ਆਫ਼ ਦਿ ਰਿਕਾਰਡ: ਕੇਜਰੀਵਾਲ ਦਾ ‘ਦਿੱਲੀ ਮਾਡਲ’ ਭਾਜਪਾ ਲਈ ਬਣਿਆ ਵੱਡੀ ਚੁਣੌਤੀ

10/21/2021 1:35:40 PM

ਨਵੀਂ ਦਿੱਲੀ: ਜੇ ਨਰਿੰਦਰ ਮੋਦੀ ਦੇ ‘ਗੁਜਰਾਤ ਮਾਡਲ’ ਨੇ ਲੋਕਾਂ ਨੂੰ ਲੁਭਾ ਕੇ 2014 ਦੀਆਂ ਲੋਕ ਸਭਾ ਦੀਆਂ ਚੋਣਾਂ ਵਿਚ ਭਾਜਪਾ ਨੂੰ ਸ਼ਾਨਦਾਰ ਜਿੱਤ ਦਿਵਾਈ ਸੀ ਤਾਂ ਹੁਣ ਅਰਵਿੰਦ ਕੇਜਰੀਵਾਲ ਦਾ ‘ਦਿੱਲੀ ਮਾਡਲ’ ਵੀ ਚੁੱਪਚਾਪ ਲੋਕਾਂ ਦੇ ਦਿਲਾਂ ਵਿਚ ਥਾਂ ਬਣਾ ਰਿਹਾ ਹੈ। ਜੇ ਮੋਦੀ ਦੀ ਸ਼ਖ਼ਸੀਅਤ ਨੇ ਲੋਕਾਂ ਨੂੰ ਮੰਤਰ-ਮੁਗਧ ਕਰਨਾ ਜਾਰੀ ਰੱਖਿਆ ਅਤੇ ਉਨ੍ਹਾਂ ਨੂੰ 2 ਵਾਰ ਭਾਰੀ ਲੋਕ ਫਤਵਾ ਦਿੱਤਾ ਤਾਂ ਕੇਜਰੀਵਾਲ 2015 ਵਿਚ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿਚ ਕਾਂਗਰਸ ਅਤੇ ਭਾਜਪਾ ਦੋਵਾਂ ਨੂੰ ਹਰਾਉਣ ਵਿਚ ਸਫ਼ਲ ਰਹੇ ਹਨ। ਕੇਜਰੀਵਾਲ ਦਾ 2020 ਵਿਚ ਆਪਣੀ ਜਿੱਤ ਦਾ ਸਿਲਸਿਲਾ ਦੁਹਰਾਉਣਾ ਬੇਮਿਸਾਲ ਸੀ।

ਨਿਤੀਸ਼ ਕੁਮਾਰ ਨੇ ਵੀ 2017 ਵਿਚ ਬਿਹਾਰ ਵਿਚ ਭਾਜਪਾ ਦਾ ‘ਅਸ਼ਵਮੇਧ ਰੱਥ’ ਰੋਕ ਦਿੱਤਾ ਸੀ ਪਰ ਉਹ ਰਾਜਦ ਦੇ ਲਾਲੂ ਪ੍ਰਸਾਦ ਯਾਦਵ ਦੀ ਮਦਦ ਨਾਲ ਹੀ ਅਜਿਹਾ ਪਰਾਕਰਮ ਕਰਨ ਵਿਚ ਸਫ਼ਲ ਹੋ ਸਕੇ ਸਨ। ਇਹ ਵੀ ਵਿਡੰਬਨਾ ਹੈ ਕਿ ਮੋਦੀ-ਅਮਿਤ ਸ਼ਾਹ ਦੀ ਜੋੜੀ ਅਤੇ ਸਵ. ਅਰੁਣ ਜੇਤਲੀ ਨੇ ਨਿਤੀਸ਼ ਨੂੰ ਭਾਜਪਾ ਨਾਲ ਮਿਲਾ ਲਿਆ ਅਤੇ ਇਹ ਯਕੀਨੀ ਕੀਤਾ ਕਿ ਮੋਦੀ ਨੂੰ ਚੁਣੌਤੀ ਦੇਣ ਲਈ ਉੱਤਰੀ ਭਾਰਤ ਵਿਚ ਕੋਈ ਵੱਡੀ ਸਿਆਸੀ ਸ਼ਕਤੀ ਨਾ ਬਚੇ। ਇਥੋਂ ਤੱਕ ਕਿ ਭਾਜਪਾ ਮਹਾਰਾਸ਼ਟਰ ਵਿਚ ਊਧਵ ਠਾਕਰੇ ਦੀ ਅਗਵਾਈ ਵਾਲੀ ਮਹਾਵਿਕਾਸ ਅਘਾੜੀ (ਐੱਮ. ਵੀ. ਏ.) ਸਰਕਾਰ ਨੂੰ ਵੀ ਕੋਈ ਗੰਭੀਰ ਚੁਣੌਤੀ ਨਹੀਂ ਮੰਨਦੀ।

ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਜਗ੍ਹਾ ਬਣਾਉਣ ਲਈ ਮਜ਼੍ਹਬੀ ਤੇ ਵਾਲਮੀਕਿ ਸਮਾਜ ਨੂੰ ਦੇਣੀ ਪਵੇਗੀ ਅਹਿਮੀਅਤ

ਮਮਤਾ ਬੈਨਰਜੀ ਦੇ ਚਰਚੇ
ਜਿਥੋਂ ਤੱਕ ਮਮਤਾ ਬੈਨਰਜੀ ਦੀ ਗੱਲ ਹੈ, ਪੱਛਮੀ ਬੰਗਾਲ ਵਿਚ ਉਨ੍ਹਾਂ ਨੂੰ ਮਿਲੀ ਭਾਰੀ ਜਿੱਤ ਦੇ ਬਾਵਜੂਦ ਘੱਟੋ-ਘੱਟ ਇਸ ਸਮੇਂ ਤਾਂ ਪੂਰੇ ਦੇਸ਼ ਵਿਚ ਉਨ੍ਹਾਂ ਦੀ ਖਿੱਚ ਸੀਮਤ ਹੈ। ਇਸ ਸੰਦਰਭ ਵਿਚ ਕੇਜਰੀਵਾਲ ਦਾ ਉਭਰਨਾ ਭਾਜਪਾ ਲਈ ਚੁਣੌਤੀ ਹੈ। ਭਾਵੇਂ ਭਾਜਪਾ ਦੀ ਲੀਡਰਸ਼ਿਪ ਨੇ ਉਨ੍ਹਾਂ ਨੂੰ ਇਕ ਛੋਟੇ ਕੇਂਦਰ ਸ਼ਾਸਿਤ ਖੇਤਰ ਦਾ ਨੇਤਾ ਕਹਿ ਕੇ ਰੱਦ ਕਰ ਦਿੱਤਾ ਹੈ ਪਰ ਅੰਦਰਖਾਤੇ ਭਾਜਪਾ ਜਾਣਦੀ ਹੈ ਕਿ ਉਨ੍ਹਾਂ ਦੇ ਦਿੱਲੀ ਮਾਡਲ ਨੂੰ ਲੈ ਕੇ ਕਈ ਸੂਬਿਆਂ ਖ਼ਾਸ ਕਰ ਕੇ ਪੰਜਾਬ, ਉੱਤਰਾਖੰਡ ਅਤੇ ਗੋਆ ਵਿਚ ਬਹੁਤ ਚਰਚਾ ਹੋ ਰਹੀ ਹੈ, ਜਿੱਥੇ ਫਰਵਰੀ-ਮਾਰਚ 2022 ਵਿਚ ਅਸੈਂਬਲੀ ਚੋਣਾਂ ਹੋਣੀਆਂ ਹਨ।

ਇਹ ਵੀ ਪੜ੍ਹੋ : ਨੀਲੇ ਚੋਲੇ, ਹੱਥਾਂ ’ਚ ਕਿਰਪਾਨ, ਦਸ ਗੁਰੂਆਂ ਨੂੰ ਮੰਨਣ ਵਾਲੇ, ਜਾਣੋ ਕੌਣ ਹੁੰਦੇ ਹਨ ਨਿਹੰਗ ਸਿੰਘ ਯੋਧੇ

ਕੇਜਰੀਵਾਲ ਦਾ ਪਲਾਨ
ਇੱਥੇ ਇਹ ਯਾਦ ਰੱਖਣ ਵਾਲੀ ਗੱਲ ਹੈ ਕਿ ਆਈ. ਆਈ. ਟੀ. ਤੋਂ ਗ੍ਰੈਜੂਏਟ ਕੇਜਰੀਵਾਲ ਦੇ ਮਨ ਵਿਚ ਰਾਸ਼ਟਰੀ ਆਗੂ ਬਣਨ ਦੀ ਇੱਛਾ ਹੈ। ਇਸ ਗੱਲ ਦਾ ਸੰਕੇਤ ਉਹ 2014 ਵਿਚ ਲਗਭਗ 450 ਲੋਕ ਸਭਾ ਦੀਆਂ ਸੀਟਾਂ ’ਤੇ ਚੋਣ ਲੜ ਕੇ ਦੇ ਚੁੱਕੇ ਹਨ। ਭਾਜਪਾ ਦਿੱਲੀ ਤੋਂ ਬਾਹਰ ਕੇਜਰੀਵਾਲ ਦੇ ਅੱਗੇ ਵਧਣ ਨੂੰ ਰੋਕਣ ਲਈ ਹਰ ਸੰਭਵ ਯਤਨ ਕਰ ਰਹੀ ਹੈ ਕਿਉਂਕਿ ਉਹ ਦਿੱਲੀ ਵਿਚ ਮੋਦੀ ਲਈ ਇਕੋ-ਇਕ ਵੱਡਾ ਖ਼ਤਰਾ ਬਣ ਗਏ ਹਨ।

ਨੋਟ : ਵਿਧਾਨ ਸਭਾ ਚੋਣਾਂ 2022 ਵਿੱਚ ਕਿਸ ਪਾਰਟੀ ਦੀ ਬਣੇਗੀ ਪੰਜਾਬ ਚ ਸਰਕਾਰ? ਕੁਮੈਂਟ ਕਰਕੇ ਦਿਓ ਆਪਣੀ ਰਾਏ

Harnek Seechewal

This news is Content Editor Harnek Seechewal