ਬਾਰੂਦ ਦੀ ''ਵਾਛੜ'' ਵਿਚ ਉੱਜੜ ਰਿਹੈ ਲੋਕ-ਜੀਵਨ

Saturday, Sep 21, 2019 - 06:35 PM (IST)

ਬਾਰੂਦ ਦੀ ''ਵਾਛੜ'' ਵਿਚ ਉੱਜੜ ਰਿਹੈ ਲੋਕ-ਜੀਵਨ

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)— ਘਰਾਂ, ਖੇਤਾਂ, ਕਾਰੋਬਾਰੀ ਸਥਾਨਾਂ 'ਤੇ ਬਾਰੂਦ ਦੀ 'ਵਾਛੜ' ਦਾ ਦੁਖਦਾਈ ਸਿਲਸਿਲਾ ਕਈ ਸਾਲਾਂ ਤੋਂ ਚੱਲਿਆ ਆ ਰਿਹਾ ਹੈ। ਫਸਲਾਂ ਪਾਲਣ-ਸਾਂਭਣ ਵਾਲੇ ਕਿਸਾਨ, ਚੁੱਲ੍ਹਾ-ਚੌਕਾ ਸੰਭਾਲਣ ਵਾਲੀਆਂ ਸੁਆਣੀਆਂ, ਗਲੀਆਂ 'ਚ ਲੀਰਾਂ ਦੀ ਖਿੱਦੋ ਨਾਲ ਖੇਡਣ ਵਾਲੇ ਬੱਚੇ ਅਤੇ ਦਿਹਾੜੀ-ਮਜ਼ਦੂਰੀ ਕਰਨ ਵਾਲੇ ਇਨਸਾਨ, ਸਭ ਇਸ 'ਵਾਛੜ' ਦੀ ਕਰੋਪੀ ਸਹਿਣ ਕਰ ਰਹੇ ਹਨ ਅਤੇ ਉਨ੍ਹਾਂ ਦਾ ਜੀਵਨ ਉੱਜੜ ਰਿਹਾ ਹੈ। ਨਤੀਜੇ ਵਜੋਂ ਹਜ਼ਾਰਾਂ ਲੋਕਾਂ ਦਾ ਕਾਰ-ਵਿਹਾਰ ਹਰ ਪਲ ਸੰਕਟ ਦੀ ਮਾਰ ਹੇਠ ਘੁੱਟਿਆ ਰਹਿੰਦਾ ਹੈ।
ਇਹ ਸਥਿਤੀ ਜੰਮੂ-ਕਸ਼ਮੀਰ ਦੇ ਸੈਂਕੜੇ ਪਿੰਡਾਂ ਦੀ ਹੈ, ਜਿਹੜੇ ਕਠੂਆ ਤੋਂ ਲੈ ਕੇ ਰਾਜੌਰੀ-ਪੁੰਛ ਤਕ ਪਾਕਿਸਤਾਨ ਦੀ ਸਰਹੱਦ ਕੰਢੇ ਸਥਿਤ ਹਨ। ਪਿਛਲੇ ਕੁਝ ਦਿਨਾਂ ਤੋਂ ਗੋਲੀਆਂ ਦੀ ਵਾਛੜ ਬਹੁਤ ਤੇਜ਼ ਹੋ ਗਈ ਹੈ ਅਤੇ ਜੰਗ ਦੀ ਆਹਟ ਵਰਗੀਆਂ ਗੱਲਾਂ ਲੋਕਾਂ ਦੇ ਕੰਨੀਂ ਪੈਣ ਲੱਗੀਆਂ ਹਨ। ਇਸ ਨਾਲ ਨਿਮਾਣੇ-ਨਿਤਾਣੇ ਲੋਕਾਂ ਦੇ ਚਿਹਰਿਆਂ ਦਾ ਸਹਿਮ ਹੋਰ ਗੂੜ੍ਹਾ ਹੁੰਦਾ ਜਾ ਰਿਹਾ ਹੈ। ਇਸ ਸਹਿਮ ਨੂੰ ਨੇੜਿਓਂ ਵੇਖਣ ਅਤੇ ਸੰਕਟ ਦੇ ਸਾਏ ਹੇਠ ਜੀਅ ਰਹੇ ਲੋਕਾਂ ਦਾ ਦਰਦ ਸੁਣਨ-ਸਮਝਣ ਦਾ ਮੌਕਾ ਉਦੋਂ ਬਣਿਆ, ਜਦੋਂ 525ਵੇਂ ਟਰੱਕ ਦੀ ਸਮੱਗਰੀ ਵੰਡਣ ਲਈ 'ਪੰਜਾਬ ਕੇਸਰੀ' ਪੱਤਰ ਸਮੂਹ ਦਾ ਕਾਫਲਾ ਆਰ. ਐੱਸ. ਪੁਰਾ ਸੈਕਟਰ ਦੇ ਪਿੰਡ ਸੁਚੇਤਗੜ੍ਹ ਪੁੱਜਾ ਸੀ।

ਸਥਾਨ ਸਰਹੱਦ ਕੰਢੇ 'ਤੇ ਬਣੀ ਚੈੱਕ ਪੋਸਟ ਦਾ ਸੀ, ਜਿਸ ਦੇ ਕੈਂਪਸ 'ਚ ਰਘੂਨਾਥ ਮੰਦਰ ਬਣਿਆ ਹੋਇਆ ਹੈ ਅਤੇ ਮੰਦਰ ਦੇ ਸਾਹਮਣੇ ਹੀ ਆਲੇ-ਦੁਆਲੇ ਦੇ ਪਿੰਡਾਂ ਨਾਲ ਸਬੰਧਤ 300 ਦੇ ਕਰੀਬ ਉਹ ਪਰਿਵਾਰ ਬੈਠੇ ਸਨ, ਜਿਨ੍ਹਾਂ ਨੂੰ ਸੁਪਨਿਆਂ ਵਿਚ ਵੀ ਗੋਲੀਆਂ ਦੀਆਂ ਆਵਾਜ਼ਾਂ ਡਰਾਉਂਦੀਆਂ ਰਹਿੰਦੀਆਂ ਹਨ। ਇਕ ਜਾਣਕਾਰ ਨੇ ਦੱਸਿਆ ਕਿ ਇਹ ਮੰਦਰ ਜੰਮੂ-ਕਸ਼ਮੀਰ ਦੇ ਪਹਿਲੇ ਮਹਾਰਾਜਾ ਗੁਲਾਬ ਸਿੰਘ ਨੇ ਬਣਵਾਇਆ ਸੀ। ਗੁਲਾਬ ਸਿੰਘ ਨੇ 1822 'ਚ ਜੰਮੂ ਦਾ ਰਾਜ ਸੰਭਾਲਿਆ ਸੀ ਅਤੇ 1837 'ਚ ਇਸ ਮੰਦਰ ਦਾ ਨਿਰਮਾਣ ਕਰਵਾ ਦਿੱਤਾ। ਭਗਵਾਨ ਦੀ ਅਜਿਹੀ ਕਿਰਪਾ ਹੋਈ ਕਿ 1846 'ਚ ਪੂਰੇ ਜੰਮੂ-ਕਸ਼ਮੀਰ ਦਾ ਤਾਜ ਉਸ ਦੇ ਸਿਰ ਸਜ ਗਿਆ। ਇਸ ਮੰਦਰ ਕੈਂਪਸ 'ਚ ਵੰਡੀ ਜਾਣ ਵਾਲੀ ਸਮੱਗਰੀ ਅੰਬਾਲਾ ਦੇ ਸੇਵਾ-ਕਾਰਜਾਂ ਨੂੰ ਸਮਰਪਿਤ ਵਿਧਾਇਕ ਸ਼੍ਰੀ ਅਸੀਮ ਗੋਇਲ ਦੇ ਯਤਨਾਂ ਸਦਕਾ ਮੁਹੱਈਆ ਕਰਵਾਈ ਗਈ ਸੀ ਅਤੇ ਲੋੜਵੰਦਾਂ ਨੂੰ ਹੱਥੀਂ ਵੰਡਣ ਲਈ ਉਹ ਖ਼ੁਦ ਵੀ ਸਰਹੱਦ ਕਿਨਾਰੇ ਪੁੱਜੇ ਸਨ।

ਪ੍ਰਭਾਵਿਤ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਅਸੀਮ ਗੋਇਲ ਨੇ ਕਿਹਾ ਕਿ ਸਰਹੱਦੀ ਪਿੰਡਾਂ ਦੇ ਲੋਕ ਦਿਨ-ਰਾਤ ਪਾਕਿਸਤਾਨ ਵੱਲੋਂ ਕੀਤੀ ਜਾਂਦੀ ਗੋਲੀਬਾਰੀ ਦਾ ਸਾਹਮਣਾ ਕਰਦੇ ਹਨ ਪਰ ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਇਨ੍ਹਾਂ ਨੂੰ ਕਦੇ ਵੀ ਭੁੱਖ ਦਾ ਸਾਹਮਣਾ ਨਾ ਕਰਨਾ ਪਵੇ। ਇਨ੍ਹਾਂ ਪਰਿਵਾਰਾਂ ਨੂੰ ਸਹਾਇਤਾ ਪਹੁੰਚਾਉਣ ਲਈ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਜਿਹੜਾ ਸੇਵਾ ਦਾ ਯੱਗ ਸ਼ੁਰੂ ਕੀਤਾ ਹੈ, ਉਸ ਵਿਚ ਸਭ ਨੂੰ ਵਧ-ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਸ਼੍ਰੀ ਗੋਇਲ ਨੇ ਕਿਹਾ ਕਿ ਉਸ ਇਨਸਾਨ ਦਾ ਜੀਵਨ ਹੀ ਸਫਲ ਹੈ, ਜਿਹੜਾ ਲੋੜ ਸਮੇਂ ਦੂਜਿਆਂ ਦੇ ਕੰਮ ਆਉਂਦਾ ਹੈ, ਜੋ ਵਿਅਕਤੀ ਸਿਰਫ ਆਪਣੇ ਲਈ ਜਿਊਂਦਾ ਹੈ, ਉਸ ਦਾ ਜੀਵਨ ਵਿਅਰਥ ਹੈ। ਸਰਹੱਦੀ ਪਰਿਵਾਰਾਂ ਦੀ ਬਹਾਦਰੀ ਦੀ ਪ੍ਰਸ਼ੰਸਾ ਕਰਦਿਆਂ ਵਿਧਾਇਕ ਨੇ ਕਿਹਾ ਕਿ ਦੇਸ਼ ਦੀ ਰਖਵਾਲੀ ਵਿਚ ਇਨ੍ਹਾਂ ਲੋਕਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇਨ੍ਹਾਂ ਦੀ ਬਹਾਦਰੀ ਨੂੰ ਸਲਾਮ ਕਰਨੀ ਬਣਦੀ ਹੈ, ਜਿਹੜੇ ਵਰ੍ਹਦੀਆਂ ਗੋਲੀਆਂ 'ਚ ਵੀ ਆਪਣੇ ਟਿਕਾਣਿਆਂ 'ਚ ਡਟੇ ਰਹਿੰਦੇ ਹਨ। ਸ਼੍ਰੀ ਗੋਇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ 'ਚੋਂ ਆਰਟੀਕਲ-370 ਖਤਮ ਕਰ ਕੇ ਇਸ ਸੂਬੇ ਦੀ ਤਰੱਕੀ ਦਾ ਰਾਹ ਪੱਧਰਾ ਕੀਤਾ ਹੈ। ਅੱਜ ਪੂਰੇ ਸੂਬੇ 'ਚ ਥਾਂ-ਥਾਂ ਤਿਰੰਗਾ ਲਹਿਰਾਅ ਰਿਹਾ ਹੈ ਅਤੇ ਇਕ ਤਬਦੀਲੀ ਦੀ ਆਸ ਬੱਝੀ ਹੈ, ਜਿਸ ਵਿਚ ਲੋਕ-ਜੀਵਨ ਖੁਸ਼ਹਾਲ ਹੋਵੇਗਾ।

PunjabKesari

ਫਸਲਾਂ ਨੂੰ ਖਾ ਰਿਹੈ ਸੋਕਾ: ਸਰਬਜੀਤ ਜੌਹਲ
ਇਲਾਕੇ ਦੇ ਸਮਾਜ ਸੇਵੀ ਅਤੇ ਭਾਜਪਾ ਆਗੂ ਸ. ਸਰਬਜੀਤ ਸਿੰਘ ਜੌਹਲ ਨੇ ਕਿਹਾ ਕਿ ਇਕ ਪਾਸੇ ਪਾਕਿਸਤਾਨ ਬਾਰੂਦ ਦੀ 'ਵਾਛੜ' ਕਰ ਰਿਹਾ ਹੈ ਅਤੇ ਦੂਜੇ ਪਾਸੇ ਕਿਸਾਨਾਂ ਦੀਆਂ ਫਸਲਾਂ ਨੂੰ ਸੋਕਾ ਮਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਸਮਤੀ ਦਾ ਗੜ੍ਹ ਸਮਝਿਆ ਜਾਣ ਵਾਲਾ ਆਰ. ਐੱਸ. ਪੁਰਾ ਦਾ ਇਲਾਕਾ ਅੱਜ ਖੇਤੀਬਾੜੀ ਲਈ ਪਾਣੀ ਦੀ ਵੱਡੀ ਘਾਟ ਮਹਿਸੂਸ ਕਰ ਰਿਹਾ ਹੈ। ਸਰਕਾਰ ਨੂੰ ਇਸ ਦਿਸ਼ਾ ਵਿਚ ਵੀ ਢੁੱਕਵੇਂ ਪ੍ਰਬੰਧ ਕਰਨੇ ਚਾਹੀਦੇ ਹਨ ਕਿਉਂਕਿ ਸਰਹੱਦੀ ਪਰਿਵਾਰਾਂ ਦਾ ਜੀਵਨ ਖੇਤੀ 'ਤੇ ਹੀ ਨਿਰਭਰ ਕਰਦਾ ਹੈ। ਸ. ਜੌਹਲ ਨੇ ਕਿਹਾ ਕਿ ਸਰਹੱਦੀ ਪਿੰਡਾਂ ਦੇ ਲੋਕ ਬਹੁਤ ਸਾਲਾਂ ਤੋਂ ਪਾਕਿਸਤਾਨ ਦਾ ਤਸ਼ੱਦਦ ਸਹਿਣ ਕਰ ਰਹੇ ਹਨ ਅਤੇ ਹੁਣ ਤਾਂ ਇਸ ਦੀ ਅੱਤ ਹੋ ਗਈ ਹੈ। ਨਿੱਤ-ਦਿਨ ਹੋਣ ਵਾਲੀ ਫਾਇਰਿੰਗ ਕਾਰਣ ਲੋਕਾਂ ਦੇ ਕੰਮ-ਧੰਦੇ ਠੱਪ ਹੋ ਕੇ ਰਹਿ ਗਏ ਹਨ। ਪਹਿਲਾਂ ਹੀ ਬੇਰੋਜ਼ਗਾਰੀ ਦੀ ਮਾਰ ਸਹਿਣ ਕਰ ਰਹੇ ਲੋਕਾਂ ਲਈ ਆਪਣੀ ਰੋਟੀ ਚਲਾਉਣੀ ਵੀ ਮੁਸ਼ਕਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋੜਵੰਦ ਪਰਿਵਾਰਾਂ ਦੀ ਵੱਧ ਤੋਂ ਵੱਧ  ਮਦਦ ਕੀਤੀ ਜਾਣੀ ਚਾਹੀਦੀ ਹੈ। ਪਿੰਡ ਫਲੋਰਾ ਦੇ ਸਰਪੰਚ ਸੁਰਜੀਤ ਸਿੰਘ ਚੌਧਰੀ ਨੇ ਕਿਹਾ ਕਿ ਪਾਕਿਸਤਾਨ ਦਾ ਅੱਜ ਕੋਈ ਭਰੋਸਾ ਨਹੀਂ ਹੈ ਕਿ ਕਿਸ ਵੇਲੇ ਉਹ ਜੰਗ ਦੇ ਹਾਲਾਤ ਬਣਾ ਦੇਵੇ। ਉਨ੍ਹਾਂ ਕਿਹਾ ਕਿ ਅਨੇਕਾਂ ਸਰਹੱਦੀ ਪਿੰਡ ਅਜਿਹੇ ਹਨ, ਜਿਨ੍ਹਾਂ ਦੇ ਘਰਾਂ ਦੀਆਂ ਕੰਧਾਂ ਗੋਲੀਆਂ ਨੇ ਛਲਣੀ ਕਰ ਦਿੱਤੀਆਂ ਹਨ। ਅਜਿਹੀ ਹਾਲਤ ਵਿਚ ਇਨ੍ਹਾਂ ਲੋਕਾਂ ਨੂੰ ਆਪਣਾ ਜੀਵਨ ਚਲਾਉਣਾ ਬਹੁਤ ਮੁਸ਼ਕਲ ਹੋ ਰਿਹਾ ਹੈ। 'ਪੰਜਾਬ ਕੇਸਰੀ' ਦਫਤਰ ਜੰਮੂ ਦੇ ਇੰਚਾਰਜ ਬਲਰਾਮ ਸੈਣੀ ਨੇ ਕਿਹਾ ਕਿ ਜਦੋਂ ਤੱਕ ਅਸੀਮ ਗੋਇਲ ਵਰਗੇ ਦਾਨਵੀਰ ਇਸ ਧਰਤੀ 'ਤੇ ਮੌਜੂਦ ਹਨ, ਉਦੋਂ ਤੱਕ ਸਰਹੱਦੀ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਹੋਰ ਲੋਕਾਂ ਨੂੰ ਵੀ ਇਸ ਮੁਹਿੰਮ 'ਚ ਵਧ-ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ।

ਨਿਰਸੁਆਰਥ ਸੇਵਾ ਵਾਲੇ ਲੋਕ ਬਹੁਤ ਘੱਟ: ਵਰਿੰਦਰ ਸ਼ਰਮਾ
'ਪੰਜਾਬ ਕੇਸਰੀ' ਦੀ ਰਾਹਤ ਟੀਮ ਦੇ ਮੁਖੀ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਸਮਾਜ 'ਚ ਨਿਰਸੁਆਰਥ ਸੇਵਾ ਕਰਨ ਵਾਲੇ ਲੋਕ ਬਹੁਤ ਘੱਟ ਹਨ ਅਤੇ ਸਿਆਸਤ ਦੇ ਖੇਤਰ 'ਚ ਤਾਂ ਅਜਿਹੇ ਲੋਕ ਬਿਲਕੁਲ ਹੀ ਨਹੀਂ। ਉਨ੍ਹਾਂ ਕਿਹਾ ਕਿ ਵਿਧਾਇਕ ਸ਼੍ਰੀ ਅਸੀਮ ਗੋਇਲ ਵਰਗੇ ਲੋਕ ਬਹੁਤ ਟਾਵੇਂ ਹੀ ਹੋਣਗੇ, ਜਿਨ੍ਹਾਂ ਨੇ ਸਿਆਸਤ 'ਚ ਰਹਿੰਦਿਆਂ ਵੀ ਸਮਾਜ ਸੇਵਾ ਨੂੰ ਤਰਜੀਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਸੀਮ ਜੀ ਜਿਹੜੇ ਲੋਕਾਂ ਨੂੰ ਆਪਣੇ ਹੱਥੀਂ ਸਮੱਗਰੀ ਵੰਡਣ ਲਈ ਸੁਚੇਤਗੜ੍ਹ ਪੁੱਜੇ ਹਨ, ਇਨ੍ਹਾਂ ਦੀਆਂ ਦੁਆਵਾਂ ਉਨ੍ਹਾਂ ਨੂੰ ਜ਼ਰੂਰ ਮਿਲਣਗੀਆਂ। ਸ਼੍ਰੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਜਿਹੜੇ ਪਰਿਵਾਰਾਂ ਦੇ ਮੈਂਬਰ ਪਾਕਿਸਤਾਨੀ ਗੋਲੀਬਾਰੀ 'ਚ ਮਾਰੇ ਗਏ ਜਾਂ ਜ਼ਖਮੀ ਹੋ ਗਏ ਅਤੇ ਨਾਲ ਹੀ ਫਸਲਾਂ ਪ੍ਰਭਾਵਿਤ ਹੋਈਆਂ, ਪਸ਼ੂ ਜ਼ਖਮੀ ਹੋਏ, ਉਨ੍ਹਾਂ ਪਰਿਵਾਰਾਂ ਦਾ ਦਰਦ ਸੁਣ ਕੇ ਮਨ ਭਰ ਆਉਂਦਾ ਹੈ। ਪਰਮਾਤਮਾ ਕਰੇ ਕਿ ਪਾਕਿਸਤਾਨ ਨੂੰ ਸੁਮੱਤ ਆਵੇ ਅਤੇ ਇਨ੍ਹਾਂ ਲੋਕਾਂ ਦੀਆਂ ਮੁਸ਼ਕਲਾਂ ਘੱਟ ਹੋ ਜਾਣ। ਸ਼੍ਰੀ ਰਾਜੇਸ਼ ਭਗਤ ਨੇ ਕਿਹਾ ਕਿ ਸਰਹੱਦੀ ਪਰਿਵਾਰਾਂ ਦੇ ਦੁੱਖਾਂ ਦੀ ਕੋਈ ਹੱਦ ਨਹੀਂ ਹੈ ਅਤੇ ਅਜਿਹੇ ਲੋੜਵੰਦਾਂ ਲਈ ਸਹਾਇਤਾ ਭਿਜਵਾਉਣਾ ਇਕ ਮਹਾਨ ਕਾਰਜ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਇਹ ਸੇਵਾ ਕਾਰਜ ਜਾਰੀ ਰਹੇਗਾ।

ਇਸ ਮੌਕੇ ਇਕੱਤਰ ਲੋੜਵੰਦਾਂ ਨੂੰ ਆਟਾ, ਚਾਵਲ, ਕੰਬਲ, ਦਾਲ, ਖੰਡ, ਘਿਓ, ਨਮਕ ਆਦਿ ਮੁਹੱਈਆ ਕਰਵਾਇਆ ਗਿਆ। ਰਾਹਤ ਵੰਡ ਦੇ ਮੌਕੇ 'ਤੇ ਅੰਬਾਲਾ ਤੋਂ ਪੰਜਾਬ ਕੇਸਰੀ ਦਫਤਰ ਦੀ ਇੰਚਾਰਜ ਰੀਟਾ ਸ਼ਰਮਾ, ਸੰਜੀਵ ਗੋਇਲ ਟੋਨੀ, ਰਾਜੇਸ਼ ਗੋਇਲ, ਹਿਤੇਸ਼ ਜੈਨ, ਅਨਿਲ ਗੁਪਤਾ, ਅਰਪਿਤ ਅਗਰਵਾਲ, ਆਲ ਜੰਮੂ-ਕਸ਼ਮੀਰ ਪੰਚਾਇਤ ਕਾਨਫਰੰਸ ਦੇ ਪ੍ਰਧਾਨ ਅਰੁਣ ਸ਼ਰਮਾ ਸੂਦਨ, ਗੰਡਲੀ ਦੇ ਸਰਪੰਚ ਗੁਰਦੀਪ ਸਿੰਘ ਸੈਣੀ, ਰੋਮੇਸ਼ ਚੌਧਰੀ, ਆਰ. ਐੱਸ. ਪੁਰਾ ਦੇ ਪ੍ਰਤੀਨਿਧੀ ਮੁਕੇਸ਼ ਰੈਣਾ ਅਤੇ ਵਿਨੋਦ ਸ਼ਰਮਾ ਵੀ ਮੌਜੂਦ ਸਨ।


author

shivani attri

Content Editor

Related News