ਸਿੱਧੂ ਦੇ ਸ੍ਰੀ ਕਰਤਾਰਪੁਰ ਸਾਹਿਬ ਜਾਣ ਬਾਰੇ ਸਸਪੈਂਸ ਜਾਰੀ, ਮਨਮੋਹਨ ਸਿੰਘ ਦਾ ਨਾਂ ਫਾਈਨਲ

11/06/2019 9:36:13 PM

ਅੰਮ੍ਰਿਤਸਰ,(ਕਮਲ): ਪੰਜਾਬ ਦੇ ਸਾਬਕਾ ਸਥਾਨਕ ਸਰਕਾਰ ਅਦਾਰਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਸਰਕਾਰੀ ਉਦਘਾਟਨੀ ਸਮਾਰੋਹ ਵਿਚ ਹਿੱਸਾ ਲੈਣ ਲਈ ਪਾਕਿਸਤਾਨ ਜਾ ਸਕਣ ਨੂੰ ਲੈ ਕੇ ਬੁੱਧਵਾਰ ਰਾਤ ਤੱਕ ਸਸਪੈਂਸ ਬਣਿਆ ਹੋਇਆ ਸੀ। ਭਾਰਤ ਸਰਕਾਰ ਨੇ ਪਾਕਿਸਤਾਨ ਨੂੰ 550 ਤੋਂ ਵੱਧ ਸ਼ਰਧਾਲੂਆਂ ਦੀ ਜਿਹੜੀ ਸੂਚੀ ਸੌਂਪੀ ਹੈ, ਉਸ ਵਿਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਸ਼ਾਮਲ ਹਨ। ਸਿੱਧੂ ਬਾਰੇ ਸਥਿਤੀ ਸਪੱਸ਼ਟ ਨਹੀਂ ਹੈ।

ਸਿੱਧੂ ਨੇ ਲਾਂਘੇ ਦੇ ਸਰਕਾਰੀ ਉਦਘਾਟਨੀ ਸਮਾਰੋਹ ਵਿਚ ਸ਼ਾਮਲ ਹੋਣ ਬਾਰੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਆਗਿਆ ਦੇਣ ਲਈ ਮੁੜ ਚਿੱਠੀ ਲਿਖੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਪਾਕਿਸਤਾਨ ਤੋਂ ਸੱਦਾ ਆ ਚੁੱਕਾ ਹੈ। 9 ਨਵੰਬਰ ਨੂੰ ਸਵੇਰੇ 9.30 ਵਜੇ ਤੋਂ ਪਹਿਲਾਂ ਉਦਘਾਟਨੀ ਸਮਾਰੋਹ ਹੋਣਾ ਹੈ। ਉਨ੍ਹਾਂ ਆਪਣੀ ਚਿੱਠੀ ਵਿਚ ਲਿਖਿਆ ਹੈ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਅਰਦਾਸ ਕਰਨ ਪਿੱਛੋਂ ਇਕ ਨਿਮਾਣੇ ਸਿੱਖ ਵਜੋਂ ਉਹ ਸੰਗਤ ਨਾਲ ਸ੍ਰੀ ਕਰਤਾਰਪੁਰ ਸਾਹਿਬ ਦੇ ਸਮਾਰੋਹ ਵਿਚ ਜਾਣਾ ਚਾਹੁੰਦੇ ਹਨ। ਸ਼ਾਮ ਤੱਕ ਉਹ ਵਾਪਸ ਆ ਜਾਣਗੇ। ਜੇ ਸੰਭਵ ਹੋ ਸਕੇ ਤਾਂ ਉਨ੍ਹਾਂ ਨੂੰ ਵਾਹਗਾ ਸਰਹੱਦ ਰਾਹੀਂ ਇਕ ਦਿਨ ਪਹਿਲਾਂ ਭਾਵ 8 ਨਵੰਬਰ ਨੂੰ ਪਾਕਿਸਤਾਨ ਜਾਣ ਦੀ ਆਗਿਆ ਦਿੱਤੀ ਜਾਏ। ਉਹ ਉਸ ਰਾਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਰੁਕ ਕੇ 9 ਨਵੰਬਰ ਨੂੰ ਸਵੇਰੇ ਉਦਘਾਟਨੀ ਸਮਾਰੋਹ ਵਿਚ ਹਿੱਸਾ ਲੈਣ ਪਿੱਛੋਂ ਲਾਂਘੇ ਰਾਹੀਂ ਵਾਪਸ ਆ ਜਾਣਗੇ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਉਨ੍ਹਾਂ ਕੋਲ ਪਾਕਿਸਤਾਨ ਦਾ ਵੀਜ਼ਾ ਨਹੀਂ ਹੈ। ਅਜਿਹੀ ਹਾਲਤ ਵਿਚ ਵਿਦੇਸ਼ ਮੰਤਰੀ ਦੀ ਮੁੱਢਲੀ ਪ੍ਰਤੀਕਿਰਿਆ ਉਨ੍ਹਾਂ ਦੇ ਭਵਿੱਖ ਦੇ ਕਾਰਜ ਨੂੰ ਨਿਰਧਾਰਿਤ ਕਰੇਗੀ।

ਭਾਰਤ ਸਰਕਾਰ ਸਿੱਧੂ ਨੂੰ ਪਾਕਿ ਨਾ ਭੇਜਣ ਦੇ ਮੂਡ 'ਚ
ਸੂਤਰਾਂ ਮੁਤਾਬਕ ਭਾਰਤ ਸਰਕਾਰ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਨਾ ਭੇਜਣ ਦੇ ਮੂਡ ਵਿਚ ਨਜ਼ਰ ਆ ਰਹੀ ਹੈ। ਇਸ ਦਾ ਕਾਰਣ ਇਹ ਹੈ ਕਿ ਸਿੱਧੂ ਦੇ ਹਮਾਇਤੀਆਂ ਵਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਸਿੱਧੂ ਨੂੰ ਲਾਂਘੇ ਦਾ ਹੀਰੋ ਬਣਾ ਕੇ ਪੇਸ਼ ਕੀਤਾ ਜਾ ਸਕਦਾ ਹੈ। ਬੀਤੇ ਦਿਨੀਂ ਸਿੱਧੂ ਦੇ ਹਮਾਇਤੀਆਂ ਨੇ ਅੰਮ੍ਰਿਤਸਰ ਵਿਚ ਸਿੱਧੂ ਅਤੇ ਇਮਰਾਨ ਨੂੰ ਲਾਂਘੇ ਦਾ ਹੀਰੋ ਦੱਸਦਿਆਂ ਪੋਸਟਰ ਲਾਏ ਸਨ। ਇਨ੍ਹਾਂ ਪੋਸਟਰਾਂ ਨੂੰ 2 ਘੰਟਿਆਂ ਬਾਅਦ ਉਤਾਰ ਦਿੱਤਾ ਗਿਆ ਸੀ।


Related News