ਜਲੰਧਰ ਜਿਮਖਾਨਾ ਕਲੱਬ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਦੇ ਦਿਲਾਂ ਦੀਆਂ ਧੜਕਣਾਂ ਵਧੀਆਂ
Friday, Aug 28, 2026 - 11:42 AM (IST)
ਜਲੰਧਰ (ਖੁਰਾਣਾ)-ਸ਼ਹਿਰ ਦੇ ਵੱਕਾਰੀ ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀ ਚੋਣਾਵੀ ਹਲਚਲ ਹੁਣ ਆਪਣੇ ਆਖਰੀ ਦੌਰ ਵਿਚ ਪਹੁੰਚ ਗਈ ਹੈ। ਵੋਟਿੰਗ ਦਾ ਸਮਾਂ ਨੇੜੇ ਆਉਂਦੇ ਹੀ ਚੋਣ ਮੈਦਾਨ ਵਿਚ ਉਤਰੇ ਸਾਰੇ ਉਮੀਦਵਾਰਾਂ ਦੇ ਦਿਲਾਂ ਦੀਆਂ ਧੜਕਣਾਂ ਵਧ ਗਈਆਂ ਹਨ। ਕਈ ਉਮੀਦਵਾਰਾਂ ਦਾ ਤਾਂ ਬਲੱਡ ਪ੍ਰੈਸ਼ਰ ਵੀ ਹਾਈ ਹੋਣ ਲੱਗਾ ਹੈ। ਇਸ ਵਾਰ ਕਲੱਬ ਚੋਣਾਂ ਵਿਚ ਵਧੇਰੇ ਸੀਟਾਂ ’ਤੇ ਫ਼ਸਵਾਂ ਮੁਕਾਬਲਾ ਹੈ, ਜਦਕਿ ਐਗਜ਼ੀਕਿਊਟਿਵ ਮੈਂਬਰਾਂ ਦੀਆਂ ਸੀਟਾਂ ’ਤੇ ਮੁਕਾਬਲਾ ਖਾਸਾ ਦਿਲਚਸਪ ਹੋਣ ਦੇ ਆਸਾਰ ਹਨ। ਉੱਚੇ ਅਹੁਦਿਆਂ 'ਤੇ ਵੀ ਕਿਤੇ ਸਿੱਧਾ ਤਾਂ ਕਿਤੇ ਤਿਕੋਣਾ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ। ਅਜਿਹੇ ਵਿਚ ਸਾਰੇ ਉਮੀਦਵਾਰ ਆਪਣੀ ਜਿੱਤ ਲਈ ਪੂਰਾ ਜ਼ੋਰ ਲਾ ਰਹੇ ਹਨ ਅਤੇ ਜ਼ਿਆਦਾ ਤੋਂ ਜ਼ਿਆਦਾ ਮੈਂਬਰਾਂ ਨਾਲ ਰਾਬਤਾ ਕਾਇਮ ਕਰਨ ਵਿਚ ਜੁਟੇ ਹੋਏ ਹਨ।
ਇਸ ਵਾਰ ਇਕ ਖ਼ਾਸ ਗੱਲ ਵੇਖਣ ਨੂੰ ਮਿਲ ਰਹੀ ਹੈ। ਪਿਛਲੀਆਂ ਚੋਣਾਂ ਵਿਚ ਆਪਣੀ ਮਜ਼ਬੂਤ ਪਕੜ ਅਤੇ ਧੌਂਸ ਲਈ ਜਾਣੇ ਜਾਂਦੇ ਕਈ ਕਿੰਗਮੇਕਰ ਇਸ ਵਾਰ ਪੂਰੀ ਤਰ੍ਹਾਂ ਸ਼ਾਂਤ ਨਜ਼ਰ ਆ ਰਹੇ ਹਨ। ਚੋਣ ਮੈਦਾਨ ਵਿਚ ਉਨ੍ਹਾਂ ਦੀ ਪਹਿਲਾਂ ਵਰਗੀ ਸਰਗਰਮੀ ਵਿਖਾਈ ਨਹੀਂ ਦੇ ਰਹੀ ਹੈ। ਅਜਿਹੇ ਵਿਚ ਇਸ ਵਾਰ ਵਧੇਰੇ ਉਮੀਦਵਾਰ ਆਪਣੇ ਦਮ ’ਤੇ ਹੀ ਵੋਟਰਾਂ ਤੱਕ ਪਹੁੰਚਣ ਅਤੇ ਸਮਰਥਨ ਜੁਟਾਉਣ ਵਿਚ ਲੱਗੇ ਹੋਏ ਹਨ। ਕੋਈ ਮੈਂਬਰਾਂ ਨਾਲ ਨਿੱਜੀ ਰਾਬਤਾ ਕਾਇਮ ਕਰ ਰਿਹਾ ਹੈ ਤਾਂ ਕੋਈ ਆਪਣੇ ਕੰਮ ਅਤੇ ਏਜੰਡੇ ਦੇ ਆਧਾਰ ’ਤੇ ਵੋਟਾਂ ਮੰਗ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ Weather ਦੀ ਨਵੀਂ ਅਪਡੇਟ ਜਾਰੀ! ਜਾਣੋ 31 ਅਗਸਤ ਤੱਕ ਕਿਹੋ ਜਿਹਾ ਰਹੇਗਾ ਮੌਸਮ

ਪ੍ਰੋਗਰੈਸਿਵ ਗਰੁੱਪ ਦਾ ਮੈਨੀਫੈਸਟੋ ਜਾਰੀ, ਬਿਹਤਰ ਸਹੂਲਤਾਂ, ਚੰਗਾ ਪ੍ਰਸ਼ਾਸਨ ਅਤੇ ਸਹੀ ਮਾਹੌਲ ਦੇਣ ਦਾ ਵਾਅਦਾ
ਕਲੱਬ ਚੋਣਾਂ ਨੂੰ ਲੈ ਕੇ ਪ੍ਰੋਗਰੈਸਿਵ ਗਰੁੱਪ ਨੇ ਆਪਣਾ ਮੈਨੀਫੈਸਟੋ ਜਾਰੀ ਕਰਦਿਆਂ ਕਲੱਬ ਵਿਚ ਬਿਹਤਰ ਸਹੂਲਤਾਂ, ਬਿਹਤਰ ਪ੍ਰਸ਼ਾਸਨ ਅਤੇ ਬਿਹਤਰ ਮਾਹੌਲ ਦੇਣ ਦਾ ਵਾਅਦਾ ਕੀਤਾ ਹੈ। ਗਰੁੱਪ ਦੇ ਉਮੀਦਵਾਰਾਂ ਦਲਜੀਤ ਸਿੰਘ ਛਾਬੜਾ, ਵਿਜੇ ਸਹਿਦੇਵ ਅਤੇ ਗੁਰਦਰਸ਼ਨ ਸਿੰਘ ਕੋਚਰ ਦਾ ਕਹਿਣਾ ਹੈ ਕਿ ਚੋਣ ਜਿੱਤਣ ਤੋਂ ਬਾਅਦ ਕਲੱਬ ਨੂੰ ਪਰਿਵਾਰ ਲਈ ਬਿਹਤਰ, ਅਨੁਸ਼ਾਸਿਤ ਅਤੇ ਪ੍ਰੋਫੈਸ਼ਨਲ ਤਰੀਕੇ ਨਾਲ ਚਲਾਉਣ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।
ਚੋਣ ਮਨੋਰਥ ਪੱਤਰ ਵਿਚ ਸਭ ਤੋਂ ਪਹਿਲਾਂ ਸੀਨੀਅਰ ਮੈਂਬਰਾਂ ਦੀਆਂ ਸਹੂਲਤਾਂ ਅਤੇ ਸਤਿਕਾਰ ਨੂੰ ਪਹਿਲ ਦੇਣ ਦੀ ਗੱਲ ਕਹੀ ਗਈ ਹੈ। ਉਨ੍ਹਾਂ ਲਈ ਸੁਖਾਲੀ ਬੈਠਣ ਦੀ ਵਿਵਸਥਾ, ਕਲੱਬ ਦੀਆਂ ਸਹੂਲਤਾਂ ਤੱਕ ਆਸਾਨ ਪਹੁੰਚ ਅਤੇ ਸਮੇਂ-ਸਮੇਂ ’ਤੇ ਉਨ੍ਹਾਂ ਨਾਲ ਮੀਟਿੰਗਾਂ ਕਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਦਾ ਵਾਅਦਾ ਕੀਤਾ ਗਿਆ ਹੈ। ਸੀਨੀਅਰ ਮੈਂਬਰਾਂ ਲਈ ਮਨੋਰੰਜਨ, ਸਮਾਜਿਕ ਅਤੇ ਵੈੱਲਨੈੱਸ ਸਰਗਰਮੀਆਂ ਕਰਵਾਉਣ ਦੇ ਨਾਲ-ਨਾਲ ਕਲੱਬ ਵਿਚ ਇਕ ਨਵੀਂ ‘ਸੀਨੀਅਰ ਮੈਂਬਰਜ਼ ਅਫੇਅਰਜ਼ ਕਮੇਟੀ’ ਬਣਾਉਣ ਦੀ ਤਜਵੀਜ਼ ਵੀ ਰੱਖੀ ਗਈ ਹੈ।
ਇਹ ਵੀ ਪੜ੍ਹੋ: ਰਾਸ਼ਨ ਕਾਰਡ ਧਾਰਕ ਦੇਣ ਧਿਆਨ! ਆਪਣਾ ਨਾਮ ਦਰਜ ਕਰਵਾਉਣ ਨੂੰ ਲੈ ਕੇ ਪੰਜਾਬ 'ਚ...
ਬੱਚਿਆਂ ਲਈ ਸੁਰੱਖਿਅਤ ਅਤੇ ਸਾਫ਼-ਸੁਥਰਾ ‘ਕਿਡਜ਼ ਜ਼ੋਨ’ ਵਿਕਸਿਤ ਕੀਤਾ ਜਾਵੇਗਾ, ਜਿੱਥੇ ਬੱਚਿਆਂ ਲਈ ਸਪੋਰਟਸ, ਹੌਬੀ ਕਲਾਸਾਂ ਅਤੇ ਹੋਰ ਸਰਗਰਮੀਆਂ ਕਰਵਾਉਣ ਦਾ ਵਾਅਦਾ ਕੀਤਾ ਗਿਆ ਹੈ, ਨਾਲ ਹੀ ਖੇਡ ਖੇਤਰਾਂ ਦੀ ਸੁਰੱਖਿਆ, ਸਫ਼ਾਈ ਅਤੇ ਰੱਖ-ਰਖਾਅ ’ਤੇ ਧਿਆਨ ਦੇਣ ਤੇ ਅਜਿਹੇ ਪਰਿਵਾਰਕ ਪ੍ਰੋਗਰਾਮ ਕਰਵਾਉਣ ਦੀ ਗੱਲ ਕਹੀ ਗਈ ਹੈ, ਜਿਨ੍ਹਾਂ ਵਿਚ ਬੱਚੇ ਵੀ ਕਲੱਬ ਨਾਲ ਜੁੜਾਅ ਮਹਿਸੂਸ ਕਰਨ। ਚੋਣ ਮਨੋਰਥ ਪੱਤਰ ਵਿਚ ਕਿਹਾ ਗਿਆ ਹੈ ਕਿ ਕਲੱਬ ਕੰਪਲੈਕਸ ਵਿਚ ਅਨੁਸ਼ਾਸਨ ਅਤੇ ਮਰਿਆਦਾ ਕਾਇਮ ਰੱਖੀ ਜਾਵੇਗੀ ਤੇ ਨਿਯਮ ਸਾਰੇ ਮੈਂਬਰਾਂ ’ਤੇ ਬਰਾਬਰ ਲਾਗੂ ਹੋਣਗੇ। ਕਿਸੇ ਨਾਲ ਪੱਖਪਾਤ ਨਹੀਂ ਕੀਤਾ ਜਾਵੇਗਾ ਅਤੇ ਕਲੱਬ ਦਾ ਮਾਹੌਲ ਪਰਿਵਾਰ ਦੇ ਅਨੁਕੂਲ ਬਣਾਇਆ ਜਾਵੇਗਾ।
ਗਰੁੱਪ ਨੇ ਕਲੱਬ ਦੇ ਕੰਮਕਾਜ ਵਿਚ ਪਾਰਦਰਸ਼ਿਤਾ ਅਤੇ ਜਵਾਬਦੇਹੀ ਲਿਆਉਣ ਦਾ ਵੀ ਵਾਅਦਾ ਕੀਤਾ ਹੈ। ਕਲੱਬ ਦੇ ਫੈਸਲੇ ਕਿਸੇ ਵਿਅਕਤੀ ਦੀ ਬਜਾਏ ਮੈਂਬਰਾਂ ਦੇ ਵਿਆਪਕ ਹਿੱਤ ਵਿਚ ਲੈਣ, ਮਹੱਤਵਪੂਰਨ ਮਾਮਲਿਆਂ ਦੀ ਜਾਣਕਾਰੀ ਮੈਂਬਰਾਂ ਨਾਲ ਸਾਂਝੀ ਕਰਨ ਅਤੇ ਕਲੱਬ ਦੇ ਵਿੱਤ, ਖਰਚੇ ਅਤੇ ਰੱਖ-ਰਖਾਅ ਦੀ ਯੋਗ ਨਿਗਰਾਨੀ ਕਰਨ ਦੀ ਗੱਲ ਕਹੀ ਗਈ ਹੈ। ਇਸ ਤੋਂ ਇਲਾਵਾ ਹਰ ਛੇ ਮਹੀਨੇ ਦਾ ਬਜਟ ਤਿਆਰ ਕਰਨ ਅਤੇ ਸਾਲਾਨਾ ਖਾਤੇ ਮੈਂਬਰਾਂ ਸਾਹਮਣੇ ਰੱਖਣ ਦੀ ਤਜਵੀਜ਼ ਹੈ।
ਇਹ ਵੀ ਪੜ੍ਹੋ: ਰੱਖੜ ਪੁੰਨਿਆ 'ਤੇ ਵੱਡੀਆਂ ਕਾਨਫ਼ਰੰਸਾਂ! ਵਧੇਗਾ ਪੰਜਾਬ ਦਾ ਸਿਆਸੀ ਪਾਰਾ
ਗਰੁੱਪ ਨੇ ਵੱਡੀਆਂ ਖ਼ਰੀਦਾਂ, ਨਿਰਮਾਣ ਕਾਰਜਾਂ ਅਤੇ ਠੇਕੇਦਾਰਾਂ ਦੀ ਨਿਯੁਕਤੀ ਵਿਚ ਜਿੱਥੇ ਸੰਭਵ ਅਤੇ ਕਲੱਬ ਦੇ ਨਿਯਮਾਂ ਅਨੁਸਾਰ ਹੋਵੇ, ਈ-ਟੈਂਡਰਿੰਗ ਅਤੇ ਪਾਰਦਰਸ਼ੀ ਖਰੀਦ ਪ੍ਰਕਿਰਿਆ ਲਾਗੂ ਕਰਨ ਦਾ ਵੀ ਭਰੋਸਾ ਦਿੱਤਾ ਹੈ। ਨਾਲ ਹੀ ਮੈਂਬਰਾਂ ਦੀ ਰਾਏ ਲੈਣ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਪ੍ਰਭਾਵਸ਼ਾਲੀ ਵਿਵਸਥਾ ਬਣਾਉਣ ਦੀ ਗੱਲ ਕਹੀ ਗਈ ਹੈ। ਪ੍ਰੋਗਰੈਸਿਵ ਗਰੁੱਪ ਨੇ ਆਪਣੇ ਚੋਣ ਮਨੋਰਥ ਪੱਤਰ ਦੇ ਅੰਤ ਵਿਚ ਕਿਹਾ ਹੈ ਕਿ ਕਲੱਬ ਸੀਨੀਅਰ ਮੈਂਬਰਾਂ ਨੇ ਬਣਾਇਆ ਹੈ ਅਤੇ ਹੁਣ ਇਸ ਨੂੰ ਨਵੀਂ ਪੀੜ੍ਹੀ ਦੀਆਂ ਲੋੜਾਂ ਅਨੁਸਾਰ ਅੱਗੇ ਵਧਾਉਣਾ ਸਮੇਂ ਦੀ ਮੰਗ ਹੈ।

ਸਾਫ਼-ਸੁਥਰਾ, ਗ੍ਰੀਨ, ਹੈਪੀ ਅਤੇ ਹੈਲਦੀ ਜਿਮਖਾਨਾ ਹੀ ਵਿਜ਼ਨ : ਜੁਬਿਨ ਸ਼ਿੰਗਾਰੀ
ਕਲੱਬ ਚੋਣਾਂ ਵਿਚ ਐਗਜ਼ੀਕਿਊਟਿਵ ਦੀ ਚੋਣ ਲੜ ਰਹੇ ਨਵੇਂ ਚਿਹਰਿਆਂ ਵਿਚ ਜੁਬਿਨ ਸ਼ਿੰਗਾਰੀ ਦਾ ਨਾਂ ਵੀ ਸ਼ਾਮਲ ਹੈ, ਜੋ ਕਲੱਬ ਵਿਚ ਸਪੋਰਟਸ ਲਵਰਜ਼ ਦੀ ਨੁਮਾਇੰਦਗੀ ਕਰਦੇ ਹਨ। ਜੁਬਿਨ ਪਿਛਲੇ ਲੰਮੇ ਸਮੇਂ ਤੋਂ ਕਲੱਬ ਦੇ ਬੈਡਮਿੰਟਨ ਗਰੁੱਪ ਅਤੇ ਸਪੋਰਟਸ ਕਾਰਨੀਵਲ ਵਿਚ ਸਰਗਰਮ ਭੂਮਿਕਾ ਨਿਭਾਉਂਦੇ ਨਜ਼ਰ ਆਉਂਦੇ ਰਹੇ ਹਨ।
ਜੁਬਿਨ ਸ਼ਿੰਗਾਰੀ ਨੇ ਆਪਣਾ ਵਿਜ਼ਨ ਜਾਰੀ ਕਰਦਿਆਂ ਕਿਹਾ ਕਿ ਸਾਫ਼-ਸੁਥਰਾ, ਗ੍ਰੀਨ, ਹੈਪੀ ਅਤੇ ਹੈਲਦੀ ਜਿਮਖਾਨਾ ਬਣਾਉਣਾ ਉਨ੍ਹਾਂ ਦਾ ਮੁੱਖ ਵਿਜ਼ਨ ਹੈ। ਕਲੱਬ ਅਜਿਹਾ ਹੋਣਾ ਚਾਹੀਦਾ ਹੈ, ਜਿੱਥੇ ਯੋਗਾ, ਸਪੋਰਟਸ ਅਤੇ ਇੰਡੀਅਨ ਕਲਚਰ ਦਾ ਸੁੰਦਰ ਮੇਲ ਦੇਖਣ ਨੂੰ ਮਿਲੇ ਅਤੇ ਹਰ ਉਮਰ ਦੇ ਮੈਂਬਰ ਇਥੇ ਆ ਕੇ ਵਧੀਆ ਮਹਿਸੂਸ ਕਰਨ।
ਇਹ ਵੀ ਪੜ੍ਹੋ: ਲੁਧਿਆਣਾ 'ਚ ਪੈ ਗਿਆ ਡਾਕਾ! 20 ਮਿੰਟਾਂ 'ਚ ਵੱਡਾ ਕਾਂਡ ਕਰਕੇ ਫਰਾਰ ਹੋਏ ਲੁਟੇਰੇ
ਉਨ੍ਹਾਂ ਕਿਹਾ ਕਿ ਕਲੱਬ ਵਿਚ ਫੈਮਿਲੀ ਮਾਹੌਲ ਬਣਾਉਣਾ ਉਨ੍ਹਾਂ ਦੀ ਪਹਿਲ ਰਹੇਗੀ। ਨਵੀਂ ਜੈਨਰੇਸ਼ਨ ਲਈ ਆਧੁਨਿਕ ਸਹੂਲਤਾਂ ਉਪਲੱਬਧ ਕਰਵਾਉਣ ਦੇ ਨਾਲ-ਨਾਲ ਕਲੱਬ ਦੀ ਪੁਰਾਣੀ ਵਿਰਾਸਤ ਅਤੇ ਵੱਕਾਰ ਨੂੰ ਵੀ ਬਹਾਲ ਕਰਨਾ ਜ਼ਰੂਰੀ ਹੈ। ਸਤਿਕਾਰਯੋਗ ਸੀਨੀਅਰ ਮੈਂਬਰਾਂ ਨੂੰ ਵਿਸ਼ੇਸ਼ ਸਹੂਲਤਾਂ ਅਤੇ ਯੋਗ ਸਤਿਕਾਰ ਦੇਣਾ ਵੀ ਉਨ੍ਹਾਂ ਦੇ ਏਜੰਡੇ ਵਿਚ ਸ਼ਾਮਲ ਰਹੇਗਾ। ਇਸੇ ਵਿਜ਼ਨ ਅਤੇ ਖੇਡਾਂ ਨਾਲ ਜੁੜੇ ਉਨ੍ਹਾਂ ਦੇ ਲੰਮੇ ਤਜਰਬੇ ਕਾਰਨ ਜੁਬਿਨ ਸ਼ਿੰਗਾਰੀ ਨੂੰ ਕਲੱਬ ਦੇ ਮੈਂਬਰਾਂ, ਖਾਸ ਕਰ ਕੇ ਸਪੋਰਟਸ ਲਵਰਜ਼ ਅਤੇ ਨਵੀਂ ਜੈਨਰੇਸ਼ਨ ਵੱਲੋਂ ਵਧੀਆ ਸਮਰਥਨ ਮਿਲ ਰਿਹਾ ਹੈ।

ਕੀਮੋਥੈਰੇਪੀ ਕਰਵਾ ਕੇ ਪਰਤੀ ਅਨੂ ਮਾਟਾ ਨੇ ਪ੍ਰੋਗਰੈਸਿਵ ਦੇ ਹੱਕ ’ਚ ਕੀਤੀ ਅਪੀਲ
ਜਿਮਖਾਨਾ ਚੋਣਾਂ ਵਿਚ ਸਭ ਤੋਂ ਪਹਿਲਾਂ ਜੁਆਇੰਟ ਸੈਕਟਰੀ ਪੋਸਟ ਲਈ ਚੋਣ ਲੜਨ ਦਾ ਐਲਾਨ ਕਰਨ ਵਾਲੀ ਅਨੂ ਮਾਟਾ ਨੇ ਕੁਝ ਦਿਨ ਪਹਿਲਾਂ ਆਪਣਾ ਨਾਮਜ਼ਦਗੀ ਕਾਗਜ਼ ਵਾਪਸ ਲੈ ਲਿਆ ਸੀ। ਅਚਾਨਕ ਤਬੀਅਤ ਖਰਾਬ ਹੋਣ ਤੋਂ ਬਾਅਦ ਜਾਂਚ ਵਿਚ ਗੰਭੀਰ ਬੀਮਾਰੀ ਦਾ ਪਤਾ ਲੱਗਾ, ਜਿਸ ਕਾਰਨ ਉਨ੍ਹਾਂ ਦਿੱਲੀ ਵਿਚ ਆਪਣਾ ਇਲਾਜ ਸ਼ੁਰੂ ਕਰਵਾਇਆ ਹੈ। ਬੁੱਧਵਾਰ ਨੂੰ ਉਨ੍ਹਾਂ ਦੀ ਪਹਿਲੀ ਕੀਮੋਥੈਰੇਪੀ ਹੋਈ ਅਤੇ ਇਸ ਤੋਂ ਬਾਅਦ ਉਹ ਦਿੱਲੀ ਤੋਂ ਜਲੰਧਰ ਪਰਤ ਆਏ।
ਜਲੰਧਰ ਪਰਤਣ ਤੋਂ ਤੁਰੰਤ ਬਾਅਦ ਅਨੂ ਮਾਟਾ ਨੇ ਇਕ ਭਾਵੁਕ ਸੰਦੇਸ਼ ਜਾਰੀ ਕਰ ਕੇ ਪ੍ਰੋਗਰੈਸਿਵ ਗਰੁੱਪ ਦੇ ਸਾਰੇ ਉਮੀਦਵਾਰਾਂ ਨੂੰ ਆਪਣਾ ਪੂਰਾ ਸਮਰਥਨ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਲੱਬ ਮੈਂਬਰਾਂ ਨੂੰ ਕਿਹਾ ਕਿ ਜਿਸ ਮਕਸਦ ਨਾਲ ਪ੍ਰੋਗਰੈਸਿਵ ਗਰੁੱਪ ਬਣਾਇਆ ਗਿਆ ਸੀ, ਉਸ ਸੋਚ ਨੂੰ ਅੱਗੇ ਵਧਾਉਣ ਲਈ ਸਾਰੇ ਮੈਂਬਰ ਗਰੁੱਪ ਦੇ ਉਮੀਦਵਾਰਾਂ ਦਾ ਸਮਰਥਨ ਕਰਨ।
ਇਹ ਵੀ ਪੜ੍ਹੋ: ਕਹਿਰ ਓ ਰੱਬਾ: ਪਲਾਂ 'ਚ ਉੱਜੜਿਆ ਘਰ! ਦੋਸਤਾਂ ਨਾਲ ਨਹਾਉਣ ਗਏ ਮੁੰਡੇ ਦੀ ਭਾਖੜਾ ਨਹਿਰ 'ਚ ਡੁੱਬਣ ਕਾਰਨ ਮੌਤ
ਅਨੂ ਮਾਟਾ ਨੇ ਵਿਸ਼ੇਸ਼ ਤੌਰ ’ਤੇ ਪ੍ਰੋਗਰੈਸਿਵ ਗਰੁੱਪ ਦੇ ਉਮੀਦਵਾਰ ਦਲਜੀਤ ਸਿੰਘ ਛਾਬੜਾ, ਵਿਜੇ ਸਹਿਦੇਵ ਅਤੇ ਗੁਰਜੀਤ ਕੋਚਰ ਦੇ ਨਾਲ-ਨਾਲ ਐਗਜ਼ੀਕਿਊਟਿਵ ਅਹੁਦੇ ਦੇ ਉਮੀਦਵਾਰਾਂ ਨੂੰ ਜੇਤੂ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਉਮੀਦਵਾਰਾਂ ਨੂੰ ਜਿਤਾ ਕੇ ਕਲੱਬ ਦੀ ਵਿਵਸਥਾ ਵਿਚ ਸੁਧਾਰ ਅਤੇ ਮੈਂਬਰਾਂ ਨੂੰ ਬਿਹਤਰ ਸਹੂਲਤਾਂ ਦਿਵਾਉਣ ਲਈ ਕੰਮ ਕਰਵਾਇਆ ਜਾ ਸਕੇਗਾ। ਅਨੂ ਮਾਟਾ ਦਾ ਇਹ ਭਾਵੁਕ ਸੰਦੇਸ਼ ਵੀਰਵਾਰ ਨੂੰ ਕਲੱਬ ਸਰਕਲ ਵਿਚ ਕਾਫੀ ਚਰਚਾ ਵਿਚ ਰਿਹਾ। ਬੀਮਾਰੀ ਨਾਲ ਜੂਝਣ ਅਤੇ ਇਲਾਜ ਦੇ ਦੌਰ ਵਿਚੋਂ ਲੰਘਣ ਦੇ ਬਾਵਜੂਦ ਜਿਸ ਤਰ੍ਹਾਂ ਉਨ੍ਹਾਂ ਨੇ ਪ੍ਰੋਗਰੈਸਿਵ ਗਰੁੱਪ ਦੇ ਸਮਰਥਨ ਵਿੱਚ ਆਪਣੀ ਗੱਲ ਰੱਖੀ, ਉਸ ਦੀ ਕਲੱਬ ਮੈਂਬਰਾਂ ਵਿਚ ਚਰਚਾ ਰਹੀ। ਕਈ ਮੈਂਬਰ ਉਨ੍ਹਾਂ ਦੀ ਹਿੰਮਤ ਅਤੇ ਮਜ਼ਬੂਤ ਇੱਛਾ ਸ਼ਕਤੀ ਦੀ ਸ਼ਲਾਘਾ ਕਰਦੇ ਨਜ਼ਰ ਆਏ।

ਮਾਰਨਿੰਗ ਵਾਕਰਜ਼ ਅਤੇ ਹੈਲਥ ਕਲੱਬ ਨੇ ਅਮਿਤ ਕੁਕਰੇਜਾ ਨੂੰ ਦਿੱਤਾ ਸਮਰਥਨ
ਮਾਰਨਿੰਗ ਵਾਕਰਜ਼ ਗਰੁੱਪ ‘ਯਾਰਾਂ ਦੀ ਛਤਰੀ’ ਦੇ ਮੈਂਬਰਾਂ ਅਮਰਜੀਤ ਆਹੂਜਾ ਟਿੰਮੀ, ਰਾਜੇਸ਼ ਮਹਿੰਦਰੂ ਕੁੱਕੂ, ਸੰਜੇ ਮਹਿੰਦਰੂ, ਸੰਜੇ ਖੰਨਾ, ਸੰਜੇ ਮਹਿੰਦਰੂ, ਦੇਸ਼ਦੀਪ ਰਲਹਨ, ਸੁਭਾਸ਼ ਸ਼ਰਮਾ, ਸੁਮਨ ਸੂਰੀ, ਪ੍ਰਮੋਦ ਸਹਿਗਲ, ਸੁਨੀਤ ਅਗਰਵਾਲ ਸੋਨੂੰ, ਬਬਲੂ ਵਿਜ, ਜਸਬੀਰ ਸਿੰਘ ਬਿੱਟੂ, ਨਿਰਮਲ ਚੰਦੇਲ, ਹਰਸ਼ ਕਾਲਰਾ, ਕਪਿਲ ਮਲਹੋਤਰਾ ਆਦਿ ਵੱਲੋਂ ਆਪਣੇ ਗਰੁੱਪ ਦੇ ਫਾਊਂਡਰ ਮੈਂਬਰਾਂ ਅਮਿਤ ਕੁਕਰੇਜਾ, ਹਰਪ੍ਰੀਤ ਸਿੰਘ ਗੋਲਡੀ ਅਤੇ ਨਿਤਿਨ ਬਹਿਲ ਦੇ ਸਤਿਕਾਰ ਵਿਚ ਬੀਤੇ ਦਿਨੀਂ ਵਿਸ਼ੇਸ਼ ਬ੍ਰੇਕਫਾਸਟ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਲਗਭਗ 250 ਮੈਂਬਰਾਂ ਨੇ ਸਵਾਦਿਸ਼ਟ ਨਾਸ਼ਤੇ ਦਾ ਆਨੰਦ ਮਾਣਿਆ ਅਤੇ ਤਿੰਨਾਂ ਮੈਂਬਰਾਂ ਨੂੰ ਆਪਣਾ ਸਮਰਥਨ ਦਿੱਤਾ।
ਇਸ ਮੌਕੇ ਅਮਿਤ ਕੁਕਰੇਜਾ ਨੇ ਕਿਹਾ ਕਿ ਮਾਰਨਿੰਗ ਵਾਕਰਜ਼ ਗਰੁੱਪ ਦੇ ਸਾਰੇ ਮੈਂਬਰ ਪੂਰੇ ਗਰੁੱਪ ਨੂੰ ਜੇਤੂ ਬਣਾਉਣ ਲਈ ਸਹਿਯੋਗ ਕਰਨ, ਤਾਂ ਜੋ ਜਿਮਖਾਨਾ ਕਲੱਬ ਦਾ ਵਿਕਾਸ ਲਗਾਤਾਰ ਜਾਰੀ ਰਹਿ ਸਕੇ ਅਤੇ ਮੈਂਬਰਾਂ ਨੂੰ ਬਿਹਤਰ ਸਹੂਲਤਾਂ ਮਿਲ ਸਕਣ।
ਅਮਿਤ ਕੁਕਰੇਜਾ ਨੂੰ ਮਾਰਨਿੰਗ ਵਾਕਰਜ਼ ਗਰੁੱਪ ਦੇ ਨਾਲ-ਨਾਲ ਟੈਨਿਸ ਅਤੇ ਸਕੁਐਸ਼ ਕੋਰਟ ਤੋਂ ਵੀ ਭਰਪੂਰ ਸਮਰਥਨ ਮਿਲ ਰਿਹਾ ਹੈ। ਇਸ ਤੋਂ ਇਲਾਵਾ ਹੈਲਥ ਕਲੱਬ ਗਰੁੱਪ ਨੇ ਵੀ ਅਮਿਤ ਕੁਕਰੇਜਾ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਵੱਖ-ਵੱਖ ਸਪੋਰਟਸ ਅਤੇ ਮੈਂਬਰ ਗਰੁੱਪਾਂ ਤੋਂ ਮਿਲ ਰਹੇ ਸਮਰਥਨ ਕਾਰਨ ਕਲੱਬ ਚੋਣਾਂ ਵਿਚ ਅਮਿਤ ਕੁਕਰੇਜਾ ਦੀ ਸਥਿਤੀ ਮਜ਼ਬੂਤ ਮੰਨੀ ਜਾ ਰਹੀ ਹੈ।

ਕਲੱਬ ਨੂੰ ਵਰਲਡ ਕਲਾਸ ਬਣਾਉਣ ਦਾ ਵਿਜ਼ਨ ਰੱਖਦੇ ਹਨ ਗਗਨਦੀਪ ਉੱਪਲ
ਕਲੱਬ ਵਿਚ ਐਗਜ਼ੀਕਿਊਟਿਵ ਪੋਸਟ ਦੀ ਚੋਣ ਲੜ ਰਹੇ ਗਗਨਦੀਪ ਉੱਪਲ ਸਭ ਤੋਂ ਘੱਟ ਉਮਰ ਦੇ ਉਮੀਦਵਾਰਾਂ ਵਿਚ ਸ਼ਾਮਲ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਲੱਬ ਨੂੰ ਆਧੁਨਿਕ ਸਹੂਲਤਾਂ ਨਾਲ ਵਰਲਡ ਕਲਾਸ ਤਰੀਕੇ ਨਾਲ ਚਲਾਇਆ ਜਾਣਾ ਚਾਹੀਦਾ ਹੈ ਅਤੇ ਇਸ ਲਈ ਮੈਂਬਰਾਂ ਦੀ ਰਾਇ ਨੂੰ ਸਭ ਤੋਂ ਜ਼ਿਆਦਾ ਮਹੱਤਵ ਮਿਲਣਾ ਚਾਹੀਦਾ ਹੈ।
ਗਗਨਦੀਪ ਉੱਪਲ ਦਾ ਕਹਿਣਾ ਹੈ ਕਿ ਕਲੱਬ ਵਿਚ ਖਾਣ-ਪੀਣ ਦੇ ਰੇਟ ਕਿਸੇ ਹੋਟਲ ਦੀ ਤਰ੍ਹਾਂ ਨਹੀਂ ਹੋਣੇ ਚਾਹੀਦੇ, ਸਗੋਂ ਮੈਂਬਰਾਂ ਨੂੰ ਸਬਸਿਡੀ ਵਾਲੇ ਰੇਟਾਂ ’ਤੇ ਬਿਹਤਰ ਕੁਆਲਿਟੀ ਦੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਲੱਬ ਦਾ ਮੈਂਬਰ ਬਣਨਾ ਹੀ ਆਪਣੇ ਆਪ ਵਿਚ ਮਾਣ ਵਾਲੀ ਗੱਲ ਹੈ ਅਤੇ ਕਲੱਬ ਮੈਂਬਰਾਂ ਦਾ ਹੈ। ਇਸ ਲਈ ਇਸ ਦਾ ਮਕਸਦ ਮੁਨਾਫ਼ਾ ਕਮਾਉਣਾ ਨਹੀਂ, ਸਗੋਂ ਮੈਂਬਰਾਂ ਨੂੰ ਬਿਹਤਰ ਸਹੂਲਤਾਂ ਦੇਣਾ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਕਲੱਬ ਦਾ ਸੰਚਾਲਨ ਪੂਰੀ ਤਰ੍ਹਾਂ ਪ੍ਰੋਫੈਸ਼ਨਲ ਅਤੇ ਵਰਲਡ ਕਲਾਸ ਹੋਣਾ ਚਾਹੀਦਾ ਹੈ। ਕਲੱਬ ਦੇ ਵੇਟਰਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾਣੀ ਚਾਹੀਦੀ ਹੈ, ਤਾਂ ਜੋ ਮੈਂਬਰਾਂ ਨੂੰ ਬਿਹਤਰ ਸਰਵਿਸ ਮਿਲ ਸਕੇ। ਨਾਲ ਹੀ ਕਲੱਬ ਦੀ ਦਿੱਖ/ਮਾਹੌਲ ਨੂੰ ਹੋਰ ਸ਼ਾਨਦਾਰ ਬਣਾਉਣ ਦੀ ਲੋੜ ਹੈ। ਉੱਪਲ ਦੇ ਅਨੁਸਾਰ ਕਲੱਬ ਦੇ ਮੌਜੂਦਾ ਸਟੈਂਡਰਡ ਵਿਚ ਵੀ ਸੁਧਾਰ ਦੀ ਕਾਫ਼ੀ ਗੁੰਜਾਇਸ਼ ਹੈ। ਇਸ ਲਈ ਕਿਸੇ ਇਕ ਵਿਅਕਤੀ ਦੀ ਬਜਾਏ ਕਲੱਬ ਦੇ ਸਾਰੇ ਮੈਂਬਰਾਂ ਅਤੇ ਸਬੰਧਤ ਮਾਹਿਰਾਂ ਦੀ ਰਾਇ ਲਈ ਜਾਣੀ ਚਾਹੀਦੀ ਹੈ। ਉਨ੍ਹਾਂ ਦਾ ਵਿਜ਼ਨ ਹੈ ਕਿ ਮੈਂਬਰਾਂ ਦੀ ਹਿੱਸੇਦਾਰੀ ਨਾਲ ਜਿਮਖਾਨਾ ਕਲੱਬ ਨੂੰ ਅਜਿਹਾ ਕਲੱਬ ਬਣਾਇਆ ਜਾਵੇ, ਜਿੱਥੇ ਬਿਹਤਰ ਸਹੂਲਤਾਂ, ਚੰਗੀ ਸਰਵਿਸ, ਸ਼ਾਨਦਾਰ ਮਾਹੌਲ ਅਤੇ ਮੈਂਬਰਾਂ ਦੇ ਹਿੱਤ ਨੂੰ ਸਭ ਤੋਂ ਜ਼ਿਆਦਾ ਪਹਿਲ ਮਿਲੇ।

ਆਪਣੇ ਤਜਰਬੇ ਦੀ ਬਦੌਲਤ ਜਿਮਖਾਨਾ ਦਾ ਬਿਹਤਰ ਸੰਚਾਲਨ ਕਰ ਰਹੇ ਹਨ ਸ਼ਾਲੀਨ ਜੋਸ਼ੀ
ਜਿਮਖਾਨਾ ਕਲੱਬ ਚੋਣਾਂ ਵਿਚ ਐਗਜ਼ੀਕਿਊਟਿਵ ਪੋਸਟ ਦੇ ਉਮੀਦਵਾਰ ਸ਼ਾਲੀਨ ਜੋਸ਼ੀ ਨੂੰ ਕਲੱਬ ਸੰਚਾਲਨ ਦਾ ਚੰਗਾ-ਖਾਸਾ ਤਜਰਬਾ ਹੈ। ਸ਼ਾਲੀਨ ਜੋਸ਼ੀ ਨੇ ਵੱਖ-ਵੱਖ ਕਮੇਟੀਆਂ ਵਿਚ ਰਹਿ ਕੇ ਕਲੱਬ ਦੀਆਂ ਸਰਗਰਮੀਆਂ ਅਤੇ ਕੰਮਕਾਜ ਨੂੰ ਬਿਹਤਰ ਤਰੀਕੇ ਨਾਲ ਚਲਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਜਿਸ ਕਾਰਨ ਕਲੱਬ ਦੇ ਮੈਂਬਰ ਉਨ੍ਹਾਂ ਦੇ ਕੰਮਕਾਜ ਤੋਂ ਚੰਗੀ ਤਰ੍ਹਾਂ ਜਾਣੂੰ ਹਨ। ਹਾਲ ਹੀ ਵਿਚ ਕਲੱਬ ਦੀ ਬਾਰ ਵਿਚ ਵੀ ਉਨ੍ਹਾਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਸਕੀਮਾਂ ਦਾ ਸਿੱਧਾ ਲਾਭ ਕਲੱਬ ਮੈਂਬਰਾਂ ਤੱਕ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਈ। ਸ਼ਾਲੀਨ ਜੋਸ਼ੀ ਆਪਣੇ ਵਿਵਹਾਰ ਅਤੇ ਮਿਲਣਸਾਰ ਸੁਭਾਅ ਕਾਰਨ ਵੀ ਮੈਂਬਰਾਂ ਵਿਚ ਚੰਗੀ ਪਛਾਣ ਰੱਖਦੇ ਹਨ।
ਉੱਥੇ ਹੀ, ਆਪਣੇ ਪ੍ਰੋਫੈਸ਼ਨਲ ਖੇਤਰ ਐੱਲ. ਆਈ. ਸੀ. ਦੇ ਬਿਜ਼ਨੈੱਸ ਵਿਚ ਵੀ ਸ਼ਾਲੀਨ ਜੋਸ਼ੀ ਦਾ ਪ੍ਰਦਰਸ਼ਨ ਹਮੇਸ਼ਾ ਸ਼ਾਨਦਾਰ ਰਿਹਾ ਹੈ। ਕਲੱਬ ਦੀਆਂ ਸਰਗਰਮੀਆਂ ਵਿਚ ਉਹ ਅਕਸਰ ਸਪਾਂਸਰਸ਼ਿਪ ਜੁਟਾਉਣ, ਤੰਬੋਲਾ ਦਾ ਸਫ਼ਲ ਸੰਚਾਲਨ ਕਰਨ, ਵੱਖ-ਵੱਖ ਪ੍ਰੋਗਰਾਮਾਂ ਨੂੰ ਸਫ਼ਲ ਬਣਾਉਣ ਅਤੇ ਜੀ. ਪੀ. ਐੱਲ. ਵਰਗੇ ਆਯੋਜਨਾਂ ਵਿਚ ਲਾਈਵ ਕੁਮੈਂਟਰੀ ਸਮੇਤ ਹੋਰ ਜ਼ਿੰਮੇਵਾਰੀਆਂ ਨਿਭਾਉਂਦੇ ਰਹੇ ਹਨ। ਸ਼ਾਲੀਨ ਜੋਸ਼ੀ ਨੇ ਕਲੱਬ ਦੀਆਂ ਵੱਖ-ਵੱਖ ਸਰਗਰਮੀਆਂ ਵਿਚ ਆਪਣੀ ਪ੍ਰਤਿਭਾ ਅਤੇ ਮੈਨੇਜਮੈਂਟ ਸਮਰੱਥਾ ਦਾ ਲਗਾਤਾਰ ਪ੍ਰਦਰਸ਼ਨ ਕੀਤਾ ਹੈ। ਇਹੀ ਕਾਰਨ ਹੈ ਕਿ ਇਸ ਵਾਰ ਵੀ ਕਲੱਬ ਦੇ ਕਈ ਮੈਂਬਰ ਉਨ੍ਹਾਂ ਦੇ ਪਿਛਲੇ ਕੰਮਕਾਜ ਅਤੇ ਤਜਰਬੇ ਨੂੰ ਦੇਖਦਿਆਂ ਉਨ੍ਹਾਂ ਨੂੰ ਪਸੰਦ ਕਰ ਰਹੇ ਹਨ ਤੇ ਉਨ੍ਹਾਂ ਦੇ ਸਮਰਥਨ ਵਿਚ ਨਜ਼ਰ ਆ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
