ਪਾਕਿਸਤਾਨ ਅਤੇ ਦਰਿਆਵਾਂ ਦੀ ਵਲਗਣ ''ਚ ਘਿਰ ਗਏ ''ਲੋਕਾਂ ਦੇ ਸੁਪਨੇ''

11/30/2019 5:28:24 PM

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)— ਲਸਿਆਣ ਸੀ ਉਸ ਪਿੰਡ ਦਾ ਨਾਂ, ਜਿੱਥੇ 'ਪੰਜਾਬ ਕੇਸਰੀ' ਦੀ ਰਾਹਤ ਟੀਮ 535ਵੇਂ ਟਰੱਕ ਦੀ ਸਮੱਗਰੀ ਲੈ ਕੇ ਪੁੱਜੀ ਸੀ। ਗੁਰਦਾਸਪੁਰ ਜ਼ਿਲੇ ਦਾ ਇਹ ਪਿੰਡ ਉਨ੍ਹਾਂ ਅੱਠ ਪਿੰਡਾਂ 'ਚ ਸ਼ਾਮਲ ਹੈ, ਜਿਹੜੇ ਭੂਗੋਲਿਕ ਨਜ਼ਰੀਏ ਤੋਂ ਪਾਕਿਸਤਾਨ ਨਾਲ ਵਧੇਰੇ ਜੁੜੇ ਹੋਏ ਲੱਗਦੇ ਹਨ, ਹਾਲਾਂਕਿ ਉਹ ਭਾਰਤ ਦੇ ਸੂਬੇ ਪੰਜਾਬ ਦਾ ਹਿੱਸਾ ਹਨ। ਇਨ੍ਹਾਂ ਪਿੰਡਾਂ ਦੇ ਇਕ ਪਾਸੇ ਜੰਮੂ-ਕਸ਼ਮੀਰ ਵੱਲੋਂ ਵਹਿੰਦਾ ਉੱਝ ਦਰਿਆ ਹੈ ਅਤੇ ਪੰਜਾਬ ਵਾਲੇ ਪਾਸੇ ਰਾਵੀ ਠਾਠਾਂ ਮਾਰ ਰਿਹਾ ਹੈ। ਇਨ੍ਹਾਂ ਦੋਹਾਂ ਦਰਿਆਵਾਂ 'ਤੇ ਪੁਲ ਨਹੀਂ ਹੈ, ਜਿਥੋਂ ਦਿਨੇ-ਰਾਤੀਂ ਲੰਘ ਕੇ ਇਥੋਂ ਦੇ ਲੋਕ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਪੰਜਾਬ ਜਾਂ ਜੰਮੂ-ਕਸ਼ਮੀਰ ਦੇ ਸ਼ਹਿਰਾਂ ਤਕ ਜਾ ਸਕਣ। ਇਨ੍ਹਾਂ ਪਿੰਡਾਂ ਦੀ ਤੀਜੀ ਬਾਹੀ 'ਤੇ ਕਈ ਕਿਲੋਮੀਟਰ ਲੰਬੀ ਪਾਕਿਸਤਾਨ ਵਾਲੀ ਸਰਹੱਦ ਅਤੇ ਉਸ ਦੇ ਕੰਢੇ ਉਸਾਰੀ ਗਈ ਤਾਰ-ਵਾੜ ਹੈ। ਪਾਕਿਸਤਾਨ ਅਤੇ ਦਰਿਆਵਾਂ ਦੀ ਵਲਗਣ ਵਿਚ ਲੋਕਾਂ ਦੇ ਸੁਪਨਿਆਂ ਦਾ ਦਮ ਘੁੱਟ ਰਿਹਾ ਹੈ। ਉਹ ਇਸ ਆਸ 'ਚ ਹੀ ਆਪਣਾ ਜੀਵਨ ਗੁਜ਼ਾਰ ਰਹੇ ਹਨ ਕਿ ਸ਼ਾਇਦ ਕਦੀ ਪਾਕਿਸਤਾਨ ਨੂੰ ਸੁਮੱਤ ਆ ਜਾਵੇਗੀ ਅਤੇ ਉਹ ਭਾਰਤ ਵਿਰੋਧੀ ਘਟੀਆ ਹਰਕਤਾਂ ਕਰਨੀਆਂ ਬੰਦ ਕਰ ਦੇਵੇਗਾ। ਉਨ੍ਹਾਂ ਨੂੰ ਇਹ ਵੀ ਉਮੀਦ ਹੈ ਕਿ ਕਿਸੇ ਦਿਨ ਦਰਿਆਵਾਂ 'ਤੇ ਪੱਕੇ ਪੁਲ ਬਣ ਜਾਣਗੇ ਤਾਂ ਉਨ੍ਹਾਂ ਦਾ ਸਾਹ ਕਿਸੇ ਹੱਦ ਤਕ ਸੁਖਾਲਾ ਹੋ ਜਾਵੇਗਾ।

ਇਸ ਇਲਾਕੇ ਦੀ ਬਦਕਿਸਮਤੀ ਰਹੀ ਹੈ ਕਿ ਅਤੀਤ 'ਚ ਇਸ ਰਸਤੇ ਪਾਕਿਸਤਾਨ ਵੱਲੋਂ ਅੱਤਵਾਦੀ ਘੁਸਪੈਠ ਕਰਦੇ ਰਹੇ ਹਨ, ਜਿਨ੍ਹਾਂ ਨੇ ਪਠਾਨਕੋਟ ਅਤੇ ਦੀਨਾਨਗਰ ਪੁਲਸ ਥਾਣੇ ਵਰਗੇ ਕਾਂਡ ਕੀਤੇ ਸਨ। ਅੱਤਵਾਦੀਆਂ ਦਾ ਡਰ ਅੱਜ ਵੀ ਬਣਿਆ ਰਹਿੰਦਾ ਹੈ, ਜਿਸ ਕਾਰਨ ਕਿਸਾਨ ਅਤੇ ਹੋਰ ਕੰਮਾਂ-ਧੰਦਿਆਂ ਵਾਲੇ ਲੋਕ ਦੇਰ-ਸਵੇਰ ਘਰਾਂ 'ਚੋਂ ਬਾਹਰ ਨਹੀਂ ਨਿਕਲਦੇ। ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਤਾਰ-ਵਾੜ ਦੇ ਅੰਦਰ ਹਨ, ਉਨ੍ਹਾਂ ਦੀਆਂ ਫਸਲਾਂ ਦਾ ਨੁਕਸਾਨ ਪਾਕਿਸਤਾਨ ਵੱਲੋਂ ਆਉਣ ਵਾਲੇ ਜੰਗਲੀ ਜਾਨਵਰ ਕਰ ਜਾਂਦੇ ਹਨ। ਕਈ ਵਾਰ ਪਾਕਿਸਤਾਨ ਦੇ ਨਾਗਰਿਕ ਵੀ ਭਾਰਤੀ ਖੇਤਰ 'ਚ ਆ ਕੇ ਸ਼ਰਾਰਤ ਜਾਂ ਕਿਸੇ ਇਕੱਲੇ ਆਦਮੀ ਨਾਲ ਕੁੱਟਮਾਰ ਕਰ ਜਾਂਦੇ ਹਨ। ਇਸ ਖੇਤਰ ਤਕ ਆਉਣ-ਜਾਣ ਲਈ ਕੋਈ ਪੱਕੀ ਸੜਕ ਨਹੀਂ ਹੈ, ਨਾ ਹੀ ਆਵਾਜਾਈ ਦੇ ਕੋਈ ਸਾਧਨ ਹਨ। ਸਿਹਤ, ਸਿੱਖਿਆ ਵਰਗੀਆਂ ਸਹੂਲਤਾਂ ਦੀ ਹਾਲਤ ਤਰਸਯੋਗ ਹੈ ਅਤੇ ਸੰਚਾਰ ਦੇ ਸਾਧਨ ਤਾਂ ਲੱਗਭਗ ਗਾਇਬ ਹੀ ਹਨ। ਟੈਲੀਫੋਨ ਸੇਵਾ ਹੈ ਹੀ ਨਹੀਂ ਅਤੇ ਸਰਹੱਦੀ ਇਲਾਕਾ ਹੋਣ ਕਰਕੇ ਮੋਬਾਇਲ ਚੱਲਦੇ ਨਹੀਂ। ਅਜਿਹਾ ਤਰਸਯੋਗ ਜੀਵਨ ਹੰਢਾ ਰਹੇ ਪਰਿਵਾਰਾਂ 'ਚ ਵੰਡੀ ਜਾਣ ਵਾਲੀ ਸਮੱਗਰੀ ਆਈ. ਐੈੱਮ. ਸੀ. ਕੇਅਰ ਐੈਂਡ ਸ਼ੇਅਰ ਵੈੱਲਫੇਅਰ ਸੋਸਾਇਟੀ ਲੁਧਿਆਣਾ ਦੇ ਚੇਅਰਮੈਨ ਡਾ. ਅਸ਼ੋਕ ਭਾਟੀਆ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਸੱਤਿਅਨ ਭਾਟੀਆ ਦੇ ਅਹਿਮ ਉਪਰਾਲੇ ਅਧੀਨ ਭਿਜਵਾਈ ਗਈ ਸੀ।

ਲਸਿਆਣ 'ਚ ਹੋਏ ਰਾਹਤ ਵੰਡ ਆਯੋਜਨ ਨੂੰ ਸੰਬੋਧਨ ਕਰਦੇ ਰਾਹਤ ਟੀਮ ਦੇ ਮੋਹਰੀ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਹਰ ਇਨਸਾਨ ਨੂੰ 'ਕਿਰਤ ਕਰਨ ਅਤੇ ਵੰਡ ਕੇ ਛਕਣ' ਦੇ ਸਿਧਾਂਤ ਨੂੰ ਅਪਣਾਉਣਾ ਚਾਹੀਦਾ ਹੈ। ਇਸ ਸਿਧਾਂਤ 'ਤੇ ਪਹਿਰਾ ਦੇ ਕੇ ਹੀ ਅਸੀਂ ਸਮਾਜ ਦੇ ਦੱਬੇ-ਕੁਚਲੇ, ਅੱਤਵਾਦ ਪੀੜਤ ਅਤੇ ਹੋਰ ਮੁਸੀਬਤਾਂ ਦੇ ਸ਼ਿਕਾਰ ਲੋਕਾਂ ਦੀ ਮਦਦ ਕਰ ਸਕਦੇ ਹਾਂ। ਕਿਸੇ ਕਮਜ਼ੋਰ ਅਤੇ ਲੋੜਵੰਦ ਵਿਅਕਤੀ ਨੂੰ ਸਹਾਰਾ ਦੇਣਾ ਜਾਂ ਉਸ ਦਾ ਦੁੱਖ-ਦਰਦ ਵੰਡਾਉਣਾ ਇਕ ਉੱਤਮ ਕਾਰਜ ਹੈ। ਜੇਕਰ ਸਾਡੇ ਸਾਰੇ ਸਮਾਜ ਦੀ ਸੋਚ ਅਜਿਹੀ ਹੋ ਜਾਵੇ ਤਾਂ ਬਹੁਤ ਸਾਰੇ ਮਸਲੇ ਆਸਾਨ ਹੋ ਸਕਦੇ ਹਨ।
ਸ਼੍ਰੀ ਸ਼ਰਮਾ ਨੇ ਕਿਹਾ ਕਿ ਜਦੋਂ 1947 'ਚ ਦੇਸ਼ ਦੀ ਵੰਡ ਹੋਈ ਸੀ ਤਾਂ 'ਪੰਜਾਬ ਕੇਸਰੀ' ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦਾ ਪਰਿਵਾਰ ਵੀ ਪਾਕਿਸਤਾਨ ਤੋਂ ਉੱਜੜ ਕੇ ਜਲੰਧਰ ਆਇਆ ਸੀ। ਇਸ ਪਰਿਵਾਰ ਨੇ ਸਖਤ ਮਿਹਨਤ ਕੀਤੀ ਅਤੇ ਸਫਲਤਾਵਾਂ ਦੀਆਂ ਬੁਲੰਦੀਆਂ ਨੂੰ ਛੂਹਿਆ। ਅੱਜ ਵਿਜੇ ਜੀ ਦਾ ਜੀਵਨ ਲੋੜਵੰਦਾਂ ਅਤੇ ਪੀੜਤਾਂ ਦੀ ਸੇਵਾ ਨੂੰ ਸਮਰਪਤ ਹੈ। ਉਨ੍ਹਾਂ ਦੇ ਇਸ ਸੇਵਾ-ਮਿਸ਼ਨ ਤੋਂ ਸਾਰੇ ਦੇਸ਼ ਵਾਸੀਆਂ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ।

PunjabKesari

ਤਕਲੀਫਾਂ ਝੱਲ ਕੇ ਵੀ ਦੇਸ਼-ਸੇਵਾ ਕਰ ਰਹੇ ਨੇ ਲੋਕ : ਜਸਪ੍ਰੀਤ ਕੌਰ
ਆਈ. ਐੈੱਮ. ਸੀ. ਵੱਲੋਂ ਭੇਜੀ ਰਾਹਤ ਸਮੱਗਰੀ ਨਾਲ ਵਿਸ਼ੇਸ਼ ਤੌਰ 'ਤੇ ਪੁੱਜੀ ਮੈਡਮ ਜਸਪ੍ਰੀਤ ਕੌਰ ਨੇ ਕਿਹਾ ਕਿ ਸਰਹੱਦੀ ਖੇਤਰਾਂ 'ਚ ਰਹਿਣ ਵਾਲੇ ਲੋਕ ਹਜ਼ਾਰਾਂ ਤਕਲੀਫਾਂ ਝੱਲ ਕੇ ਵੀ ਦੇਸ਼-ਸੇਵਾ ਕਰ ਰਹੇ ਹਨ। ਇਨ੍ਹਾਂ ਦੀਆਂ ਕੁਰਬਾਨੀਆਂ ਅਤੇ ਸੇਵਾਵਾਂ ਦਾ ਮੁੱਲ ਨਹੀਂ ਮੋੜਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਅੱਜ ਦੇ ਜ਼ਮਾਨੇ 'ਚ ਜਦੋਂ ਆਮ ਲੋਕ ਨਿੱਕੀ-ਨਿੱਕੀ ਗੱਲ ਦੀ ਸ਼ਿਕਾਇਤ ਕਰਦੇ ਰਹਿੰਦੇ ਹਨ ਤਾਂ ਸਰਹੱਦੀ ਇਲਾਕਿਆਂ ਦੇ ਪਰਿਵਾਰ ਪਹਾੜ ਵਰਗਾ ਜੇਰਾ ਕਰ ਕੇ ਸਬਰ-ਸੰਤੋਖ ਨਾਲ ਰੁੱਖੀ-ਮਿੱਸੀ ਖਾ ਲੈਂਦੇ ਹਨ। ਜਸਪ੍ਰੀਤ ਕੌਰ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਕੇਸਰੀ ਗਰੁੱਪ ਨੇ ਇਨ੍ਹਾਂ ਪੀੜਤ ਪਰਿਵਾਰਾਂ ਦੀ ਸਹਾਇਤਾ ਦਾ ਬੀੜਾ ਚੁੱਕਿਆ ਹੈ, ਇਹ ਕਾਰਜ ਬੇਹੱਦ ਸ਼ਲਾਘਾਯੋਗ ਹੈ। ਆਈ. ਐੱਮ. ਸੀ. ਵੱਲੋਂ ਵੀ ਇਸ ਤੋਂ ਪ੍ਰੇਰਿਤ ਹੋ ਕੇ ਸਹਾਇਤਾ ਸਮੱਗਰੀ ਭਿਜਵਾਈ ਗਈ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰਾਂ ਦੇ ਲੋੜਵੰਦ ਪਰਿਵਾਰਾਂ ਲਈ ਸਾਨੂੰ ਸਭ ਨੂੰ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ।

ਸੀ. ਆਰ. ਪੀ. ਐੱਫ. ਦੇ ਰਿਟਾਇਰਡ ਕਰਮਚਾਰੀਆਂ ਦੀ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸ. ਸੁਲਿੰਦਰ ਸਿੰਘ ਕੰਡੀ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਢੰਗ ਨਾਲ ਪੰਜਾਬ ਕੇਸਰੀ ਗਰੁੱਪ ਵਲੋਂ ਮਸਲਾ ਵੱਡੇ ਪੱਧਰ 'ਤੇ ਉਠਾਇਆ ਗਿਆ ਹੈ, ਉਸ ਤੋਂ ਆਸ ਬਣਦੀ ਹੈ ਕਿ ਰਾਵੀ ਦਰਿਆ 'ਤੇ ਛੇਤੀ ਹੀ ਪੁਲ ਦਾ ਨਿਰਮਾਣ ਹੋ ਜਾਵੇਗਾ ਅਤੇ ਲੋਕਾਂ ਦੇ ਦੁੱਖ ਦੂਰ ਹੋਣਗੇ।
ਸ. ਕੰਡੀ ਨੇ ਸਰਹੱਦੀ ਪਰਿਵਾਰਾਂ ਦਾ ਹੌਸਲਾ ਵਧਾਉਂਦਿਆਂ ਕਿਹਾ ਕਿ ਉਹ ਆਪਣੇ ਆਪ ਨੂੰ ਇਕੱਲੇ ਨਾ ਸਮਝਣ, ਪੂਰਾ ਦੇਸ਼ ਉਨ੍ਹਾਂ ਦੇ ਨਾਲ ਖੜ੍ਹਾ ਹੈ। ਇਸ ਦੀ ਇਕ ਜ਼ੋਰਦਾਰ ਮਿਸਾਲ ਹੈ ਕਿ ਪੰਜਾਬ ਕੇਸਰੀ ਪੱਤਰ ਸਮੂਹ ਦੀ ਰਾਹਤ ਵੰਡ ਟੀਮ ਦਿਨ-ਰਾਤ ਅਤੇ ਧੁੱਪ-ਛਾਂ ਦੀ ਪਰਵਾਹ ਕੀਤੇ ਬਿਨਾਂ ਲੋੜਵੰਦ ਪਰਿਵਾਰਾਂ ਤੱਕ ਸਹਾਇਤਾ ਸਮੱਗਰੀ ਪਹੁੰਚਾ ਰਹੀ ਹੈ। ਉਨ੍ਹਾਂ ਕਿਹਾ ਕਿ ਸੇਵਾ ਦਾ ਇਹ ਕਾਫਲਾ ਇਸੇ ਤਰ੍ਹਾਂ ਚੱਲਦਾ ਰਹੇਗਾ।

ਸਰਕਾਰਾਂ ਸਰਹੱਦੀ ਲੋਕਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਦੇਣ : ਰਜਿੰਦਰ ਸ਼ਰਮਾ
ਨੋਬਲ ਫਾਊਂਡੇਸ਼ਨ ਲੁਧਿਆਣਾ ਦੇ ਚੇਅਰਮੈਨ ਸ਼੍ਰੀ ਰਜਿੰਦਰ ਸ਼ਰਮਾ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੂੰ ਸਰਹੱਦੀ ਖੇਤਰ ਵਿਚ ਰਹਿਣ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਵੱਲ ਤਰਜੀਹ ਦੇ ਆਧਾਰ 'ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਇਨ੍ਹਾਂ ਦੇ ਹੱਲ ਲਈ ਤੁਰੰਤ ਢੁੱਕਵੇਂ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਹ ਬੇਹੱਦ ਅਫਸੋਸ ਦੀ ਗੱਲ ਹੈ ਕਿ ਵੋਟਾਂ ਦੀ ਰਾਜਨੀਤੀ 'ਚ ਉਲਝ ਕੇ ਰਹਿ ਗਏ ਸਾਡੇ ਸੱਤਾਧਾਰੀ ਨੇਤਾਵਾਂ ਨੂੰ ਸਰਹੱਦੀ ਖੇਤਰਾਂ ਦੀਆਂ ਮੁਸ਼ਕਲਾਂ ਬਾਰੇ ਸੋਚਣ ਦਾ ਮੌਕਾ ਹੀ ਨਹੀਂ ਮਿਲਦਾ, ਇਸ ਕਾਰਣ ਬਹੁਤ ਸਾਰੇ ਮੁੱਦੇ ਅਣਗੌਲੇ ਰਹਿ ਜਾਂਦੇ ਹਨ।
ਸ਼੍ਰੀ ਰਜਿੰਦਰ ਸ਼ਰਮਾ ਨੇ ਕਿਹਾ ਕਿ ਸਰਕਾਰਾਂ ਦੀ ਬੇਰੁਖੀ ਕਾਰਣ ਹੀ ਅੱਤਵਾਦ ਪੀੜਤਾਂ ਅਤੇ ਸਰਹੱਦੀ ਖੇਤਰਾਂ ਦੇ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਦਾ ਜ਼ਿੰਮਾ ਪੰਜਾਬ ਕੇਸਰੀ ਪਰਿਵਾਰ ਨੇ ਸੰਭਾਲਿਆ ਹੈ। ਉਨ੍ਹਾਂ ਕਿਹਾ ਕਿ ਇਸ ਰਾਹਤ ਮੁਹਿੰਮ 'ਚ ਸਾਨੂੰ ਵਧ-ਚੜ੍ਹ ਕੇ ਸਹਿਯੋਗ ਦੇਣਾ ਚਾਹੀਦਾ ਹੈ। ਇਸ ਮੌਕੇ 'ਤੇ ਪਿੰਡ ਲਸਿਆਣ ਦੇ ਸਰਪੰਚ ਸਲੋਵਰ ਸਿੰਘ, ਭਰਿਆਲ ਦੇ ਸਰਪੰਚ ਸ. ਰੂਪ ਸਿੰਘ, ਸੀ. ਆਰ. ਪੀ. ਐੱਫ. ਦੇ ਰਿਟਾਇਰਡ ਇੰਸਪੈਕਟਰ ਸ.ਰਾਜ ਸਿੰਘ, ਸਤਨਾਮ ਸਿੰਘ ਰੰਧਾਵਾ ਤੋਂ ਇਲਾਵਾ ਆਈ. ਐੱਮ. ਸੀ. ਲੁਧਿਆਣਾ ਦੇ ਮੈਡਮ ਹਰਜੋਤ ਕੌਰ, ਸੁਰਜੀਤ ਸਿੰਘ, ਨਿਕਿਤਾ ਪਾਂਡੇ, ਪੂਰਨ, ਸੁਖਵਿੰਦਰ ਸਿੰਘ ਸੰਨੀ ਅਤੇ ਹੋਰ ਸ਼ਖਸੀਅਤਾਂ ਮੌਜੂਦ ਸਨ। ਇਸ ਮੌਕੇ 'ਤੇ ਵੱਖ-ਵੱਖ ਪਿੰਡਾਂ ਨਾਲ ਸਬੰਧਤ 300 ਪਰਿਵਾਰਾਂ ਨੂੰ ਘਰੇਲੂ ਵਰਤੋਂ ਦਾ ਸਾਮਾਨ ਮੁਹੱਈਆ ਕਰਵਾਇਆ ਗਿਆ।


shivani attri

Content Editor

Related News