ਨਵਜੋਤ ਸਿੰਘ ਸਿੱਧੂ ਨੂੰ ਮਿਲਣ ਉਨ੍ਹਾਂ ਦੇ ਘਰ ਪਹੁੰਚੇ ਕਪਿਲ ਸ਼ਰਮਾ, ਤਸਵੀਰਾਂ ਆਈਆਂ ਸਾਹਮਣੇ
Tuesday, Nov 10, 2020 - 04:49 PM (IST)
ਜਲੰਧਰ (ਬਿਊਰੋ)– ਕਾਮੇਡੀਅਨ ਕਪਿਲ ਸ਼ਰਮਾ ਨੇ ਅੱਜ ਅੰਮ੍ਰਿਤਸਰ ਵਿਖੇ ਕਾਂਗਰਸੀ ਐੱਮ. ਐੱਲ. ਏ. ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ।
ਕਪਿਲ ਤੇ ਨਵਜੋਤ ਸਿੱਧੂ ਦੀ ਮੁਲਾਕਾਤ ਦੀਆਂ ਤਸਵੀਰਾਂ ਨਵਜੋਤ ਸਿੰਘ ਸਿੱਧੂ ਵਲੋਂ ਆਪਣੇ ਫੇਸਬੁੱਕ ਪੇਜ ’ਤੇ ਸਾਂਝੀਆਂ ਕੀਤੀਆਂ ਗਈਆਂ ਹਨ।
ਤਸਵੀਰਾਂ ’ਚ ਕਪਿਲ ਸ਼ਰਮਾ ਤੇ ਨਵਜੋਤ ਸਿੰਘ ਸਿੱਧੂ ਇਕੱਠੇ ਗੱਲਬਾਤ ਕਰਦੇ ਤੇ ਖਾਣਾ ਖਾਂਦੇ ਨਜ਼ਰ ਆ ਰਹੇ ਹਨ। ਜਿਵੇਂ ਹੀ ਸੋਸ਼ਲ ਮੀਡੀਆ ’ਤੇ ਦੋਵਾਂ ਦੀਆਂ ਤਸਵੀਰਾਂ ਵਾਇਰਲ ਹੋਈਆਂ, ਉਦੋਂ ਤੋਂ ਇਹ ਕਿਆਸ ਲਗਾਈ ਜਾ ਰਹੀ ਹੈ ਕਿ ਸ਼ਾਇਦ ਨਵਜੋਤ ਸਿੰਘ ਸਿੱਧੂ ਦੀ ‘ਦਿ ਕਪਿਲ ਸ਼ਰਮਾ ਸ਼ੋਅ’ ’ਚ ਵਾਪਸੀ ਹੋ ਸਕਦੀ ਹੈ।
ਹਾਲਾਂਕਿ ਇਸ ਗੱਲ ਦੀ ਪੁਸ਼ਟੀ ਅਜੇ ਤਕ ਦੋਵਾਂ ’ਚੋਂ ਕਿਸੇ ਨੇ ਵੀ ਅਧਿਕਾਰਕ ਤੌਰ ’ਤੇ ਨਹੀਂ ਕੀਤੀ ਹੈ।
ਉਥੇ ਕਪਿਲ ਸ਼ਰਮਾ ਨੇ ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੁੰਦਿਆਂ ਦੀ ਤਸਵੀਰ ਵੀ ਸਾਂਝੀ ਕੀਤੀ ਸੀ, ਜਿਥੇ ਉਨ੍ਹਾਂ ਨੇ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਦੱਸਣਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ’ਚ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ, ਉਥੋਂ ਦੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਨਾਲ ਜੱਫੀ ਪਾਉਣ ਤੇ ਪੁਲਵਾਮਾ ਹਮਲੇ ’ਤੇ ਦਿੱਤੇ ਆਪਣੇ ਬਿਆਨ ਕਾਰਨ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਦੇ ਚਲਦਿਆਂ ਸੋਨੀ ਟੀ. ਵੀ. ਨੇ ਨਵਜੋਤ ਸਿੰਘ ਸਿੱਧੂ ਨੂੰ ਸ਼ੋਅ ਤੋਂ ਹਟਾ ਦਿੱਤਾ ਸੀ।