ਇਕ ਵੀ ਦੋਸ਼ ਸਾਬਤ ਹੋ ਜਾਵੇ ਤਾਂ ਗਰਦਨ ਕੱਟਵਾਉਣ ਲਈ ਤਿਆਰ ਹਾਂ : ਜਥੇਦਾਰ ਪਟਨਾ ਸਾਹਿਬ
Thursday, Aug 11, 2022 - 05:02 PM (IST)
ਲੁਧਿਆਣਾ (ਸਲੂਜਾ) : ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਦੇ ਜਥੇਦਾਰ ਰਣਜੀਤ ਸਿੰਘ ਗਹੌਰ ਨੇ ਕਿਹਾ ਕਿ ਡਾ. ਗੁਰਵਿੰਦਰ ਸਿੰਘ ਸਮਰਾ ਵੱਲੋਂ ਲਾਏ ਗਏ ਦੋਸ਼ਾਂ ’ਚੋਂ ਜੇਕਰ ਇਕ ਵੀ ਸਾਬਤ ਹੋ ਜਾਵੇ ਤਾਂ ਉਹ ਸੰਗਤ ’ਚ ਗਰਦਨ ਕੱਟਵਾਉਣ ਲਈ ਤਿਆਰ ਹਨ।
ਉਹ ਅੱਜ ਇਥੇ ਜ਼ਿਲ੍ਹਾ ਅਕਾਲੀ ਦਲ ਲੁਧਿਆਣਾ ਦੇ ਸਾਬਕਾ ਪ੍ਰਧਾਨ ਸਵ. ਜਥੇਦਾਰ ਉਜਾਗਰ ਸਿੰਘ ਛਾਪਾ ਦੇ ਬਰਸੀ ਸਮਾਗਮ ਵਿਚ ਸ਼ਾਮਲ ਹੋਣ ਤੋਂ ਬਾਅਦ ਮੀਡੀਆ ਨਾਲ ਗੱਲ ਕਰ ਰਹੇ ਸਨ। ਜਥੇਦਾਰ ਗਹੌਰ ਨੇ ਦੱਸਿਆ ਕਿ ਡਾ. ਸਮਰਾ, ਜਿਨ੍ਹਾਂ ’ਤੇ ਕਈ ਅਪਰਾਧਿਕ ਮਾਮਲੇ ਦਰਜ ਹਨ, ਨੇ ਉਨ੍ਹਾਂ ’ਤੇ ਇਹ ਦੋਸ਼ ਲਾਇਆ ਹੈ ਕਿ ਉਸ ਨੇ ਸਿੰਘ ਸਾਹਿਬ ਨੂੰ 70 ਲੱਖ ਰੁਪਏ ਕੈਸ਼ ਅਤੇ 25 ਲੱਖ ਰੁਪਏ ਦੀ ਇਕ ਲੋਈ ਦਿੱਤੀ ਹੈ। ਸਮਰਾ ਕਦੇ ਇਹ ਕਹਿੰਦੇ ਹਨ ਕਿ ਉਨ੍ਹਾਂ ਨੇ 1 ਕਰੋੜ 24 ਲੱਖ ਰੁਪਏ ਦਿੱਤੇ ਅਤੇ ਕਦੇ ਕਹਿੰਦੇ ਹਨ ਕਿ ਉਨ੍ਹਾਂ ਨੇ 5 ਕਰੋੜ 24 ਲੱਖ ਰੁਪਏ ਦਿੱਤੇ। ਇਨ੍ਹਾਂ ਦੋਸ਼ਾਂ ’ਚ ਰੱਤਾ ਭਰ ਵੀ ਸੱਚ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਜੋ ਡਾ. ਸਮਰਾ ਵੱਲੋਂ ਸੋਨਾ ਦੇਣ ਅਤੇ ਹੋਰ ਸਾਮਾਨ ਦੇਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ, ਉਹ ਸਾਰੀ ਜਾਂਚ ਦੌਰਾਨ ਝੂਠੀਆਂ ਪਾਈਆਂ ਗਈਆਂ ਹਨ। ਜਥੇਦਾਰ ਨੇ ਦੱਸਿਆ ਕਿ ਡਾ. ਸਮਰਾ ਜੇਲ੍ਹ ਕੱਟ ਚੁੱਕੇ ਹਨ ਅਤੇ ਹੁਣ ਬਿਨਾਂ ਕਿਸੇ ਸਬੂਤ ਦੇ ਉਨ੍ਹਾਂ ’ਤੇ ਦੋਸ਼ ਲਗਾ ਰਹੇ ਹਨ। ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਡਾ. ਸਮਰਾ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਵਾ ਦਿੱਤੀ ਗਈ ਹੈ।
ਜਥੇਦਾਰ ਨੇ ਡਾ. ਸਮਰਾ ਤੋਂ ਆਪਣੀ ਜਾਨ ਨੂੰ ਖ਼ਤਰਾ ਦੱਸਦੇ ਹੋਏ ਪੁਲਸ ਤੋਂ ਮੰਗ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਕੁਝ ਹੋ ਗਿਆ ਤਾਂ ਉਸ ਦੇ ਲਈ ਸਿੱਧੇ ਤੌਰ ’ਤੇ ਡਾ. ਗੁਰਵਿੰਦਰ ਸਿੰਘ ਸਮਰਾ ਹੀ ਜ਼ਿੰਮੇਵਾਰ ਹੋਣਗੇ। ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਡਾ. ਗੁਰਵਿੰਦਰ ਸਿੰਘ ਸਮਰਾ ਦੇ ਲੈਣ–ਦੇਣ ਦੀ ਈ. ਡੀ. ਵੱਲੋਂ ਬਾਰੀਕੀ ਨਾਲ ਜਾਂਚ ਕਰਵਾਉਣੀ ਚਾਹੀਦੀ ਹੈ।