ਸ਼੍ਰੀ ਕ੍ਰਿਸ਼ਨ ਜੀ ਨੂੰ ਖ਼ੁਸ਼ ਕਰਨ ਲਈ 'ਜਨਮ ਅਸ਼ਟਮੀ' 'ਤੇ ਜ਼ਰੂਰ ਬਣਾਓ 'ਧਨੀਏ ਦੀ ਪੰਜੀਰੀ', ਜਾਣੋ ਬਣਾਉਣ ਦਾ ਸੌਖਾ ਤਰੀਕਾ

Thursday, Sep 07, 2023 - 12:07 PM (IST)

ਸ਼੍ਰੀ ਕ੍ਰਿਸ਼ਨ ਜੀ ਨੂੰ ਖ਼ੁਸ਼ ਕਰਨ ਲਈ 'ਜਨਮ ਅਸ਼ਟਮੀ' 'ਤੇ ਜ਼ਰੂਰ ਬਣਾਓ 'ਧਨੀਏ ਦੀ ਪੰਜੀਰੀ', ਜਾਣੋ ਬਣਾਉਣ ਦਾ ਸੌਖਾ ਤਰੀਕਾ

ਜਲੰਧਰ (ਬਿਊਰੋ) : ਹਰ ਸਾਲ ਜਨਮ ਅਸ਼ਟਮੀ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਭਗਵਾਨ ਕ੍ਰਿਸ਼ਨ ਜੀ ਦੇ ਜਨਮ ਦਿਨ ਵਜੋਂ ਮਨਾਇਆ ਜਾਂਦਾ ਹੈ।  ਮਿਥਿਹਾਸਕ ਮਾਨਤਾ ਹੈ ਕਿ ਸ਼੍ਰੀ ਕ੍ਰਿਸ਼ਨ ਦਾ ਜਨਮ ਭਾਦੋਂ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅਸ਼ਟਮੀ ਤਰੀਕ ਨੂੰ ਹੋਇਆ ਸੀ। ਇਸ ਸਾਲ ਜਨਮ ਅਸ਼ਟਮੀ ਦਾ ਤਿਉਹਾਰ 6 ਅਤੇ 7 ਸਤੰਬਰ ਨੂੰ ਮਨਾਇਆ ਜਾਵੇਗਾ। ਗ੍ਰਹਿਸਥ ਜੀਵਨ ਵਾਲੇ ਲੋਕ 6 ਸਤੰਬਰ ਨੂੰ ਇਹ ਤਿਉਹਾਰ ਮਨਾਉਣਗੇ ਅਤੇ ਨਾਲ ਹੀ 7 ਸਤੰਬਰ ਨੂੰ ਵੈਸ਼ਨਵ ਸੰਪਰਦਾ ਦੇ ਪੈਰੋਕਾਰ ਜਨਮ ਅਸ਼ਟਮੀ ਮਨਾਉਣਗੇ।

ਜਨਮ ਅਸ਼ਟਮੀ 'ਤੇ ਹਰ ਮੰਦਰ ਨੂੰ ਖ਼ਾਸ ਤਰੀਕੇ ਨਾਲ ਸਜਾਇਆ ਜਾਂਦਾ ਹੈ। ਲੋਕ ਆਪਣੇ ਘਰਾਂ 'ਚ ਭਗਵਾਨ ਕ੍ਰਿਸ਼ਨ ਨੂੰ ਪੂਰੀ ਸ਼ਰਧਾ ਨਾਲ ਸਜਾਉਂਦੇ ਹਨ। ਇਸ ਦਿਨ ਬਾਲ ਗੋਪਾਲ ਨੂੰ ਵੱਖ-ਵੱਖ ਤਰ੍ਹਾਂ ਦੇ ਪਕਵਾਨ ਚੜ੍ਹਾਏ ਜਾਂਦੇ ਹਨ। ਭਗਵਾਨ ਕ੍ਰਿਸ਼ਨ ਨੂੰ ਸਭ ਤੋਂ ਵੱਧ ਮੱਖਣ ਮਿਸ਼ਰੀ ਦਾ ਭੋਗ ਪਸੰਦ ਹੈ ਪਰ ਮੰਨਿਆ ਜਾਂਦਾ ਹੈ ਕਿ ਜਨਮ ਤੋਂ ਬਾਅਦ ਛੋਟੇ ਕਾਨ੍ਹਾ ਨੂੰ ਧਨੀਆ ਪੰਜੀਰੀ ਭੇਟ ਕੀਤੀ ਜਾਂਦੀ ਹੈ। ਧਨੀਏ ਪੰਜੀਰੀ ਦੇ ਪ੍ਰਸ਼ਾਦ ਦਾ ਇਸ ਦਿਨ ਵਿਸ਼ੇਸ਼ ਮਹੱਤਵ ਹੈ। ਅੱਜ ਅਸੀਂ ਤੁਹਾਡੇ ਲਈ ਧਨੀਆ ਪੰਜੀਰੀ ਬਣਾਉਣ ਦਾ ਆਸਾਨ ਤਰੀਕਾ ਲੈ ਕੇ ਆਏ ਹਾਂ।

PunjabKesari

ਧਨੀਆ ਪੰਜੀਰੀ ਬਣਾਉਣ ਲਈ ਸਮੱਗਰੀ
ਧਨੀਆ ਪੰਜੀਰੀ ਬਣਾਉਣ ਲਈ ਸਾਨੂੰ ਦੇਸੀ ਘਿਓ, ਧਨੀਆ ਪਾਊਡਰ, ਮੱਖਣੇ, ਪਾਊਡਰ ਸ਼ੂਗਰ ਜਾਂ ਖੰਡ, ਨਾਰੀਅਲ, ਕਾਜੂ, ਬਦਾਮ, ਪਿਸਤਾ, ਚਿਰੌਂਜੀ, ਕੁਝ ਗੁਲਾਬ ਦੇ ਪੱਤੇ ਆਦਿ ਚੀਜ਼ਾਂ ਦੀ ਲੋੜ ਪੈਂਦੀ ਹੈ।

PunjabKesari

ਧਨੀਆ ਪੰਜੀਰੀ ਬਣਾਉਣ ਦਾ ਤਰੀਕਾ
ਧਨੀਆ ਪੰਜੀਰੀ ਬਣਾਉਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਇਕ ਭਾਰੀ ਤਲੇ ਵਾਲਾ ਪੈਨ ਲੈਣਾ ਪਵੇਗਾ। ਹੁਣ ਇਸ ਪੈਨ 'ਚ ਦੇਸੀ ਘਿਓ ਨੂੰ ਗਰਮ ਕਰੋ। ਗਾਂ ਦੇ ਦੁੱਧ ਤੋਂ ਬਣੇ ਦੇਸੀ ਘਿਉ ਨਾਲ ਬਣੀ ਪੰਜੀਰੀ ਬਹੁਤ ਹੀ ਸੁਆਦੀ ਲੱਗਦੀ ਹੈ। ਘਿਉ ਗਰਮ ਕਰਨ ਤੋਂ ਬਾਅਦ ਇਸ 'ਚ ਧਨੀਆ ਪਾਊਡਰ ਪਾ ਕੇ ਚੰਗੀ ਤਰ੍ਹਾਂ ਭੁੰਨ ਲਓ। ਤੁਸੀਂ ਚਾਹੋ ਤਾਂ ਪਹਿਲਾਂ ਧਨੀਆ ਭੁੰਨ ਕੇ ਪਾਊਡਰ ਬਣਾ ਸਕਦੇ ਹੋ। ਧਨੀਆ ਪਾਊਡਰ ਤਿਆਰ ਕਰਨ ਤੋਂ ਬਾਅਦ ਇੱਕ ਵੱਖਰੇ ਪੈਨ 'ਚ ਮਖਾਣੇ ਦੇ ਟੁਕੜੇ ਫ੍ਰਾਈ ਕਰ ਲਓ। ਮਖਾਣਿਆਂ ਨੂੰ ਠੰਢਾ ਹੋਣ ਤੋਂ ਬਾਅਦ ਪੀਸ ਲਓ। ਇਸ ਤੋਂ ਬਾਅਦ ਕਾਜੂ-ਬਦਾਮ ਨੂੰ ਛੋਟੇ-ਛੋਟੇ ਟੁਕੜਿਆਂ 'ਚ ਕੱਟ ਲਓ। ਭੁੰਨਿਆ ਹੋਇਆ ਧਨੀਆ, ਪੀਸੇ ਹੋਏ ਮਖਾਣੇ, ਕੱਦੂਕਸ ਨਾਰੀਅਲ ਤੇ ਬੂਰਾ ਚੀਨੀ ਨੂੰ ਚੰਗੀ ਤਰ੍ਹਾਂ ਮਿਲਾਓ। ਇਸ ਨੂੰ ਮਿਕਸ ਕਰਨ ਤੋਂ ਬਾਅਦ ਇਸ 'ਚ ਤਿਆਰ ਸੁੱਕੇ ਮੇਵੇ ਪਾ ਦਿਓ। ਇਸ ਤਰ੍ਹਾਂ ਤੁਹਾਡੀ ਪੰਜੀਰੀ ਤਿਆਰ ਹੈ। ਤੁਸੀਂ ਇਸ ਉੱਪਰ ਕੁਝ ਗੁਲਾਬ ਦੀਆਂ ਪੱਤੀਆਂ ਵੀ ਪਾ ਸਕਦੇ ਹੋ। ਬਸ ਤੁਲਸੀ ਦੇ ਪੱਤੇ ਪਾਓ ਤੇ ਲੱਡੂ ਗੋਪਾਲ ਦੇ ਜਨਮ ਤੋਂ ਬਾਅਦ ਭੋਗ ਲਗਾਓ।

PunjabKesari

ਜਨਮ ਅਸ਼ਟਮੀ 'ਤੇ ਬਣਿਆ ਦੁਰਲੱਭ ਸੰਯੋਗ
ਇਸ ਸਾਲ ਕਈ ਸਾਲਾਂ ਬਾਅਦ ਜਨਮ ਅਸ਼ਟਮੀ 'ਤੇ ਦੁਰਲੱਭ ਸੰਯੋਗ ਬਣ ਰਿਹਾ ਹੈ। ਮਿਥਿਹਾਸਕ ਮਾਨਤਾ ਹੈ ਕਿ ਭਗਵਾਨ ਕ੍ਰਿਸ਼ਨ ਦਾ ਜਨਮ ਅਸ਼ਟਮੀ ਤਿਥੀ ਦੀ ਅੱਧੀ ਰਾਤ ਨੂੰ ਰੋਹਿਣੀ ਨਕਸ਼ੱਤਰ 'ਚ ਹੋਇਆ ਸੀ ਅਤੇ ਇਸ ਸਾਲ 6 ਸਤੰਬਰ ਨੂੰ ਅਸ਼ਟਮੀ ਤਿਥੀ ਦੇ ਨਾਲ ਰੋਹਿਣੀ ਨਕਸ਼ੱਤਰ ਦਾ ਸੰਯੋਗ ਵੀ ਬਣ ਰਿਹਾ ਹੈ ਜੋ ਕਿ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ। ਅਜਿਹੇ 'ਚ ਗ੍ਰਹਿਸਥ ਜੀਵਨ 'ਚ ਰਹਿਣ ਵਾਲੇ ਲੋਕਾਂ ਨੂੰ ਜਨਮ ਅਸ਼ਟਮੀ ਦਾ ਤਿਉਹਾਰ 6 ਸਤੰਬਰ ਨੂੰ ਹੀ ਮਨਾਉਣਾ ਚਾਹੀਦਾ ਹੈ।

PunjabKesari

ਪੂਜਾ ਦਾ ਮਹੂਰਤ
ਵੈਸ਼ਨਵ ਸੰਪਰਦਾ 'ਚ ਉਦੈ ਤਿਥੀ ਦਾ ਜ਼ਿਆਦਾ ਮਹੱਤਵ ਹੈ। ਅਜਿਹੇ 'ਚ ਕੁਝ ਲੋਕ 7 ਸਤੰਬਰ ਨੂੰ ਸ਼੍ਰੀ ਕ੍ਰਿਸ਼ਨ ਜਨਮ ਉਤਸਵ ਮਨਾ ਸਕਦੇ ਹਨ। ਜਨਮ ਅਸ਼ਟਮੀ ਦਾ ਤਿਉਹਾਰ 6 ਸਤੰਬਰ ਨੂੰ ਨਛੱਤਰ ਸਥਿਤੀ ਅਨੁਸਾਰ ਅਤੇ 7 ਸਤੰਬਰ ਨੂੰ ਉਦੈ ਤਿਥੀ ਅਨੁਸਾਰ ਮਨਾਇਆ ਜਾਣਾ ਚਾਹੀਦਾ ਹੈ। ਹਾਲਾਂਕਿ ਪੂਜਾ ਦਾ ਮਹੂਰਤ ਸਿਰਫ 46 ਮਿੰਟ ਦਾ ਹੈ, ਜੋ 6 ਸਤੰਬਰ ਨੂੰ ਰਾਤ 11.56 ਵਜੇ ਤੋਂ ਸ਼ੁਰੂ ਹੁੰਦਾ ਹੈ ਅਤੇ 7 ਸਤੰਬਰ ਨੂੰ ਰਾਤ 12.42 ਵਜੇ ਖ਼ਤਮ ਹੁੰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News