ਰਾਮ ਰਹੀਮ ਵਰਗੇ ਪਿਕਨਿਕ ਮਨਾਉਣ ਆ ਰਹੇ ਬਾਹਰ; ਬੰਦੀ ਸਿੰਘਾਂ ਨੂੰ ਕਿਉਂ ਨਹੀਂ ਮਿਲਦੀ ਪੈਰੋਲ: ਜਥੇਦਾਰ ਗੜਗੱਜ
Tuesday, Aug 25, 2026 - 02:47 PM (IST)
ਬਰਨਾਲਾ (ਪੁਨੀਤ): ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਇਕ ਵਾਰ ਫ਼ਿਰ ਪੈਰੋਲ ਦਿੱਤੇ ਜਾਣ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਵਿਰੋਧ ਕੀਤਾ ਹੈ। ਉਨ੍ਹਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਨਾ ਹੋਣ ਦਾ ਹਵਾਲਾ ਦਿੰਦਿਆਂ ਇਸ ਨੂੰ ਸਰਕਾਰਾਂ ਦਾ ਦੋਹਰਾ ਮਾਪਦੰਡ ਕਰਾਰ ਦਿੱਤਾ ਹੈ।
ਬਰਨਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਗੜਗੱਜ ਨੇ ਕਿਹਾ ਕਿ ਜਿਹੜੇ ਬੰਦਿਆਂ ਨੂੰ ਬਲਾਤਕਾਰ ਤੇ ਹੋਰ ਵੱਡੇ-ਵੱਡੇ ਜੁਰਮਾਂ ਲਈ ਜੇਲ੍ਹ ਹੋਈ ਹੋਵੇ ਤੇ ਉਸ ਦੀ ਗ੍ਰਿਫ਼ਤਾਰੀ ਵੇਲੇ ਕਈ ਜਾਨਾਂ ਗਈਆਂ ਹੋਣ, ਉਨ੍ਹਾਂ ਨੂੰ ਤਾਂ ਜੇਲ੍ਹ ਵਿਚੋਂ ਇੰਝ ਛੱਡਿਆ ਜਾ ਰਿਹਾ ਹੈ ਜਿਵੇਂ ਕੋਈ ਪਿਕਨਿਕ ਮਨਾਉਣ ਲਈ ਆਉਂਦਾ ਹੈ, ਦੂਜੇ ਪਾਸੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਕੀਤੀ ਜਾ ਰਹੀ। ਇਹ ਸਰਕਾਰਾਂ ਦਾ ਦੋਹਰਾ ਮਾਪਦੰਡ ਹੈ।
ਉਨ੍ਹਾਂ ਕਿਹਾ ਕਿ ਜਗਤਾਰ ਸਿੰਘ ਹਵਾਲਾ ਦੇ ਮਾਤਾ ਜੀ ਬਿਮਾਰ ਹਨ ਤੇ ਸਿੱਖ ਪੰਥ ਦੇ ਨਾਲ-ਨਾਲ ਇਨਸਾਨੀਅਤ ਅਤੇ ਮਨੁੱਖੀ ਹੱਕਾਂ ਨੂੰ ਪਿਆਰ ਕਰਨ ਵਾਲੇ ਸਾਰੇ ਲੋਕ ਹੀ ਉਨ੍ਹਾਂ ਦੀ ਪੈਰੋਲ ਦੀ ਹਮਾਇਤ ਕਰ ਰਹੇ ਹਨ, ਫ਼ਿਰ ਵੀ ਉਨ੍ਹਾਂ ਨੂੰ ਪੈਰੋਲ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਇਕ ਮਾਂ ਦਾ ਆਪਣਾ ਪੁੱਤ ਨੂੰ ਮਿਲਣ ਦਾ ਬੁਨਿਆਦੀ ਹੱਕ ਹੈ ਤੇ ਅਜਿਹੇ ਸਮੇਂ ਵਿਚ ਉਨ੍ਹਾਂ ਨੂੰ ਉਸ ਹੱਕ ਤੋਂ ਵਾਂਝਿਆਂ ਕਰਨਾ ਬੇਇਨਸਾਫ਼ੀ ਹੈ। ਉਨ੍ਹਾਂ ਨੇ ਬਲਵੰਤ ਸਿੰਘ ਰਾਜੋਆਣਾ, ਜਗਤਾਰ ਸਿੰਘ ਤਾਰਾ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਦੇ ਲਟਕਦੇ ਮਾਮਲਿਆਂ 'ਤੇ ਵੀ ਸਵਾਲ ਚੁੱਕੇ।
