ਹਰ ਸਵਾਲ ਦਾ ਜਵਾਬ ਦੇਣਗੇ ਅਮਿਤ ਸ਼ਾਹ, ਚਰਚਾ ਤੋਂ ਡਰ ਕੇ ਭੱਜਣ ਨਾ ਰਾਹੁਲ ਗਾਂਧੀ - ਢਿੱਲੋਂ

Tuesday, Aug 11, 2026 - 08:03 PM (IST)

ਹਰ ਸਵਾਲ ਦਾ ਜਵਾਬ ਦੇਣਗੇ ਅਮਿਤ ਸ਼ਾਹ, ਚਰਚਾ ਤੋਂ ਡਰ ਕੇ ਭੱਜਣ ਨਾ ਰਾਹੁਲ ਗਾਂਧੀ - ਢਿੱਲੋਂ

ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਾਂਗਰਸ ਆਗੂ ਰਾਹੁਲ ਗਾਂਧੀ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਇਹ ਆਗੂ ਲੋਕਾਂ ਦੇ ਮੁੱਦਿਆਂ ’ਤੇ ਸਿਰਫ਼ ਰਾਜਨੀਤੀ ਅਤੇ ਹੰਗਾਮਾ ਕਰਨਾ ਜਾਣਦੇ ਹਨ, ਜਦਕਿ ਜਦੋਂ ਸੰਸਦ ਵਿਚ ਗੰਭੀਰ ਮੁੱਦਿਆਂ ’ਤੇ ਬਹਿਸ ਕਰਨ ਦਾ ਮੌਕਾ ਆਉਂਦਾ ਹੈ ਤਾਂ ਇਹ ਚਰਚਾ ਤੋਂ ਭੱਜਦੇ ਨਜ਼ਰ ਆਉਂਦੇ ਹਨ।

ਪ੍ਰਧਾਨ ਢਿੱਲੋਂ ਨੇ ਕਿਹਾ ਕਿ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਹੈ, ਪਰ ਰਾਹੁਲ ਗਾਂਧੀ ਸੰਸਦ ਦੇ ਅੰਦਰ ਚਰਚਾ ਕਰਨ ਦੀ ਬਜਾਏ ਸੰਸਦ ਦੇ ਬਾਹਰ ਰੌਲਾ ਪਾਉਣ ਨੂੰ ਤਰਜੀਹ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸੰਸਦ ਦਾ ਇਕ-ਇਕ ਮਿੰਟ ਅਤੇ ਦੇਸ਼ ਦੇ ਲੋਕਾਂ ਦਾ ਇਕ-ਇਕ ਰੁਪਇਆ ਕੀਮਤੀ ਹੈ। ਸੰਸਦ ਦੀ ਕਾਰਵਾਈ ਨੂੰ ਰੋਕ ਕੇ ਜਨਤਾ ਦੇ ਪੈਸੇ ਅਤੇ ਕੀਮਤੀ ਸਮੇਂ ਦੀ ਬਰਬਾਦੀ ਕਰਨਾ ਕਾਂਗਰਸ ਦੀ ਗੈਰ-ਜ਼ਿੰਮੇਵਾਰਾਨਾ ਰਾਜਨੀਤੀ ਨੂੰ ਦਰਸਾਉਂਦਾ ਹੈ।

ਉਨ੍ਹਾਂ ਕਿਹਾ ਕਿ ਜਦੋਂ ਰਾਹੁਲ ਗਾਂਧੀ ਵਾਰ-ਵਾਰ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਜਵਾਬ ਰਹੇ ਸਨ, ਤਾਂ ਕੱਲ ਜਦੋਂ ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜਿਜੂ ਵੱਲੋਂ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਗ੍ਰਹਿ ਮੰਤਰੀ ਸੰਸਦ ਵਿੱਚ ਹਰ ਮੁੱਦੇ ’ਤੇ ਹਰ ਪ੍ਰਸ਼ਨ ਦਾ ਜਵਾਬ ਦੇਣ ਲਈ ਤਿਆਰ ਹਨ। ਇਸ ਦੇ ਬਾਵਜੂਦ ਕਾਂਗਰਸ ਸੰਸਦ ਦੇ ਅੰਦਰ ਚਰਚਾ ਕਰਨ ਤੋਂ ਪਿੱਛੇ ਹਟਦਿਆਂ ਵਾਕਆਊਟ ਕਰ ਗਈ। ਉਨ੍ਹਾਂ ਕਿਹਾ ਕਿ ਇਸ ਤੋਂ ਸਪੱਸ਼ਟ ਹੈ ਕਿ ਰਾਹੁਲ ਗਾਂਧੀ ਅਤੇ ਕਾਂਗਰਸ ਦਾ ਮਕਸਦ ਮੁੱਦਿਆਂ ਦਾ ਹੱਲ ਨਹੀਂ, ਸਗੋਂ ਸਿਆਸੀ ਹੰਗਾਮਾ ਕਰਨਾ ਹੈ।

ਭਾਜਪਾ ਸੂਬਾ ਪ੍ਰਧਾਨ ਨੇ ਝਾਰਖੰਡ ਦੇ ਰਾਂਚੀ ਵਿਚ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੌਰਾਨ ਹੋਈ ਪੁਲਸ ਕਾਰਵਾਈ ’ਤੇ ਵੀ ਸਖ਼ਤ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਆਪਣੇ ਹੱਕਾਂ ਅਤੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸ਼ਾਂਤਮਈ ਢੰਗ ਨਾਲ ਆਵਾਜ਼ ਉਠਾ ਰਹੇ ਵਿਦਿਆਰਥੀਆਂ ਨਾਲ ਜਿਸ ਤਰ੍ਹਾਂ ਦਾ ਵਤੀਰਾ ਹੋਣ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ, ਉਹ ਬੇਹੱਦ ਚਿੰਤਾਜਨਕ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਰੋਕਣ ਲਈ ਕੰਡਿਆਲੀ ਤਾਰਾਂ, ਅੱਥਰੂ ਗੈਸ ਅਤੇ ਪਾਣੀ ਦੀਆਂ ਬੌਛਾਰਾਂ ਦੀ ਵਰਤੋਂ ਅਤੇ ਲਾਠੀਚਾਰਜ ਵਰਗੀਆਂ ਕਾਰਵਾਈਆਂ ਦੀਆਂ ਰਿਪੋਰਟਾਂ ਨੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। 

ਢਿੱਲੋਂ ਨੇ ਸਵਾਲ ਕੀਤਾ ਕਿ ਝਾਰਖੰਡ ਵਿਚ ਕਾਂਗਰਸ ਦੀ ਭਾਈਵਾਲੀ ਸਰਕਾਰ ਹੈ, ਇਸ ਮਾਮਲੇ ਉੱਪਰ ਰਾਹੁਲ ਗਾਂਧੀ ਅਤੇ ਅਰਵਿੰਦ ਕੇਜਰੀਵਾਲ ਰਾਂਚੀ ਮੁੱਦੇ ’ਤੇ ਚੁੱਪ ਕਿਉਂ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਹੱਕਾਂ ਦੀ ਗੱਲ ਸਿਰਫ਼ ਸਿਆਸੀ ਲਾਭ ਲਈ ਕਰਨਾ ਅਤੇ ਜਿੱਥੇ ਆਪਣੇ ਸਿਆਸੀ ਸਾਥੀਆਂ ਦੀ ਸਰਕਾਰ ਹੋਵੇ ਉੱਥੇ ਚੁੱਪ ਰਹਿਣਾ ਦੋਗਲੀ ਰਾਜਨੀਤੀ ਦੀ ਮਿਸਾਲ ਹੈ। ਪ੍ਰਧਾਨ ਢਿੱਲੋਂ ਨੇ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਪੰਜਾਬ ਵਿਚ ਵੀ ਨੌਜਵਾਨਾਂ, ਮੁਲਾਜ਼ਮਾਂ, ਕਿਸਾਨਾਂ, ਮਜ਼ਦੂਰਾਂ ਅਤੇ ਅਧਿਆਪਕਾਂ ਸਮੇਤ ਵੱਖ-ਵੱਖ ਵਰਗ ਆਪਣੇ ਹੱਕਾਂ ਲਈ ਸੜਕਾਂ ’ਤੇ ਉਤਰਦੇ ਹਨ ਤਾਂ ਸਰਕਾਰ ਡੰਡੇ ਵਰਾਉਂਦੀ ਹੈ। ਪੰਜਾਬ ਵਿਚ ਪੇਪਰ ਲੀਕ ਵਰਗੇ ਗੰਭੀਰ ਮਾਮਲਿਆਂ ਨੇ ਨੌਜਵਾਨਾਂ ਦੇ ਭਵਿੱਖ ਅਤੇ ਸਰਕਾਰੀ ਭਰਤੀ ਪ੍ਰਕਿਰਿਆ ’ਤੇ ਸਵਾਲ ਖੜ੍ਹੇ ਕੀਤੇ ਹਨ।

ਢਿੱਲੋਂ ਨੇ ਕਿਹਾ ਕਿ ਕਾਂਗਰਸ, ਰਾਹੁਲ ਗਾਂਧੀ ਅਤੇ ਆਮ ਆਦਮੀ ਪਾਰਟੀ ਦੀ ਰਾਜਨੀਤੀ ਦਾ ਕੇਂਦਰ ਸਿਰਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਬਣ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੂੰ ਸਰਕਾਰ ਦਾ ਵਿਰੋਧ ਕਰਨ ਦਾ ਪੂਰਾ ਹੱਕ ਹੈ, ਪਰ ਦੇਸ਼ ਦੇ ਵਿਕਾਸ ਅਤੇ ਲੋਕ ਹਿੱਤਾਂ ਨਾਲ ਜੁੜੇ ਮੁੱਦਿਆਂ ’ਤੇ ਰਚਨਾਤਮਕ ਚਰਚਾ ਕਰਨਾ ਵੀ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਢਿੱਲੋਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਝਾਰਖੰਡ ਦੇ ਵਿਦਿਆਰਥੀਆਂ ਦੇ ਹੱਕ ਵਿੱਚ ਚੱਟਾਨ ਵਾਂਗ ਖੜ੍ਹੀ ਹੈ ਅਤੇ ਵਿਦਿਆਰਥੀਆਂ ਦੀ ਆਵਾਜ਼ ਨੂੰ ਦਬਾਉਣ ਦੀ ਕਿਸੇ ਵੀ ਕੋਸ਼ਿਸ਼ ਦਾ ਵਿਰੋਧ ਕਰੇਗੀ। ਉਨ੍ਹਾਂ ਰਾਹੁਲ ਗਾਂਧੀ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਸੰਸਦ ਵਿੱਚ ਬਹਿਸ ਤੋਂ ਨਾ ਭੱਜਣ ਅਤੇ ਝਾਰਖੰਡ ਵਿੱਚ ਵਿਦਿਆਰਥੀਆਂ ਨਾਲ ਹੋਈ ਕਾਰਵਾਈ ਬਾਰੇ ਆਪਣੀ ਚੁੱਪੀ ਤੋੜਨ।


author

Anmol Tagra

Content Editor

Related News