ਦੁਕਾਨਾਂ ਖੋਲ੍ਹਣ ਨੂੰ ਲੈ ਕੇ ਕਪੂਰਥਲਾ ਮੈਜਿਸਟ੍ਰੇਟ ਵੱਲੋਂ ਨਵੀਆਂ ਹਦਾਇਤਾਂ ਜਾਰੀ
Monday, May 24, 2021 - 06:49 PM (IST)
ਕਪੂਰਥਲਾ (ਵਿਪਨ)- ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟਰੇਟ ਦੀਪਤੀ ਉੱਪਲ ਵੱਲੋਂ ਜ਼ਿਲ੍ਹਾ ਕਪੂਰਥਲਾ ਵਿਚ ਕੋਵਿਡ ਸਬੰਧੀ ਪਾਬੰਦੀਆਂ ਦੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਜਿਸ ਤਹਿਤ ਵੱਖ-ਵੱਖ ਦੁਕਾਨਦਾਰ ਐਸੋਸੀਏਸ਼ਨਾਂ, ਵਪਾਰ ਮੰਡਲਾਂ ਵੱਲੋਂ ਕੀਤੀ ਮੰਗ ਦੇ ਆਧਾਰ ਉਤੇ ਦੁਕਾਨਾਂ ਦੇ ਖੁੱਲਣ ਸਮੇਂ ਵਿਚ ਵਾਧਾ ਕੀਤਾ ਗਿਆ ਹੈ। ਨਵੇਂ ਹੁਕਮ 25 ਮਈ ਤੋਂ 31 ਮਈ ਤੱਕ ਲਾਗੂ ਰਹਿਣਗੇ। ਇਨਾਂ ਤਹਿਤ ਰੋਜ਼ਾਨਾ ਦਾ ਕਰਫ਼ਿਊ ਸ਼ਾਮ 5 ਵਜੇ ਤੋਂ ਸਵੇਰ ਦੇ 5 ਤੱਕ ਹੋਵੇਗਾ ਅਤੇ ਹਫ਼ਤਾਵਰੀ ਕਰਫ਼ਿਊ ਸ਼ੁੱਕਰਵਾਰ ਸ਼ਾਮ 5 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਹੋਵੇਗਾ।
ਇਹ ਵੀ ਪੜ੍ਹੋ: ਕੋਰੋਨਾ ਦੀ ਮਾਰ: ਨੌਕਰੀ ਗਈ ਤਾਂ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਜਵਾਨ ਪੁੱਤ ਦੀ ਲਾਸ਼ ਵੇਖ ਧਾਹਾਂ ਮਾਰ ਰੋਈ ਮਾਂ
ਇਸ ਤੋਂ ਇਲਾਵਾ ਇਕੱਲੇ ਫਗਵਾੜਾ ਵਿਖੇ ਸਬਜ਼ੀ ਅਤੇ ਫਰੂਟ ਮੰਡੀ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 6 ਤੋਂ ਦੁਪਹਿਰ 12 ਵਜੇ ਤੱਕ ਖੁੱਲ੍ਹੇਗੀ। ਬਾਕੀ ਸਾਰੇ ਜ਼ਿਲ੍ਹੇ ਵਿਚ ਸਬਜ਼ੀ ਅਤੇ ਫਰੂਟ ਮੰਡੀਆਂ 8 ਤੋਂ 2 ਵਜੇ ਤੱਕ ਖੁੱਲ੍ਹਣਗੀਆਂ। ਇਸ ਤੋਂ ਇਲਾਵਾ ਬਾਕੀ ਸਾਰੀਆਂ ਦੁਕਾਨਾਂ ਅਤੇ ਸ਼ਰਾਬ ਦੇ ਠੇਕੇ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ 5 ਵਜੇ ਤੱਕ ਖੁੱਲ੍ਹਣਗੇ। ਦੁੱਧ ਦੀਆਂ ਦੁਕਾਨਾਂ ਅਤੇ ਡੇਅਰੀਆਂ ਸੋਮਵਾਰ ਤੋਂ ਸ਼ੱਕਰਵਾਰ ਸਵੇਰੇ 8 ਵਜੇ ਤੋਂ 5 ਵਜੇਂ ਤੱਕ ਖੁੱਲ੍ਹਣਗੀਆਂ ਜਦਕਿ ਸ਼ਨੀਵਾਰ ਅਤੇ ਐਤਵਾਰ ਸਵੇਰੇ 8 ਤੋਂ 1 ਵਜੇ ਤੱਕ ਅਤੇ 3 ਵਜੇ ਤੋਂ 5 ਵਜੇ ਤੱਕ ਖੁੱਲ੍ਹਣਗੀਆਂ। ਉਨ੍ਹਾਂ ਦੇ ਖੁੱਲਣ ਲਈ ਇਹ ਸ਼ਰਤ ਲਗਾਈ ਗਈ ਹੈ ਕਿ ਡੇਅਰੀਆਂ ਅਤੇ ਦੁੱਧ ਦੀਆਂ ਦੁਕਾਨਾਂ ਦੇ ਸ਼ਟਰ ਸ਼ਨੀਵਾਰ ਅਤੇ ਐਤਵਾਰ ਨੀਵੇਂ ਰਹਿਣਗੇ ਅਤੇ ਕਿਸੇ ਵੀ ਗਾਹਕ ਨੂੰ ਦੁਕਾਨ ਦੇ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਦੁੱਧ ਦੀ ਵਿਕਰੀ ਦੁਕਾਨ ਦੇ ਬਾਹਰ-ਬਾਹਰ ਕੀਤੀ ਜਾਵੇਗੀ।
ਇਹ ਵੀ ਪੜ੍ਹੋ: 'ਕੋਰੋਨਾ' ਹੋਣ 'ਤੇ ਸ਼ਰਮਿੰਦਗੀ ਮਹਿਸੂਸ ਕਰ ਰਹੇ 'ਕਪੂਰਥਲਾ' ਦੇ ਇਸ ਪਿੰਡ ਦੇ ਲੋਕ, ਜਾਣੋ ਕਿਉਂ
ਇਸ ਤੋਂ ਇਲਾਵਾ ਮੈਡੀਕਲ ਦੀਆਂ ਦੁਕਾਨਾਂ ,ਸਿਹਤ ਸਬੰਧੀ ਸੇਵਾਵਾਂ, ਪੈਟਰੋਲ ਅਤੇ ਡੀਜ਼ਲ ਪੰਪ, ਐੱਲ. ਪੀ. ਜੀ. ਗੈਸ ਅਤੇ ਉਸ ਦੀ ਵੰਡ ਦਾ ਕੰਮ ਹਫ਼ਤੇ ਦੇ ਸਾਰੇ ਦਿਨ 24 ਘੰਟੇ ਕੀਤਾ ਜਾ ਸਕੇਗਾ।
ਸਬਜ਼ੀ ਅਤੇ ਫਰੂਟ ਮੰਡੀ ਫਗਵਾੜਾ ਵਿਖੇ ਪੂਰੇ 12 ਵਜੇ ਬੰਦ ਹੋਵੇਗੀ ਜਦਕਿ ਬਾਕੀ ਜ਼ਿਲ੍ਹੇ ਵਿਚ ਸਬਜ਼ੀ ਅਤੇ ਫਰੂਟ ਮੰਡੀਆਂ ਬਾਅਦ ਦੁਪਹਿਰ 2 ਵਜੇ ਬੰਦ ਹੋਣਗੀਆਂ। ਰੇਹੜੀਆਂ ਵਾਲੇ ਗਲੀਆਂ ਵਿੱਚ ਘੁੰਮ ਕੇ ਸ਼ਾਮ 5 ਵਜੇ ਤੱਕ ਸਬਜ਼ੀ ਅਤੇ ਫੂਰਟ ਵੇਚ ਸਕਣਗੇ। ਇਸ ਤੋਂ ਇਲਾਵਾ ਸਾਰੇ ਰੈਸਟਰਾਂ, ਹੋਟਲ ਕੈਫੇ, ਫਾਸਟ ਫੂਡ ਦੀਆਂ ਦੁਕਾਨਾਂ, ਢਾਬੇ ,ਮਿਠਿਆਈ ਦੀਆਂ ਦੁਕਾਨਾਂ ਤੇ ਬੇਕਰੀ ਬੰਦ ਰਹਿਣਗੀਆਂ ਪਰ ਰਾਤ ਦੇ 9 ਵਜੇ ਤੱਕ ਕੇਵਲ ਹੋਮ ਡਿਲਿਵਰੀ ਕਰ ਸਕਣਗੀਆ। ਈ-ਕਮਰਸ ਨਾਲ ਸਬੰਧਤ ਹੋਮ ਡਿਲਿਵਰੀ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹੋ ਸਕੇਗੀ। ਇਸ ਤੋਂ ਇਲਾਵਾ ਮਿਤੀ 17 ਮਈ ਨੂੰ ਜਾਰੀ ਕੀਤੀਆਂ ਹਦਾਇਤਾਂ ਪਹਿਲਾਂ ਵਾਂਗ ਲਾਗੂ ਰਹਿਣਗੀਆਂ।
ਇਹ ਵੀ ਪੜ੍ਹੋ: ਫਿਲੌਰ: ਥਾਣੇਦਾਰ ਦੀ ਧੀ ਨੂੰ ਸੜਕ 'ਤੇ ਰੋਕ ਕੇ ਪਾੜੇ ਕੱਪੜੇ, ਮਾਰਨ ਲਈ ਪਿੱਛੇ ਤਲਵਾਰ ਲੈ ਕੇ ਭੱਜੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ