ਪਤਨੀ ਨੂੰ ਦਵਾਈ ਦਿਵਾਉਣ ਦੇ ਬਹਾਨੇ ਲੜਕੀ ਨੂੰ ਦੋਸਤ ਦੇ ਘਰ ਲਿਜਾ ਕੇ ਕੀਤਾ ਜਬਰ ਜ਼ਨਾਹ

Friday, Mar 22, 2019 - 11:30 AM (IST)

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) : ਪਤਨੀ ਨੂੰ ਦਵਾਈ ਦਿਵਾਉਣ ਦਾ ਬਹਾਨਾ ਲਾ ਕੇ ਗੁਆਂਢਣ ਲੜਕੀ ਨੂੰ ਆਪਣੇ ਦੋਸਤ ਦੇ ਘਰ ਲਿਜਾ ਕੇ ਉਸ ਨਾਲ ਜਬਰ ਜ਼ਨਾਹ ਕਰਨ ਦੇ ਮਾਮਲੇ 'ਚ ਥਾਣਾ ਝਬਾਲ ਦੀ ਪੁਲਸ ਵਲੋਂ 2 ਦੋਸਤਾਂ ਵਿਰੁੱਧ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਝਬਾਲ ਇੰਸਪੈਕਟਰ ਬਲਜੀਤ ਸਿੰਘ ਵੜੈਚ ਨੇ ਦੱਸਿਆ ਕਿ ਥਾਣਾ ਸਰਾਏ ਅਮਾਨਤ ਖਾਂ ਦੇ ਪਿੰਡ ਦੀ ਵਸਨੀਕ ਇਕ 19 ਸਾਲ ਦੀ ਲੜਕੀ ਵਲੋਂ ਉਨ੍ਹਾਂ ਨੂੰ ਦਰਜ ਕਰਾਈ ਗਈ ਸ਼ਿਕਾਇਤ 'ਚ ਵਰਣਨ ਕੀਤਾ ਹੈ ਕਿ ਉਹ ਕਸਬਾ ਸਰਾਏ ਅਮਾਨਤ ਖਾਂ ਸਥਿਤ ਇਕ ਨਿੱਜੀ ਸਕੂਲ ਵਿਖੇ ਛੋਟੇ ਬੱਚਿਆਂ ਨੂੰ ਪੜ੍ਹਾਉਂਦੀ ਹੈ। ਥਾਣਾ ਮੁਖੀ ਅਨੁਸਾਰ ਪੀੜਤ ਲੜਕੀ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਗੁਆਂਢ 'ਚ ਇਕ ਵਿਅਕਤੀ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਰਹਿੰਦਾ ਹੈ, ਜਿਸ ਦੇ ਉਨ੍ਹਾਂ ਦੇ ਪਰਿਵਾਰ ਨਾਲ ਪਰਿਵਾਰਕ ਸਬੰਧ ਸਨ ਅਤੇ ਉਨ੍ਹਾਂ ਦਾ ਇਕ ਦੂਜੇ ਦੇ ਘਰਾਂ 'ਚ ਆਉਣਾ-ਜਾਣਾ ਸੀ। ਉਸ ਨੇ ਦੱਸਿਆ ਕਿ ਬੀਤੀ 18 ਮਾਰਚ 2019 ਨੂੰ ਉਕਤ ਵਿਅਕਤੀ ਆਪਣੀ ਗੱਡੀ 'ਤੇ ਸਵਾਰ ਹੋ ਕੇ ਉਸਦੇ ਸਕੂਲ ਆਇਆ ਅਤੇ ਉਸਨੂੰ ਇਹ ਕਹਿ ਕੇ ਆਪਣੀ ਗੱਡੀ 'ਚ ਬਿਠਾ ਕੇ ਆਪਣੇ ਨਾਲ ਲੈ ਗਿਆ ਕਿ ਉਸਦੀ ਪਤਨੀ ਬੀਮਾਰ ਹੈ, ਜਿਸ ਨੂੰ ਪਿੰਡ ਸੁਰਸਿੰਘ ਤੋਂ ਲੈ ਕੇ ਉਸਦੀ ਦਵਾਈ ਲੈਣ ਲਈ ਅੰਮ੍ਰਿਤਸਰ ਕਿਸੇ ਡਾਕਟਰ ਦੇ ਕੋਲ ਜਾਣਾ ਹੈ। ਉਹ ਉਸਨੂੰ ਪਿੰਡ ਸੁਰਸਿੰਘ ਲੈ ਕੇ ਜਾਣ ਦੀ ਜਗ੍ਹਾ ਆਪਣੇ ਦੋਸਤ ਨਾਲ ਪਹਿਲਾਂ ਹੀ ਬਣਾਈ ਗਈ ਕਥਿਤ ਯੋਜਨਾ ਦੇ ਤਹਿਤ ਬਹਾਨੇ ਨਾਲ ਕਸਬਾ ਝਬਾਲ ਸਥਿਤ ਦੋਸਤ ਦੇ ਘਰ ਲੈ ਗਿਆ, ਜਿੱਥੇ ਦੋਸ਼ੀ ਵਲੋਂ ਉਸਨੂੰ ਘਰ ਦੇ ਇਕ ਕਮਰੇ 'ਚ ਲਿਜਾ ਕੇ ਉਸ ਨਾਲ ਜਬਰ ਜ਼ਨਾਹ ਕੀਤਾ ਗਿਆ। ਪੀੜਤ ਨੇ ਦੱਸਿਆ ਕਿ ਮੁਲਜ਼ਮ ਵਲੋਂ ਉਸਨੂੰ ਇਸ ਸਬੰਧੀ ਮੂੰਹ ਬੰਦ ਰੱਖਣ ਅਤੇ ਪਰਿਵਾਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਦੋਸ਼ੀ ਉਸਨੂੰ ਇਸ ਉਪਰੰਤ ਪਿੰਡ ਸੁਰਸਿੰਘ ਵਿਖੇ ਲੈ ਗਿਆ, ਜਿੱਥੋਂ ਆਪਣੀ ਪਤਨੀ ਨੂੰ ਨਾਲ ਲੈ ਕੇ ਉਹ ਦਵਾਈ ਲੈਣ ਲਈ ਅੰਮ੍ਰਿਤਸਰ ਵੀ ਗਏ। ਘਰ ਵਾਪਸ ਆਉਣ 'ਤੇ ਉਸ ਵਲੋਂ ਦੋਸ਼ੀ ਦੀ ਸਾਰੀ ਕਾਲੀ ਕਰਤੂਤ ਤੋਂ ਆਪਣੀ ਮਾਂ ਨੂੰ ਜਾਣੂ ਕਰਾਇਆ ਗਿਆ। ਥਾਣਾ ਮੁਖੀ ਇੰਸਪੈਕਟਰ ਬਲਜੀਤ ਸਿੰਘ ਵੜੈਚ ਅਨੁਸਾਰ ਪੀੜਤ ਲੜਕੀ ਦਾ ਸਬ ਇੰਸਪੈਕਟਰ ਪ੍ਰਕਾਸ਼ ਕੌਰ ਦੀ ਨਿਗਰਾਨੀ 'ਚ ਸਰਕਾਰੀ ਹਸਪਤਾਲ ਅੰਮ੍ਰਿਤਸਰ ਤੋਂ ਮੈਡੀਕਲ ਕਰਾਉਣ 'ਤੇ ਜਬਰ ਜ਼ਨਾਹ ਕੀਤੇ ਜਾਣ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਦੱਸਿਆ ਕਿ ਲੜਕੀ ਦੇ ਬਿਆਨਾਂ ਅਤੇ ਮੈਡੀਕਲ ਰਿਪੋਰਟ ਦੇ ਆਧਾਰ 'ਤੇ ਦੋਸ਼ੀ ਜੋਬਨਜੀਤ ਸਿੰਘ ਅਤੇ ਉਸਦੇ ਦੋਸਤ ਜਤਿੰਦਰ ਸਿੰਘ ਵਿਰੁੱਧ ਥਾਣਾ ਝਬਾਲ ਵਿਖੇ ਮੁਕੱਦਮਾ ਨੰਬਰ 29 ਭ.ਦ.ਸ. ਦੀ ਧਾਰਾ 363,366,376,506 ਅਤੇ 120 ਬੀ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਸਬ ਇੰਸਪੈਕਟਰ ਹਰਸ਼ਾ ਸਿੰਘ ਦੀ ਅਗਵਾਈ ਵਾਲੀ ਪੁਲਸ ਟੀਮ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।


Baljeet Kaur

Content Editor

Related News