਅਤੇ ਵਿਦੇਸ਼ੀ ਧਰਤੀ 'ਤੇ ਕੁਸ਼ਤੀਆਂ ਲੜਨੀਆਂ ਸ਼ੁਰੂ ਕਰ ਦਿੱਤੀਆਂ। ਇਨ੍ਹਾਂ ਕੁਸ਼ਤੀਆਂ ਵਿੱਚ ਹਾਸਲ ਕੀਤੀਆਂ ਜਿੱਤਾਂ ਦਾਰਾ ਸਿੰਘ ਨੂੰ ਚੈਂਪੀਅਨ ਬਣਨ ਦੇ ਰਾਹ ਵੱਲ ਲੈ ਗਈਆਂ। ਦਾਰਾ ਸਿੰਘ ਨੇ ਹਰ ਮੁਲਕ ਵਿੱਚ ਕੁਸ਼ਤੀ ਲੜੀ ਅਤੇ ਫਤਿਹ ਹਾਸਲ ਕੀਤੀ। ਹਾਲਾਂਕਿ ਇਨ੍ਹਾਂ ਮੁਕਾਬਲਿਆਂ ਨੂੰ ਖੇਡਾਂ ਦੇ ਐਮੇਚਿਓਰ ਮੁਕਾਬਲਿਆਂ ਵਜੋਂ ਨਹੀਂ ਲਿਆ ਜਾਂਦਾ ਸੀ।
ਅਮਰੀਕਨ ਫਰੀ ਸਟਾਈਲ ਕੁਸ਼ਤੀ ਦਾ ਬਾਦਸ਼ਾਹ
ਦਾਰਾ ਸਿੰਘ ਨੇ ਕਦੇ ਵੀ ਭਾਰਤ ਵੱਲੋਂ ਰਸਮੀ ਖੇਡ ਮੁਕਾਬਲਿਆਂ ਓਲੰਪਿਕਸ, ਰਾਸ਼ਟਰਮੰਡਲ ਜਾਂ ਏਸ਼ਿਆਈ ਖੇਡਾਂ ਆਦਿ ਵਿੱਚ ਹਿੱਸਾ ਨਹੀਂ ਲਿਆ। ਇਸ ਕਾਰਨ ਦਾਰਾ ਸਿੰਘ ਦੇ ਕਈ ਆਲੋਚਕ ਉਸ ਨੂੰ ਸਹੀ ਖਿਡਾਰੀ ਮੰਨਣ ਦੀ ਬਜਾਏ ਮਨੋਰੰਜਕ ਕੁਸ਼ਤੀਆਂ ਦਾ ਹੀਰੋ ਕਹਿੰਦੇ ਹਨ ਪਰ ਫਿਰ ਵੀ ਦਾਰਾ ਸਿੰਘ ਨੂੰ ਇਹ ਮਾਣ ਹਾਸਲ ਹੈ ਕਿ ਉਸ ਨੇ ਕੁਸ਼ਤੀ ਭਾਵੇਂ ਅਮਰੀਕਨ ਫਰੀ ਸਟਾਈਲ ਖੇਡੀ ਪਰ ਉਸ ਸਦਕਾ ਕੁਸ਼ਤੀ ਦੀ ਹਰ ਵੰਨਗੀ ਮਕਬੂਲ ਹੋਈ। ਇਹੋ ਕਾਰਨ ਹੈ ਕਿ ਅਸਲ ਕੁਸ਼ਤੀ ਮੁਕਾਬਲਿਆਂ ਵਿੱਚ ਦੇਸ਼ ਲਈ ਤਿੰਨ ਵਾਰ ਓਲੰਪਿਕਸ ਖੇਡਣ ਵਾਲੇ ਰਾਸ਼ਟਰਮੰਡਲ ਅਤੇ ਏਸ਼ਿਆਈ ਖੇਡਾਂ ਦੇ ਢੇਰਾਂ ਤਮਗੇ ਜਿੱਤਣ ਵਾਲੇ ਪਦਮ ਸ੍ਰੀ ਪਹਿਲਵਾਨ ਕਰਤਾਰ ਸਿੰਘ ਵੀ ਦਾਰਾ ਸਿੰਘ ਨੂੰ ਆਪਣਾ ਆਦਰਸ਼ ਮੰਨਦੇ ਹਨ। ਦਾਰਾ ਸਿੰਘ ਨੂੰ ਦਰਸ਼ਕਾਂ ਦੇ ਖਿੱਚ ਵਾਲੀਆਂ ਅਮਰੀਕਨ ਫਰੀ ਸਟਾਈਲ ਕੁਸ਼ਤੀ ਮੁਕਾਬਲਿਆਂ ਵਿੱਚ ਸੰਸਾਰ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਸਵਾ ਛੇ ਫੁੱਟ ਦੇ ਕਰੀਬ ਲੰਮੇ ਸਵਾ ਕੁਇੰਟਲ ਭਾਰ ਦੇ ਦਾਰਾ ਸਿੰਘ ਨੇ ਆਪਣੀ ਆਖਰੀ ਕੁਸ਼ਤੀ ਉਮਰ ਦੇ 55ਵੇਂ ਵਰ੍ਹੇ ਵਿੱਚ ਨਵੀਂ ਦਿੱਲੀ ਵਿਖੇ ਲੜੀ।
ਇਹ ਵੀ ਪੜ੍ਹੋ : ਕਿਸਾਨੀ ਘੋਲ ਦੇ 7 ਮਹੀਨੇ ਪੂਰੇ, ਕੀ ਹੋਵੇਗਾ ਅੰਦੋਲਨ ਦਾ ਭਵਿੱਖ ? ਪੜ੍ਹੋ ਇਹ ਖ਼ਾਸ ਰਿਪੋਰਟ
ਫ਼ਿਲਮੀ ਹੀਰੋ ਦਾਰਾ ਸਿੰਘ
ਦਾਰਾ ਸਿੰਘ ਦੀ ਡੀਲ-ਡੌਲ, ਦਰਸ਼ਨੀ ਤੇ ਸੋਹਣੇ ਸਰੀਰ ਨੂੰ ਦੇਖਦਿਆਂ ਫ਼ਿਲਮਾਂ ਵਾਲੇ ਉਸ ਵੱਲ ਖਿੱਚੇ ਗਏ ਕਿਉਂਕਿ ਸੱਠਵਿਆਂ ਦਾ ਉਹ ਦੌਰ ਹੀ ਅਜਿਹਾ ਸੀ ਜਦੋਂ ਤਕੜੇ ਸਰੀਰਾਂ ਵਾਲਿਆਂ ਨੂੰ ਹੀਰੋ ਵਜੋਂ ਲਿਆ ਜਾਂਦਾ ਸੀ। 1952 ਵਿੱਚ ਦਾਰਾ ਸਿੰਘ ਨੇ ਆਪਣੀ ਪਹਿਲੀ ਫ਼ਿਲਮ ਸੰਗਦਿਲ ਵਿੱਚ ਰੋਲ ਨਿਭਾਇਆ। ਦਾਰਾ ਸਿੰਘ ਨੂੰ ਸ਼ੁਰੂਆਤ ਵਿੱਚ ਅਦਾਕਾਰੀ ਨਾ ਹੋਣ ਕਾਰਨ ਕੁਝ ਦਿੱਕਤ ਜ਼ਰੂਰ ਆਈ ਪਰ ਕੁਸ਼ਤੀ 'ਤੇ ਆਧਾਰਿਤ ਬਣੀ ਫ਼ਿਲਮ 'ਕਿੰਗਕਾਂਗ' ਨੇ ਦਾਰਾ ਸਿੰਘ ਨੂੰ ਫ਼ਿਲਮੀ ਲਾਇਨ ਵਿੱਚ ਪੱਕੇ ਪੈਰੀਂ ਪਾ ਦਿੱਤਾ। ਦਾਰਾ ਸਿੰਘ ਦੇ ਰੂਪ ਵਿੱਚ ਭਾਰਤੀ ਫ਼ਿਲਮੀ ਦਰਸ਼ਕਾਂ ਨੂੰ ਐਕਸ਼ਨ ਹੀਰੋ ਮਿਲ ਗਿਆ। ਦਾਰਾ ਸਿੰਘ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਸੀ ਕਿ ਉਸ ਨੂੰ ਫ਼ਿਲਮੀ ਨਿਰਮਾਤਾਵਾਂ ਅਨੁਸਾਰ ਅਦਾਕਾਰੀ ਸਿੱਖਣੀ ਨਹੀਂ ਪਈ ਸਗੋਂ ਨਿਰਮਾਤਾ ਦਾਰਾ ਸਿੰਘ ਨੂੰ ਦੇਖ ਕੇ ਫ਼ਿਲਮਾਂ ਬਣਾਉਣ ਲੱਗੇ ਜਿਨ੍ਹਾਂ ਦੇ ਵਿਸ਼ੇ ਕੁਸ਼ਤੀਆਂ, ਜ਼ੋਰ ਅਜਮਾਇਸ਼ਾਂ ਜਾਂ ਫੇਰ ਐਕਸ਼ਨ ਭਰਪੂਰ ਹੁੰਦੇ ਸਨ।
ਦਾਰਾ ਸਿੰਘ ਨੇ ਉਸ ਦੌਰ ਵਿੱਚ ਹਰ ਕੁਲੀਸ, ਆਂਧੀ ਔਰ ਤੂਫਾਨ, ਸਿਕੰਦੇਰ ਆਜ਼ਮਮ, ਐਲਾਨ ਏ ਜੰਗ, ਸੈਮਸਨ, ਰੁਸਤਮੇ ਬਰਦਾਦ, ਕਰਮਾ, ਰੁਸਤਮੇ ਹਿੰਦ, ਆਇਆ ਤੂਫਾਨ, ਹਕੀਕਤ, ਫੌਲਾਦ, ਮੇਰਾ ਨਾਮ ਜੌਕਰ, ਕੁੰਵਾਰਾ ਬਾਪ, ਅਜੂਬਾ ਆਦਿ ਫਿਲਮਾਂ ਵਿੱਚ ਕੰਮ ਕੀਤਾ। ਦਾਰਾ ਸਿੰਘ ਤੇ ਮੁਮਤਾਜ਼ ਦੀ ਜੋੜੀ ਬਾਲੀਵੁੱਡ ਦੀਆਂ ਮਕਬੂਲ ਜੋੜੀਆਂ ਵਿੱਚੋਂ ਇਕ ਰਹੀ ਜਿਨ੍ਹਾਂ ਬਾਰੇ ਖੁੰਢ ਚਰਚਾਵਾਂ ਸਭ ਤੋਂ ਵਧੇਰੇ ਹੁੰਦੀਆਂ ਸਨ। ਦਾਰਾ-ਮੁਮਤਾਜ਼ ਜੋੜੀ ਨੇ 16 ਫ਼ਿਲਮਾਂ ਵਿੱਚ ਇਕੱਠਿਆ ਕੰਮ ਕੀਤਾ। ਦਾਰਾ ਸਿੰਘ ਨੇ ਪ੍ਰਿਥਵੀ ਰਾਜ ਕਪੂਰ ਨਾਲ ਵੀ ਕੰਮ ਕੀਤਾ। ਦਾਰਾ ਸਿੰਘ ਨੇ ਕੌਮੀ ਐਵਾਰਡ ਜੇਤੂ ਫਿਲਮ ਮੈਂ ਮਾਂ ਪੰਜਾਬ ਦੀ ਵਿੱਚ ਵੀ ਰੋਲ ਨਿਭਾਇਆ। ਦਾਰਾ ਸਿੰਘ ਨੇ ਪੰਜਾਬੀ ਫ਼ਿਲਮਾਂ ਸਵਾ ਲਾਖ ਸੇ ਏਕ ਲੜਾਓ, ਨਾਨਕ ਦੁਖੀਆ ਸਭ ਸੰਸਾਰ, ਧਿਆਨੂ ਭਗਤ, ਰੱਬ ਦੀਆਂ ਰੱਖਾਂ ਦਾ ਨਿਰਦੇਸ਼ਨ ਵੀ ਕੀਤਾ। ਹਿੰਦੀ ਫ਼ਿਲਮਾਂ ਵਿੱਚ ਭਗਤੀ ਮੇਂ ਸ਼ਕਤੀ ਅਤੇ ਰੁਸਤਮ ਦਾ ਨਿਰਦੇਸ਼ਨ ਕੀਤਾ। ਇਸ ਤੋਂ ਇਲਾਵਾ ਅੱਠ ਫ਼ਿਲਮਾਂ ਦਾ ਨਿਰਮਾਣ ਕੀਤਾ ਜਦੋਂ ਕਿ ਸੱਤ ਫ਼ਿਲਮਾਂ ਦੀ ਕਹਾਣੀ ਲਿਖੀ।
ਹਾਸੋਹੀਣੀ ਯਾਦ
ਦਾਰਾ ਸਿੰਘ ਦੇ ਸ਼ੁਰੂਆਤੀ ਦੌਰ ਨਾਲ ਇਕ ਹਾਸੋਹੀਣੀ ਯਾਦ ਵੀ ਜੁੜੀ ਹੈ। ਕਿਸੇ ਫ਼ਿਲਮ ਦੇ ਰੁਮਾਂਟਿਕ ਗਾਣੇ ਦੇ ਦ੍ਰਿਸ਼ ਫਿਲਮਾਉਂਦਿਆਂ ਦਾਰਾ ਸਿੰਘ ਨੇ ਹੀਰੋਇਨ ਨੂੰ ਬਾਂਹ ਤੋਂ ਫੜ ਕੇ ਆਪਣੇ ਵੱਲ ਖਿੱਚਣਾ ਸੀ ਤਾਂ ਦਾਰਾ ਸਿੰਘ ਨੇ ਸੁਭਾਅ ਮੁਤਾਬਕ ਹਲਕਾ ਜਿਹਿਆ ਖਿੱਚਿਆ ਪਰ ਹੀਰੋਇਨ ਨੂੰ ਅਜਿਹਾ ਜ਼ੋਰ ਨਾਲ ਧੱਕਾ ਲੱਗਿਆ ਕਿ ਉਹ ਦੂਜੇ ਪਾਸੇ ਜਾ ਡਿੱਗੀ। ਉਸ ਦੌਰ ਵਿੱਚ ਦਾਰਾ ਸਿੰਘ ਨੂੰ ਪ੍ਰਤੀ ਫ਼ਿਲਮ 4 ਲੱਖ ਰੁਪਏ ਮਿਲਦੇ ਸਨ।
ਧਾਰਮਿਕ ਲੜੀਵਾਰ ਰਮਾਇਣ ਵਿੱਚ ਹਨੂੰਮਾਨ ਦਾ ਰੋਲ
ਅੱਸੀਵਿਆਂ ਵਿੱਚ ਰਾਮਾਨੰਦ ਸਾਗਰ ਵੱਲੋਂ ਬਣਾਏ ਧਾਰਮਿਕ ਲੜੀਵਾਰ ਰਮਾਇਣ ਨੇ ਦਰਸ਼ਕਾਂ ਨੂੰ ਆਪਣੇ ਵੱਲ ਬਹੁਤ ਖਿੱਚਿਆ। ਦੂਰਦਰਸ਼ਨ ਉਪਰ ਆਏ ਇਸ ਮਕਬੂਲ ਲੜੀਵਾਰ ਵਿੱਚ ਦਾਰਾ ਸਿੰਘ ਵੱਲੋਂ ਹਨੂੰਮਾਨ ਦੇ ਨਿਭਾਏ ਰੋਲ ਨਾਲ ਇੰਝ ਲੱਗਣ ਲੱਗਾ ਕਿ ਹਨੂੰਮਾਨ ਦਾ ਰੋਲ ਦਾਰਾ ਸਿੰਘ ਤੋਂ ਬਿਨਾ ਅਧੂਰਾ ਸੀ। ਜੀ.ਟੀ.ਵੀ. ਦੇ ਪ੍ਰਸਿੱਧ ਲੜੀਵਾਰ ਹਦ ਕਰ ਦੀ ਅਤੇ ਸਟਾਰ ਵਨ ਦੇ ਲੜੀਵਾਰ ਕਿਆ ਹੋਗਾ ਨਿੰਮੋ ਦਾ ਵਿੱਚ ਵੀ ਰੋਲ ਨਿਭਾਇਆ। ਉਮਰ ਦੇ ਆਖਰੀ ਦਹਾਕਿਆਂ ਵਿੱਚ ਵੀ ਦਾਰਾ ਸਿੰਘ ਅਭਿਨੈ ਨਾਲ ਜੁੜੇ ਰਹੇ ਅਤੇ ਹਿੰਦੀ ਫ਼ਿਲਮਾਂ ਵਿੱਚ ਦਾਰਾ ਸਿੰਘ ਬਜ਼ਰੁਗ ਕਰੈਕਟਰ ਰੋਲ ਵਜੋਂ ਪਸੰਦ ਕੀਤੇ ਜਾਣ ਲੱਗੇ। ਇਸ ਦੌਰ ਵਿੱਚ ਦਾਰਾ ਸਿੰਘ ਨੇ ਪ੍ਰਸਿੱਧ ਫ਼ਿਲਮਾਂ ਕੱਲ੍ਹ ਹੋ ਨਾ ਹੋ, ਦਿਲਲਗੀ, ਜਬ ਵੀ ਮੈਟ ਆਦਿ ਵਿੱਚ ਯਾਦਗਾਰੀ ਕੰਮ ਕੀਤਾ। ਦਾਰਾ ਸਿੰਘ ਨੇ ਆਪਣਾ ਫਿਲਮੀ ਬੈਨਰ ਬਣਾ ਕੇ ਕਈ ਪੰਜਾਬੀ ਫਿਲਮਾਂ ਦਾ ਵੀ ਨਿਰਮਾਣ ਕੀਤਾ। ਦਾਰਾ ਸਿੰਘ ਦੀ ਆਖਰੀ ਹਿੰਦੀ ਫਿਲਮ ਜਬ ਵੀ ਮੈਟ ਅਤੇ ਪੰਜਾਬੀ ਫਿਲਮ ਦਿਲ ਆਪਣਾ ਪੰਜਾਬੀ ਹੈ।
ਸਨਮਾਨ
ਦਾਰਾ ਸਿੰਘ ਨੂੰ ਮਿਲੇ ਐਵਾਰਡਾਂ ਵਿੱਚ ਰੁਸਤਮੇ ਹਿੰਦ ਤੇ ਰੁਸਤਮੇ ਪੰਜਾਬ ਤੋਂ ਇਲਾਵਾ 1996 ਵਿੱਚ 'ਰੈਸਲਿੰਗ ਓਬਜ਼ਰਵਰ ਨਿਊਜ਼ ਲੈਟਰ ਹਾਲ ਆਫ ਫੇਮ' ਵਿੱਚ ਸ਼ਾਮਲ ਕੀਤਾ ਗਿਆ। ਦਾਰਾ ਸਿੰਘ ਨੇ 1978 ਵਿੱਚ ਮੁਹਾਲੀ ਵਿੱਚ ਦਾਰਾ ਸਟੂਡਿਓ ਬਣਾਇਆ ਜਿਸ ਵਿੱਚ ਫਿਲਮ ਸਟੂਡਿਓ 1980 ਵਿੱਚ ਸ਼ੁਰੂ ਹੋਇਆ। ਦਾਰਾ ਸਿੰਘ ਨੇ ਦੋ ਵਿਆਹ ਕਰਵਾਏ। ਪ੍ਰਦੁੱਮਣ ਸਿੰਘ ਰੰਧਾਵਾ ਉਸ ਦੇ ਪਹਿਲੇ ਵਿਆਹ ਦਾ ਪੁੱਤਰ ਹੈ ਜਦੋਂ ਕਿ ਦੋ ਪੁੱਤਰ ਤੇ ਤਿੰਨ ਪੁੱਤਰੀਆਂ ਦੂਜੇ ਵਿਆਹ ਤੋਂ ਹੋਈਆਂ। ਇਨ੍ਹਾਂ ਵਿੱਚੋਂ ਪੁੱਤਰ ਵਿੰਦੂ ਦਾਰਾ ਸਿੰਘ ਵੀ ਫਿਲਮੀ ਤੇ ਟੀ.ਵੀ. ਅਦਾਕਾਰ ਹੈ।
ਲੇਖਕ ਦੀ ਦਾਰਾ ਸਿੰਘ ਨਾਲ ਮੁਲਾਕਾਤ ਦੌਰਾਨ ਤਸਵੀਰ
ਦਾਰਾ ਸਿੰਘ ਦੀ ਅਭਿਨੈ ਵਿੱਚੋਂ ਸਾਦਗੀ, ਸਰਲਤਾ, ਪੰਜਾਬੀਅਤ ਅਤੇ ਉਸਾਰੂ ਸੋਚ ਨਜ਼ਰ ਆਉਂਦੀ ਸੀ। ਦਾਰਾ ਸਿੰਘ ਦੀ ਸਰੀਰਕ ਡੀਲ ਡੌਲ ਅਤੇ ਸਰੀਰਕ ਸ਼ਕਤੀ ਦੀ ਮਿੱਥ ਦਾ ਖਾਣ ਪੀਣ ਦੇ ਪਦਾਰਥ ਬਣਾਉਣ ਵਾਲੀਆਂ ਕੰਪਨੀਆਂ ਨੇ ਵੀ ਖੂਬ ਫਾਇਦਾ ਲਿਆ ਅਤੇ ਦਾਰਾ ਸਿੰਘ ਨੂੰ ਕਈ ਵਿਗਿਆਪਨਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਦਾਰਾ ਸਿੰਘ ਦੀ ਮਕਬੂਲੀਅਤ ਦਾ ਅੰਦਾਜ਼ਾ ਸਮੇਂ-ਸਮੇਂ 'ਤੇ ਵੱਖ-ਵੱਖ ਪ੍ਰਸਿੱਧ ਵਿਅਕਤੀਆਂ ਵੱਲੋਂ ਉਸ ਪ੍ਰਤੀ ਖਿੱਚ ਤੋਂ ਵੀ ਲਾਇਆ ਜਾਂਦਾ ਰਿਹਾ ਹੈ। ਕਰਤਾਰ ਸਿੰਘ ਵਰਗਾ ਪਹਿਲਵਾਨ ਜੇਕਰ ਦਾਰਾ ਸਿੰਘ ਨੂੰ ਆਦਰਸ਼ ਮੰਨਦਾ ਹੈ ਉਥੇ ਪ੍ਰਸਿੱਧ ਗੀਤਕਾਰ ਸ਼ਮਸ਼ੇਰ ਸੰਧੂ ਦੱਸਦਾ ਹੈ ਕਿ ਉਹ ਦਾਰਾ ਸਿੰਘ ਨੂੰ ਮਿਲਣ ਖਾਤਰ ਘੰਟਿਆਂ ਬੱਧੀ ਜਲੰਧਰ ਦੇ ਸਕਾਈਲਾਰਕ ਹੋਟਲ ਦੇ ਬਾਹਰ ਖੜ੍ਹਾ ਰਿਹਾ ਸੀ।
ਦਾਰਾ ਸਿੰਘ ਦੇ ਅੰਤਲੇ ਦੌਰ ਵਿੱਚ ਮੈਨੂੰ ਵੀ ਇਸ ਮਹਾਨ ਸ਼ਖ਼ਸੀਅਤ ਨਾਲ ਮਿਲਣ ਦਾ ਮੌਕਾ ਮਿਲਿਆ ਜਦੋਂ ਕਿਸੇ ਟੀ.ਵੀ. ਪ੍ਰੋਗਰਾਮ ਲਈ ਮੇਰੇ ਸਾਥੀ ਨਰਿੰਦਰ ਪਾਲ ਜਗਦਿਓ ਨੇ ਦਾਰਾ ਸਟੂਡੀਓ ਵਿਖੇ ਉਸ ਦੀ ਇੰਟਰਵਿਊ ਕਰਨੀ ਸੀ। ਉਸ ਸਮੇਂ ਵਾਪਰੀ ਘਟਨਾ ਨੇ ਮੈਨੂੰ ਬਹੁਤ ਭਾਵੁਕ ਕੀਤਾ। ਜਵਾਨੀ ਸਮੇਂ ਸੈਂਕੜੇ ਪਹਿਲਵਾਨਾਂ ਨੂੰ ਪਟਕਨੀ ਦੇਣ ਵਾਲੇ ਦਾਰਾ ਸਿੰਘ ਵੱਲੋਂ ਉਮਰ ਦੇ 80ਵੇਂ ਵਰ੍ਹੇ ਵਿੱਚ ਚਾਹ ਦਾ ਕੱਪ ਉਠਾਉਣ ਲਈ ਵੀ ਦੋ ਹੱਥਾਂ ਦਾ ਸਹਾਰਾ ਲੈਣਾ ਪੈਂਦਾ ਸੀ। ਇਸ ਦੇ ਬਾਵਜੂਦ ਦਾਰਾ ਸਿੰਘ ਸਾਡੇ ਸਾਰਿਆਂ ਲਈ ਆਸਾਧਰਣ ਬੱਲ ਅਤੇ ਸ਼ਕਤੀ ਦਾ ਪ੍ਰਤੀਕ ਰਹੇਗਾ ਜਿਹੜਾ 12 ਜੁਲਾਈ 2012 ਨੂੰ ਸਾਡੇ ਕੋਲੋਂ ਸਦਾ ਲਈ ਵਿਛੜ ਗਿਆ। ਦਾਰਾ ਸਿੰਘ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਵੇਗਾ।
ਨੋਟ : ਦਾਰਾ ਸਿੰਘ ਦੀ ਪਹਿਲਵਾਨੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?