ਵਿਸਾਖੀ ਮੌਕੇ ਆਉਣ ਵਾਲੀਆਂ ਸੰਗਤਾਂ ਸਬੰਧੀ ਜਥੇਦਾਰ ਰਘਬੀਰ ਸਿੰਘ ਨੇ ਪੁਲਸ ਨੂੰ ਕਹੀ ਇਹ ਗੱਲ

Thursday, Apr 13, 2023 - 10:44 PM (IST)

ਵਿਸਾਖੀ ਮੌਕੇ ਆਉਣ ਵਾਲੀਆਂ ਸੰਗਤਾਂ ਸਬੰਧੀ ਜਥੇਦਾਰ ਰਘਬੀਰ ਸਿੰਘ ਨੇ ਪੁਲਸ ਨੂੰ ਕਹੀ ਇਹ ਗੱਲ

ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)-ਖਾਲਸੇ ਦੀ ਪਾਵਨ ਧਰਤੀ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਹੋਰ ਗੁਰੂਘਰਾਂ ਵਿਖੇ ਆਉਣ ਵਾਲੀਆਂ ਸੰਗਤਾਂ ਨੂੰ ਪੁਲਸ ਪ੍ਰੇਸ਼ਾਨ ਨਾ ਕਰੇ, ਅਸੀਂ ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਇਹ ਤਾੜਨਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਉਨ੍ਹਾਂ ਪੁਲਸ ਮੁਲਾਜ਼ਮਾਂ ਨੂੰ ਕੀਤੀ, ਜੋ ਸ੍ਰੀ ਅਨੰਦਪੁਰ ਸਾਹਿਬ ਵਿਖੇ ਆ ਰਹੀਆਂ ਸਿੱਖ ਸੰਗਤਾਂ ਨੂੰ ਚੈਕਿੰਗ ਦੀ ਆੜ ਹੇਠ ਪ੍ਰੇਸ਼ਾਨ ਕਰ ਰਹੇ ਹਨ। ਇਸ ਸਬੰਧੀ ਸਿੰਘ ਸਾਹਿਬ ਨੇ ਦੱਸਿਆ ਕਿ ਉਨ੍ਹਾਂ ਦੇ ਨੋਟਿਸ ’ਚ ਇਹ ਗੱਲ ਆਈ ਸੀ ਕਿ ਸ੍ਰੀ ਕੀਰਤਪੁਰ ਸਾਹਿਬ ਤੋਂ ਆਉਂਦੇ ਹੋਏ ਪਿੰਡ ਬੱਢਲ ਦੇ ਨਜ਼ਦੀਕ ਲਗਾਏ ਗਏ ਨਾਕੇ ਦੌਰਾਨ ਪੁਲਸ ਮੁਲਾਜ਼ਮ ਸਿੱਖ ਨੌਜਵਾਨਾਂ ਦੇ ਮੂੰਹ ਤੋਂ ਰੁਮਾਲਾ ਹਟਾ ਕੇ ਦੇਖਣ ਦੀ ਜ਼ਿੱਦ ਕਰ ਰਹੇ ਹਨ ਤੇ ਸਕੂਟਰਾਂ-ਮੋਟਰਸਾਈਕਲਾਂ, ਗੱਡੀਆਂ ਆਦਿ ਦੀ ਚੈਕਿੰਗ ਦੇ ਨਾਂ ’ਤੇ ਸੰਗਤਾਂ ਨੂੰ ਬੇਹੱਦ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਇਹ ਖ਼ਬਰ ਵੀ ਪੜ੍ਹੋ : CM ਮਾਨ ਨੇ ਜਲਿਆਂਵਾਲਾ ਬਾਗ ਘਟਨਾ ਸਬੰਧੀ ਮਜੀਠੀਆ ਪਰਿਵਾਰ ’ਤੇ ਚੁੱਕੇ ਸਵਾਲ

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਇਹ ਵੀ ਗੱਲ ਲਿਆਂਦੀ ਗਈ ਹੈ ਕਿ ਚੈਕਿੰਗ ਦੇ ਨਾਂ ਹੇਠ ਦਸਤਾਰਾਂ ਵਾਲੇ ਗੁਰਸਿੱਖਾਂ ਨੂੰ ਜ਼ਿਆਦਾ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਸਿੰਘ ਸਾਹਿਬ ਨੇ ਕਿਹਾ ਕਿ ਵਿਸਾਖੀ ਕਰਕੇ ਸੰਗਤਾਂ ਗੁਰੂ ਨਗਰੀ ਵਿਖੇ ਕਾਫ਼ਲਿਆਂ ਦੇ ਰੂਪ ’ਚ ਆ ਰਹੀਆਂ ਹਨ ਪਰ ਅਫਸੋਸ ਹੈ ਕਿ ਪੁਲਸ ਅਧਿਕਾਰੀ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰ ਰਹੇ ਹਨ। ਸਿੰਘ ਸਾਹਿਬ ਨੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਪੁਲਸ ਅਧਿਕਾਰੀਆਂ ਨੂੰ ਕੋਲ ਬੁਲਾ ਕੇ ਸਖ਼ਤੀ ਨਾਲ ਇਹ ਗੱਲ ਕਹੀ ਕਿ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ ਤੇ ਜੇਕਰ ਪੁਲਸ ਮੁਲਾਜ਼ਮ ਇਸੇ ਤਰ੍ਹਾਂ ਕਰਦੇ ਰਹੇ ਤਾਂ ਸਾਨੂੰ ਸਖ਼ਤ ਕਦਮ ਚੁੱਕਣ ਲਈ ਮਜਬੂਰ ਹੋਣਾ ਪਵੇਗਾ।

ਇਹ ਖ਼ਬਰ ਵੀ ਪੜ੍ਹੋ : ਵਿਸਾਖੀ ਤੋਂ ਪਹਿਲਾਂ DGP ਯਾਦਵ ਪਹੁੰਚੇ ਸ੍ਰੀ ਅਨੰਦਪੁਰ ਸਾਹਿਬ, ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ

ਸਿੰਘ ਸਾਹਿਬ ਨੇ ਦੱਸਿਆ ਕਿ ਪੁਲਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਭਰੋਸਾ ਦੁਆਇਆ ਕਿ ਅੱਗੇ ਤੋਂ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਨਹੀਂ ਆਵੇਗੀ। ਦੱਸਣਯੋਗ ਹੈ ਕਿ ਇਸ ਪੁਲਸ ਨਾਕੇ ’ਤੇ ਸਿੱਖ ਸੰਗਤਾਂ ਨੂੰ ਪ੍ਰੇਸ਼ਾਨ ਕਰਨ ਸਬੰਧੀ ਜਦੋਂ ਪੱਤਰਕਾਰਾਂ ਦੇ ਧਿਆਨ ਵਿਚ ਇਹ ਗੱਲ ਆਈ ਤਾਂ ਉਨ੍ਹਾਂ ਵੱਲੋਂ ਪਿੰਡ ਬੱਢਲ ਨਜ਼ਦੀਕ ਲੱਗੇ ਇਸ ਨਾਕੇ ’ਤੇ ਜਾ ਕੇ ਜਦੋਂ ਦੇਖਿਆ ਤਾਂ ਪੁਲਸ ਮੁਲਾਜ਼ਮਾਂ ਵੱਲੋਂ ਜਿੱਥੇ ਸਕੂਟਰਾਂ, ਮੋਟਰਸਾਈਕਲਾਂ ’ਤੇ ਆ ਰਹੇ ਸਿੱਖ ਨੌਜਵਾਨਾਂ ਨੂੰ ਰੋਕ-ਰੋਕ ਕੇ ਮਿੱਟੀ-ਘੱਟੇ ਤੋਂ ਬਚਾਅ ਕਰਨ ਲਈ ਬੰਨ੍ਹੇ ਰੁਮਾਲਾਂ ਨੂੰ ਮੂੰਹ ਤੋਂ ਜ਼ਬਰਦਸਤੀ ਉਤਰਵਾ ਕੇ ਚੈੱਕ ਕੀਤਾ ਜਾ ਰਿਹਾ ਸੀ, ਉਥੇ ਹੀ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਨੂੰ ਰੋਕ ਕੇ ਪੁਲਸ ਮੁਲਾਜ਼ਮਾਂ ਵੱਲੋਂ ਬੱਸਾਂ ਦੇ ਅੰਦਰ ਜਾ ਕੇ ਸਿਰਫ ਸਿੱਖ ਨੌਜਵਾਨਾਂ ਦੀ ਤਲਾਸ਼ੀ ਲਈ ਜਾ ਰਹੀ ਸੀ।
 


author

Manoj

Content Editor

Related News