MOU ਕਰ ਕੇ ਪੰਜਾਬ ’ਤੇ ‘ਕੰਟਰੋਲ’ ਕਰਨ ਦੀ ਫ਼ਿਰਾਕ ’ਚ ਕੇਜਰੀਵਾਲ : ਤਰੁਣ ਚੁੱਘ

Tuesday, Apr 26, 2022 - 05:57 PM (IST)

MOU ਕਰ ਕੇ ਪੰਜਾਬ ’ਤੇ ‘ਕੰਟਰੋਲ’ ਕਰਨ ਦੀ ਫ਼ਿਰਾਕ ’ਚ ਕੇਜਰੀਵਾਲ : ਤਰੁਣ ਚੁੱਘ

ਚੰਡੀਗੜ੍ਹ (ਬਿਊਰੋ)-ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਗਿਆਨ ਵੰਡਣ ਲਈ ਕੀਤੇ ਇਕ ‘ਸਮਝੌਤੇ’ ਨੂੰ ਸਸਤਾ ਸਿਆਸੀ ਸਟੰਟ ਕਰਾਰ ਦਿੱਤਾ ਹੈ। ਅਜਿਹੀਆਂ ਕਈ ਉਦਾਹਰਣਾਂ ਹਨ, ਜਿਥੇ ਇਕ ਸੂਬੇ ਦੇ ਨੇਤਾ ਦੂਜੇ ਸੂਬਿਆਂ ਦੀਆਂ ਨੀਤੀਆਂ ਬਾਰੇ ਜਾਣਕਾਰੀ ਹਾਸਲ ਕਰਦੇ ਰਹੇ ਹਨ। ਦੋ ਸੂਬਿਆਂ ਦਰਮਿਆਨ ਐੱਮ. ਓ. ਯੂ. ’ਤੇ ਦਸਤਖ਼ਤ ਕਰਨਾ ਇਕ ਨਵੀਂ ਅਤੇ ਅਜੀਬ ਪ੍ਰੰਪਰਾ ਹੈ, ਜਿਸ ਨੂੰ ਆਮ ਆਦਮੀ ਪਾਰਟੀ ਸਥਾਪਿਤ ਕਰਨ ਜਾ ਰਹੀ ਹੈ।
ਚੁੱਘ ਨੇ ਕਿਹਾ ਕਿ ਪੰਜਾਬ ਤੇ ਦਿੱਲੀ ਵਿਚਾਲੇ ਹੋਏ ਇਸ ਸਮਝੌਤੇ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਦੇ ਪ੍ਰਸ਼ਾਸਨ ਨੂੰ ਆਪਣੇ ਰਿਮੋਟ ਨਾਲ ਚਲਾਉਣਾ ਚਾਹੁੰਦੇ ਹਨ। ਆਮ ਆਦਮੀ ਪਾਰਟੀ ਦੇਸ਼ ਦੇ ਜਿਸ ਵੀ ਸੂਬੇ ਵਿਚ ਸਰਕਾਰ ਦਾ ਗਠਨ ਕਰੇਗੀ, ਅਰਵਿੰਦ ਕੇਜਰੀਵਾਲ ਸਮਝੌਤੇ ਜ਼ਰੀਏ ਉਸੇ ਸੂਬੇ ’ਤੇ ਕੰਟਰੋਲ ਕਰਨਗੇ। ਇਹ ਦੇਸ਼ ਦੇ ਸੰਘੀ ਢਾਂਚੇ ਲਈ ਇਕ ਨਵੀਂ ਚੁਣੌਤੀ ਹੈ।

ਇਹ ਵੀ ਪੜ੍ਹੋ : ‘ਆਪ’ ਵਿਧਾਇਕਾਂ ਵੱਲੋਂ ਹਿੰਦੀ 'ਚ ਕੀਤੇ ਟਵੀਟਸ ਦਾ ਮੁੱਦਾ ਭਖ਼ਿਆ, ਸੁਖਪਾਲ ਖਹਿਰਾ ਨੇ ਲਾਇਆ ਵੱਡਾ ਇਲਜ਼ਾਮ

ਚੁੱਘ ਨੇ ਪੰਜਾਬ ਦੇ ਮੁੱਖ ਮੰਤਰੀ ’ਤੇ ਪੰਜਾਬ ’ਚ ਸਕੂਲਾਂ ਦੀ ਸਹੀ ਹਾਲਤ ਨੂੰ ਸਮਝੇ ਬਿਨਾਂ ਦਿੱਲੀ ਦੇ ਸਕੂਲਾਂ ਦੇ ਮਾਡਲ ਦਾ ਅਧਿਐਨ ਕਰਨ ਲਈ ਦਿੱਲੀ ਜਾਣ ਲਈ ਸਖ਼ਤ ਆਲੋਚਨਾ ਕੀਤੀ। ਚੁੱਘ ਨੇ ਕਿਹਾ ਕਿ 2016 ਵਿਚ ਅਕਾਲੀ ਦਲ ਤੇ ਭਾਜਪਾ ਸ਼ਾਸਨ ਦੌਰਾਨ ਪੰਜਾਬ ਨੂੰ ਸਕੂਲੀ ਸਿੱਖਿਆ ਪ੍ਰਣਾਲੀ ਲਈ ਦੇਸ਼ ’ਚ ਦੂਸਰੇ ਸਥਾਨ ’ਤੇ ਰੱਖਿਆ ਗਿਆ ਸੀ, ਜਦਕਿ ਦਿੱਲੀ ਨੂੰ ਬਹੁਤ ਹੇਠਲੇ ਸਥਾਨ ’ਤੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਦਿੱਲੀ ਦੇ ਅਖੌਤੀ ਮਾਡਲ ’ਤੇ ਚੱਲਣ ਦੀ ਕਾਹਲੀ ਦੀ ਬਜਾਏ ਸੂਬੇ ਅੰਦਰ ਸਿਸਟਮ ਠੀਕ ਕਰਨਾ ਚਾਹੀਦਾ ਹੈ। ਪੂਰੇ ਮਾਮਲੇ ਨੂੰ ਲੈ ਕੇ ਸਿਆਸੀ ਡਰਾਮਾ ਨਹੀਂ ਕਰਨਾ ਚਾਹੀਦਾ। ਇਹ ਪੰਜਾਬ ਤੇ ਪੰਜਾਬੀਆਂ ਦੇ ਸਵੈ-ਮਾਣ ਦਾ ਘੋਰ ਅਪਮਾਨ ਹੈ।
 


author

Manoj

Content Editor

Related News