ਜਥੇਦਾਰ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਦੇ ਨਾਂ ਦਿੱਤਾ ਸੰਦੇਸ਼, ‘ਬੰਦੀ ਸਿੰਘਾਂ ਦੀ ਰਿਹਾਈ ਲਈ ਰਲ-ਮਿਲ ਕੇ ਹੰਭਲਾ ਮਾਰੀਏ’

Monday, Oct 24, 2022 - 08:18 PM (IST)

ਜਥੇਦਾਰ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਦੇ ਨਾਂ ਦਿੱਤਾ ਸੰਦੇਸ਼, ‘ਬੰਦੀ ਸਿੰਘਾਂ ਦੀ ਰਿਹਾਈ ਲਈ ਰਲ-ਮਿਲ ਕੇ ਹੰਭਲਾ ਮਾਰੀਏ’

ਅੰਮ੍ਰਿਤਸਰ (ਬਿਊਰੋ) : ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੀਰੀ-ਪੀਰੀ ਦੇ ਸਿਧਾਂਤ ਅਤੇ ਇਸ ਨੂੰ ਪ੍ਰਕਾਸ਼ਮਾਨ ਕਰਨ ਵਾਲੀ ਸੰਸਥਾ ਦੇ ਸੰਸਥਾਪਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਯਾਦ ’ਚ ਅੱਜ ਸੰਸਾਰ ਭਰ ਵਿਚ ਬੰਦੀਛੋੜ ਦਿਵਸ ਮਨਾ ਰਹੇ ਸਿੱਖ ਪੰਥ ਨੂੰ ਵਧਾਈ ਦਿੱਤੀ। ਜਥੇਦਾਰ ਨੇ ਕਿਹਾ ਕਿ ਅਜਿਹੇ ਜੋੜ-ਮੇਲ, ਸਾਨੂੰ ਆਪਣਾ ਆਤਮ ਚਿੰਤਨ ਕਰਨ ਅਤੇ ਅਗਲੇਰੇ ਪੰਥਕ ਸਫ਼ਰ ਲਈ ਦਰਪੇਸ਼ ਔਕੜਾਂ ਅਤੇ ਸੰਕਟਾਂ ਦਾ ਸਾਹਮਣਾ ਕਰਨ ਅਤੇ ਨਵੀਆਂ ਸੰਭਾਵਨਾਵਾਂ ਤਲਾਸ਼ਣ ਦੇ ਮੌਕੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਸਿੱਖ ਪੰਥ ਦੇ ਵਾਰਿਸਾਂ ਸਾਹਮਣੇ ਕਈ ਤਰ੍ਹਾਂ ਦੀਆਂ ਚੁਣੌਤੀਆਂ ਖੜ੍ਹੀਆਂ ਹਨ, ਜਿਵੇਂ ਪਤਿਤਪੁਣਾ, ਨਸ਼ੇ, ਭਾਰਤ ਵਿਚ ਘਟ ਰਹੀ ਸਿੱਖ ਆਬਾਦੀ ਅਤੇ ਸਿੱਖ ਨੌਜਵਾਨਾਂ ਦੇ ਪ੍ਰਵਾਸ ਦਾ ਰੁਝਾਨ ਆਉਣ ਵਾਲੇ ਸਮੇਂ ਅੰਦਰ ਆਉਣ ਵਾਲੇ ਸੰਕਟ ਪ੍ਰਤੀ ਸੰਕੇਤ ਹੈ। ਪੰਜਾਬ ਦੀ ਧਰਤੀ ’ਤੇ ਕੁਝ ਅਖੌਤੀ ਨਕਲੀ ਪਾਸਟਰਾਂ ਵਲੋਂ ਈਸਾਈਅਤ ਦੀ ਆੜ ਵਿਚ ਪਾਖੰਡਵਾਦ ਫੈਲਾ ਕੇ ਭੋਲੇ-ਭਾਲੇ ਸਿੱਖਾਂ ਦਾ ਸਰੀਰਕ, ਆਰਥਿਕ ਅਤੇ ਮਾਨਸਿਕ ਸ਼ੋਸ਼ਣ ਕਰਦਿਆਂ, ਕਰਵਾਇਆ ਜਾ ਰਿਹਾ ਧਰਮ ਪਰਿਵਰਤਨ ਤੇ ਇਸ ਮਸਲੇ ’ਤੇ ਸਰਕਾਰ ਦੀ ਖਾਮੋਸ਼ੀ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ।

ਇਹ ਖ਼ਬਰ ਵੀ ਪੜ੍ਹੋ : ਮੰਤਰੀ ਸਰਾਰੀ ਦਾ ਵਿਰੋਧੀ ਪਾਰਟੀਆਂ ’ਤੇ ਵੱਡਾ ਹਮਲਾ, ‘ਮੈਨੂੰ ਬਦਨਾਮ ਕਰਨ ਲਈ ਅਪਣਾਇਆ ਹਰ ਘਟੀਆ ਹੱਥਕੰਡਾ’ 

ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਜੇਲ੍ਹਾਂ ’ਚਹ ਬੈਠੇ ਸਾਡੇ ਸੰਘਰਸ਼ੀ ਯੋਧੇ ਆਪਣੇ ਘਰ ਪਰਤਣ ਦੀ ਉਡੀਕ ਕਰ ਰਹੇ ਹਨ ਅਤੇ ਅਸੀਂ ਦੇਸ਼ ਤੇ ਵਿਦੇਸ਼ ਅੰਦਰ ਗੁਰਦੁਆਰਿਆਂ ਦੇ ਪ੍ਰਬੰਧਾਂ ’ਤੇ ਕਾਬਜ਼ ਹੋਣ ਲਈ ਲੜਾਈਆਂ ਲੜ ਰਹੇ ਹਾਂ। ਇਹ ਲੜਾਈਆਂ ਵਕਤ ਅਤੇ ਧਨ ਦੀ ਬਰਬਾਦੀ ਤੋਂ ਇਲਾਵਾ ਸਾਡੇ ਅੰਦਰ ਧੜੇਬੰਦੀਆਂ ਤੇ ਨਫਰਤ ਪੈਦਾ ਕਰ ਰਹੀਆਂ ਹਨ। ਸਿੱਖ ਬੰਦੀਆਂ ਨੂੰ ਰਿਹਾਅ ਕਰਾਉਣ ਲਈ ਰਲ-ਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ, ਖਾਸ ਤੌਰ ’ਤੇ ਪ੍ਰਵਾਸੀ ਸਿੱਖ ਭਾਰਤ ਸਰਕਾਰ ਦੇ ਬੰਦ ਕੰਨ ਖੋਲ੍ਹਣ ਲਈ ਰੋਸ ਪ੍ਰਦਰਸ਼ਨਾਂ ਤੋਂ ਇਲਾਵਾ ਆਪਣੀਆਂ ਸਰਕਾਰਾਂ ਰਾਹੀਂ ਬੰਦੀ ਸਿੱਖਾਂ ਨੂੰ ਰਿਹਾਅ ਕਰਾਉਣ ਲਈ ਯਤਨ ਕਰਨ। ਜਥੇਦਾਰ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਧਾਰਮਿਕ, ਵਿੱਦਿਅਕ ਤੇ ਮਨੁੱਖਤਾ ਦੀ ਭਲਾਈ ਦੇ ਕਾਰਜ ਸਮਾਜ ਨੂੰ ਤਾਕਤਵਰ ਬਣਾਉਣ ਵਾਲੇ ਹਨ ਤੇ ਇਨ੍ਹਾਂ ਨੂੰ ਹੋਰ ਨਿੱਗਰ ਬਣਾਉਣ ਲਈ ਉਪਰਾਲੇ ਹੋਣੇ ਚਾਹੀਦੇ ਹਨ ਪਰ ਸਾਜ਼ਿਸ਼ਾਂ ਅਤੇ ਆਪਸੀ ਰਾਜਸੀ ਵਖਰੇਵਿਆਂ ਕਰਕੇ ਸਰਕਾਰ ਵੱਲੋਂ ਇਸ ਦੀ ਅਖੰਡਤਾ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕਰਨ ਦੀ ਸਰਕਾਰੀ ਕੋਸ਼ਿਸ਼ ਨਾਲ ਪੰਥ ਕਮਜ਼ੋਰ ਨਾ ਹੋਵੇ, ਇਸ ਲਈ ਸਭ ਪੰਥਕ ਧਿਰਾਂ ਨੂੰ ਪੰਥ ਅਤੇ ਪੰਥਕ ਸੰਸਥਾਵਾਂ ਦੀ ਮਜ਼ਬੂਤੀ ਲਈ ਇਕੱਠੇ ਰਹਿਣ ਦੀ ਲੋੜ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਥਕ ਏਕਤਾ ਦੇ ਪੱਖ ਤੋਂ ਸਿਰਫ ਰਾਜਸੀ ਏਕਤਾ ਹੀ ਮਹੱਤਵਪੂਰਨ ਨਹੀਂ ਹੈ, ਪੰਥ ਦੀਆਂ ਸਭ ਧਿਰਾਂ ਨੂੰ ਇਕ ਨਿਊਨਤਮ ਕਾਰਜਕ੍ਰਮ ਮਿੱਥ ਕੇ ਸਿੱਖ ਕੌਮ ਨੂੰ ਅੱਗੇ ਲਿਜਾਣ ਲਈ ਉਸਾਰੂ ਕੰਮ/ਪ੍ਰੋਜੈਕਟ ਆਰੰਭਣੇ ਚਾਹੀਦੇ ਹਨ। ਸਭ ਪੰਥਕ ਧਿਰਾਂ ਗੁਰੂ ਹੁਕਮ ਵਿਚ ਬੱਝ ਕੇ ਗੁਰੂ ਦੇ ਭਉ-ਭਾਵਨੀ ’ਚ ਵਿਚਰਨ। ਸੋਸ਼ਲ ਮੀਡੀਆ ਦੀ ਨਾਜਾਇਜ਼ ਵਰਤੋਂ ਕਰਕੇ ਇਕ-ਦੂਜੇ ’ਤੇ ਦੂਸ਼ਣਬਾਜ਼ੀ ਨਾ ਕਰਨ ਤਾਂ ਹੀ ਕੋਈ ਭਲੇ ਦਾ ਕੰਮ ਸੰਭਵ ਹੈ। ਵਿਵੇਕਹੀਣਤਾ ਧਾਰਨ ਕਰਦਿਆਂ ਸਿਰਫ ਜਜ਼ਬਾਤੀ ਰੌਂਅ ਵਿਚ ਵਹਿਣਾ ਤੇ ਰਹਿਣਾ ਹਮੇਸ਼ਾ ਨੁਕਸਾਨਦਾਇਕ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਮਾਰੂ ਹਮਲਿਆਂ ਨੂੰ ਰੋਕਣ ’ਚ ਸਰਕਾਰਾਂ ਪੂਰੀ ਤਰ੍ਹਾਂ ਅਸਫਲ ਰਹੀਆਂ ਹਨ। ਨਸ਼ਿਆਂ ਦੀ ਵਰਤੋਂ ਅਤੇ ਵਪਾਰ ਦੇ ਸੰਗਠਿਤ ਢਾਂਚੇ ਨੂੰ ਵਾਹੁਣ ਵਿਚ ਦਿਖ ਰਹੀ ਅਸਫਲਤਾ ਨੂੰ ਸੋਧਣ ਤੇ ਹੱਲ ਕਰਨ ਲਈ ਪਿੰਡ-ਪਿੰਡ ਕਮੇਟੀਆਂ ਤੇ ਜਥੇ ਬਣਾਉਣ ਦੀ ਲੋੜ ਹੈ। ਕੇਂਦਰ ਤੇ ਪੰਜਾਬ ਸਰਕਾਰ ਆਪਣੇ ਸਭ ਸਾਧਨ ਅਤੇ ਸ਼ਕਤੀ ਵਰਤ ਕੇ ਵੀ ਨਸ਼ਿਆਂ ਦੇ ਵਪਾਰ-ਵਰਤੋਂ ਨੂੰ ਰੋਕਣ ’ਚ ਸਫਲ ਕਿਉਂ ਨਹੀਂ ਹੋ ਰਹੀਆਂ ? ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਜਾਤ-ਪਾਤ ਦੀ ਵੰਡ ਸਦੀਆਂ ਤੋਂ ਸਮਾਜ ’ਤੇ ਬੁਰਾ ਪ੍ਰਭਾਵ ਪਾ ਰਹੀ ਹੈ, ਜਿਸ ਨੂੰ ਗੁਰੂ ਸਾਹਿਬਾਨ ਨੇ 239 ਸਾਲ ਦੀ ਘਾਲਣਾ ਨਾਲ ਦੂਰ ਕਰਨ ਦਾ ਰਾਹ ਦਿਖਾਇਆ।

ਅੰਮ੍ਰਿਤਧਾਰੀ, ਸੰਗਤ ਤੇ ਪੰਗਤ ਦੇ ਵਿਸ਼ਵਾਸੀ ਸਿੱਖਾਂ ਨੂੰ ਤਾਂ ਜਾਤ-ਪਾਤ ਦੇ ਕੋਹੜ ਨੂੰ ਆਪਣੇ ਪਿੰਡਾਂ-ਕਸਬਿਆਂ ਵਿਚੋਂ ਦੂਰ ਕਰਨ ਲਈ, ਮਨੁੱਖੀ ਕਦਰਾਂ-ਕੀਮਤਾਂ ਦੇ ਧਾਰਨੀ ਬਣਨਾ ਚਾਹੀਦਾ ਹੈ। ਸਿੱਖ ਬੱਚਿਆਂ ਵਿਚ ਪੜ੍ਹਨ ਦੀ ਘਟਦੀ ਰੁਚੀ ਚਿੰਤਾ ਦਾ ਵਿਸ਼ਾ ਹੈ, ਇਸ ਲਈ ਪੰਥਕ ਸੰਸਥਾਵਾਂ ਇਨ੍ਹਾਂ ਬੱਚਿਆਂ ਨੂੰ ਉਤਸ਼ਾਹਿਤ ਕਰਨ ਤਾਂ ਜੋ ਉਹ ਪ੍ਰਤੀਯੋਗੀ ਪ੍ਰੀਖਿਆਵਾਂ ਵਿਚ ਭਾਗ ਲੈ ਕੇ ਦੇਸ਼-ਵਿਦੇਸ਼ ਅੰਦਰ ਪ੍ਰਸ਼ਾਸਨ, ਫੌਜ, ਸੁਰੱਖਿਆ ਫ਼ੌਜਾਂ, ਵਿਦੇਸ਼ ਸੇਵਾਵਾਂ ਤੇ ਹੋਰ ਉੱਚ ਨੌਕਰੀਆਂ ਵਿਚ ਸ਼ਾਮਲ ਹੋ ਕੇ ਕੰਮ ਦਾ ਮਾਣ ਬਣਨ। ਲੋੜਵੰਦ ਬੱਚੇ ਬੱਚੀਆਂ ਨੂੰ ਉੱਚ ਵਿਦਿਆ ਲਈ ਹਰ ਹੀਲੇ ਪੰਥਕ ਜ਼ਿੰਮੇਵਾਰੀ ਜਾਣ ਕੇ ਸਹਾਇਤਾ ਦੇਣ ਦੀ ਲੋੜ ਹੈ ਜਿਹੜੇ ਜਿਹੜੇ ਪੈਸੇ ਦੀ ਘਾਟ ਕਰਕੇ ਉੱਚ ਸਿਖਿਆ ਤੋਂ ਵਾਂਝੇ ਰਹਿ ਜਾਂਦੇ ਹਨ। ਪੜ੍ਹੇ-ਲਿਖੇ ਨੌਜਵਾਨਾਂ ਨੂੰ ਨਵੇਂ ਕਾਰੋਬਾਰ ਅਤੇ ਹੋਰ ਵਪਾਰਕ, ਪ੍ਰਬੰਧਕ ਖੇਤਰ ਵਿਚ ਵੀ ਸੇਧ ਦੇਣ ਅਤੇ ਉਤਸ਼ਾਹਿਤ ਕਰਨ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਸਾਰੀ ਮਨੁੱਖਤਾ ਅਨੇਕ ਤਰ੍ਹਾਂ ਦੇ ਮਾਰੂ ਹਥਿਆਰਾਂ, ਬੇਲੋੜੇ ਜੰਗਾਂ-ਯੁੱਧਾਂ ਅਤੇ ਵਿਨਾਸ਼ ਦੇ ਹਾਲਾਤ ਨਾਲ ਜੂਝ ਰਹੀ ਹੈ। ਮਨੁੱਖ ਜੀਵਨ ਦੀ ਗ੍ਰਿਫਤ ਵਿਚ ਉਲਝਦਾ ਜਾ ਰਿਹਾ ਹੈ। ਰੂਸ ਅਤੇ ਯੂਕਰੇਨ ਵਿਚਕਾਰ ਪਿਛਲੇ 8 ਮਹੀਨਿਆਂ ਤੋਂ ਚਲਦੀ ਆ ਰਹੀ ਮਾਰੂ ਜੰਗ ਦੇ ਹੁਣ ਪ੍ਰਮਾਣੂ ਜੰਗ ਵਿਚ ਬਦਲਣ ਦਾ ਖਤਰਾ ਸਿਰ 'ਤੇ ਮੰਡਰਾ ਰਿਹਾ ਹੈ। ਵਿਸ਼ਵ ਵਿਚ ਫੈਲੇ ਸਿੱਖ ਦਾਨਿਸ਼ਵਰਾਂ ਅਤੇ ਸੰਸਥਾਵਾਂ ਨੂੰ ਅਜਿਹੀ ਸਥਿਤੀ ਵਿਚ ਵਿਸ਼ਵ ਨੂੰ ਬਚਾਉਣ ਅਤੇ ਸਿਰਜਾਣਤਮਕ ਕਾਰਜ ਕਰਨ ਲਈ ਆਪਣੀ ਬਣਦੀ ਭੂਮਿਕਾ ਨਿਭਾਉਣੀ ਹੋਏਗੀ। ਅਜਿਹੀ ਹਾਲਤ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਸਾਰੀ ਮਨੁੱਖ ਜਾਤੀ ਨੂੰ ਉਸਾਰੂ ਅਤੇ ਸਾਕਾਰਾਤਮਕ-ਕਲਿਆਣਕਾਰੀ ਦਿਸ਼ਾ ਦੇਣ ਦੇ ਸਮਰੱਥ ਹੈ | ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਵਾਤਾਵਰਨ ਇਕ ਵਿਸ਼ਵ-ਵਿਆਪੀ ਸਮੱਸਿਆ ਹੈ, ਇਸ ਦੇ ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਵੀ ਮੌਸਮਾਂ ਦੀ ਹੇਰ-ਫੇਰ ਦਾ ਬੁਰਾ ਪ੍ਰਭਾਵ ਪੈਣ ਦੇ ਸੰਕੇਤ ਮਿਲ ਰਹੇ ਹਨ। ਅੱਜ ਪੰਜਾਬ ਦਾ ਵਾਤਾਵਰਨ, ਹਵਾ-ਪਾਣੀ, ਖੁਰਾਕ ਅਤੇ ਹੋਰ ਖਾਦ ਪਦਾਰਥ ਬੜੀ ਨਾਜ਼ੁਕ ਸਥਿਤੀ ਤੱਕ ਪ੍ਰਦੂਸ਼ਿਤ ਹੋ ਰਹੇ ਹਨ। ਫਸਲਾਂ ਨੂੰ ਉਗਾਣ ਅਤੇ ਸਾਂਭ-ਸੰਭਾਲ ਵਿਚ ਆਉਣ ਵਾਲੀਆਂ ਔਕੜਾਂ ਕਾਰਨ ਵੀ ਧਰਤੀ ਹੇਠਲਾ ਪਾਣੀ ਅਤੇ ਹਵਾ ਪ੍ਰਦੂਸ਼ਿਤ ਹੋ ਰਹੇ ਹਨ। ਇਸ ਲਈ ਜਿਥੇ ਸਰਕਾਰਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੋਏਗੀ, ਉੱਥੇ ਕਿਸਾਨਾਂ ਨੂੰ ਆਪਣੀ ਖੇਤੀ ਦੇ ਮਸਲ ਖੁਦ ਹੱਲ ਕਰਦਿਆਂ ਨਵੇਂ ਖੇਤੀ ਮਾਡਲ ਅਨੁਸਾਰ ਇਸ ਸਬੰਧੀ ਜਾਗਰੂਕ ਹੋਣਾ ਹੋਏਗਾ।ਇਸ ਖਿੱਤੇ ਵਿਚ ਸੇਵਾ ਕਰ ਰਹੀਆਂ ਸਿੱਖ ਸੰਸਥਾਵਾਂ ਅਤੇ ਵਾਤਾਵਰਨ ਪ੍ਰੇਮੀਆਂ ਵਾਂਗ ਸਭ ਸੰਪਰਦਾਵਾਂ, ਸਭਾ ਸੁਸਾਇਟੀਆਂ ਤੇ ਸਿੰਘ ਸਭਾਵਾਂ, ਆਪੋ ਆਪਣੀ ਸੰਸਥਾ ਦੇ ਵਿੱਚ ਵਾਤਾਵਰਨ ਨੂੰ ਕੁਦਰਤੀ ਬਣਾਉਣ ਲਈ ਹੋਰ ਉਪਰਾਲ ਕਰਨ।ਗੁਰਦੁਆਰਾ ਸਾਹਿਬਾਨ ਵਿਚ ਸਾਫ਼ ਸਫਾਈ ਅਤੇ ਵਾਤਾਵਰਨ ਅਨੁਕੂਲ ਰੁੱਖ ਆਦਿਕ ਲਗਾਏ ਜਾਣ। ਬਿਬੇਕ, ਸੰਜਮ, ਦੂਰ-ਅੰਦੇਸ਼ੀ ਅਤੇ ਗੰਭੀਰ-ਈਮਾਨਦਾਰ ਉਪਰਾਲਿਆਂ ਨਾਲ ਹੀ ਹਰ ਦੀਵਾਲੀ ਤੇ ਬੰਦੀ ਛੋੜ ਦਿਵਸ ਵਧੇਰੇ ਖੁਸ਼ੀਆਂ ਭਰੇ ਹੋ ਸਕਦੇ ਹਨ।

 

 

 

 


author

Manoj

Content Editor

Related News