ਸਰਵਿਸ ਦੀ ਘਾਟ ਕਾਰਨ ਰੂਟਾਂ ਤੋਂ ਹਟਾ ਕੇ ਡਿਪੂਆਂ ’ਚ ਖੜ੍ਹੀਆਂ ਕੀਤੀਆਂ 20 ਨਵੀਆਂ ਬੱਸਾਂ, ਯਾਤਰੀ ਪ੍ਰੇਸ਼ਾਨ

05/01/2022 4:44:41 PM

ਜਲੰਧਰ (ਪੁਨੀਤ)-ਸਰਕਾਰੀ ਫਲੀਟ ਵਿਚ ਵਾਧਾ ਕਰਦਿਆਂ 842 ਨਵੀਆਂ ਬੱਸਾਂ ਪਨਬੱਸ ਅਤੇ ਪੀ. ਆਰ. ਟੀ. ਸੀ. ਦੇ ਬੇੜੇ ਵਿਚ ਸ਼ਾਮਲ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚੋਂ ਕੁਝ ਬੱਸਾਂ ਅਜੇ ਡਿਪੂਆਂ ਨੂੰ ਅਲਾਟ ਕੀਤੀਆਂ ਜਾਣੀਆਂ ਹਨ। ਜਦੋਂ ਤੋਂ ਨਵਾਂ ਫਲੀਟ ਆਇਆ ਹੈ, ਉਦੋਂ ਤੋਂ ਹੀ ਉਕਤ ਬੱਸਾਂ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣ ਰਹੀਆਂ ਹਨ। ਹੁਣ ਜੋ ਹਾਲਾਤ ਬਣੇ ਹਨ, ਉਸ ਬਾਰੇ ਸ਼ਾਇਦ ਵਿਭਾਗੀ ਅਧਿਕਾਰੀਆਂ ਨੇ ਸੋਚਿਆ ਵੀ ਨਹੀਂ ਹੋਵੇਗਾ। ਆਲਮ ਇਹ ਹੈ ਕਿ ਸਰਵਿਸ ਨਾ ਹੋ ਪਾਉਣ ਕਾਰਨ 20 ਦੇ ਲਗਭਗ ਨਵੀਆਂ ਬੱਸਾਂ ਨੂੰ ਰੂਟਾਂ ਤੋਂ ਹਟਾ ਕੇ ਡਿਪੂਆਂ ਵਿਚ ਖੜ੍ਹਾ ਕਰਨਾ ਪਿਆ ਹੈ। ਡਰਾਈਵਰਾਂ ਦਾ ਕਹਿਣਾ ਹੈ ਕਿ ਇਸ ਕਾਰਨ ਸਵਾਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਸਰਕਾਰੀ ਬੱਸਾਂ ਦੀ ਭਾਰੀ ਘਾਟ ਹੈ, ਜਿਸ ਕਾਰਨ ਆਵਾਜਾਈ ਘੱਟ ਹੋ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੱਸਾਂ ਦੀ ਸਰਵਿਸ ਸਮੇਂ ਫਿਲਟਰ ਬਦਲਣਾ ਜ਼ਰੂਰੀ ਹੁੰਦਾ ਹੈ ਪਰ ਸਰਵਿਸ ਦੇ ਸਮੇਂ ਤੋਂ ਪਹਿਲਾਂ ਫਿਲਟਰਾਂ ਦਾ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਾਰਨ ਬੱਸਾਂ ਨੂੰ ਡਿਪੂਆਂ ਵਿਚ ਖੜ੍ਹਾ ਕਰਨਾ ਪਿਆ।

ਇਹ ਵੀ ਪੜ੍ਹੋ: ਜਲੰਧਰ ਵਿਖੇ ਡਾਲਫਿਨ ਹੋਟਲ ਨੇੜੇ ਗੋਲ਼ੀਆਂ ਚੱਲਣ ਦੀ ਵਾਰਦਾਤ ਦਾ ਅਸਲ ਕਾਰਨ ਆਇਆ ਸਾਹਮਣੇ

ਟਾਟਾ ਕੰਪਨੀ ਤੋਂ ਖ਼ਰੀਦੀਆਂ ਉਕਤ ਬੱਸਾਂ 45000 ਕਿਲੋਮੀਟਰ ਤੱਕ ਚੱਲ ਚੁੱਕੀਆਂ ਹਨ, ਜਿਸ ਕਾਰਨ ਹੁਣ ਇਨ੍ਹਾਂ ਦੀ ਸਰਵਿਸ ਕਰਨੀ ਜ਼ਰੂਰੀ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਜੇਕਰ ਮਹਿਕਮੇ ਵੱਲੋਂ ਬੱਸਾਂ ਚਲਾਈਆਂ ਜਾਂਦੀਆਂ ਹਨ ਅਤੇ ਕੋਈ ਤਕਨੀਕੀ ਨੁਕਸ ਪੈ ਜਾਂਦਾ ਹੈ ਤਾਂ ਇਸ ਦਾ ਨੁਕਸਾਨ ਵੀ ਸਹਿਣ ਕਰਨਾ ਪੈ ਸਕਦਾ ਹੈ ਅਤੇ ਵਾਰੰਟੀ ਨੂੰ ਲੈ ਕੇ ਦਿੱਕਤ ਪੇਸ਼ ਆ ਸਕਦੀ ਹੈ। ਇਸ ਕਾਰਨ ਬੱਸਾਂ ਨੂੰ ਰੋਕ ਦਿੱਤਾ ਗਿਆ ਹੈ। ਬੀਤੇ ਦਿਨੀਂ ਖੜ੍ਹੀਆਂ ਕੀਤੀਆਂ ਉਕਤ ਬੱਸਾਂ ਦੇ ਸੋਮਵਾਰ ਤੋਂ ਪਹਿਲਾਂ ਚੱਲਣ ਦੀ ਉਮੀਦ ਨਹੀਂ ਹੈ। ਜੇਕਰ ਸੋਮਵਾਰ ਨੂੰ ਫਿਲਟਰਾਂ ਦੀ ਡਿਲੀਵਰੀ ਹੋ ਵੀ ਜਾਂਦੀ ਹੈ ਤਾਂ ਵੀ 20 ਬੱਸਾਂ ਦੀ ਸਰਵਿਸ ਵਿਚ ਕਾਫ਼ੀ ਸਮਾਂ ਲੱਗੇਗਾ, ਜਿਸ ਕਾਰਨ ਸੋਮਵਾਰ ਨੂੰ ਉਪਰੋਕਤ 20 ਬੱਸਾਂ ਦੀ ਆਵਾਜਾਈ ਪੂਰੀ ਤਰ੍ਹਾਂ ਸੰਭਵ ਨਹੀਂ ਹੈ। ਮਹਿਕਮੇ ਵੱਲੋਂ ਨਵੀਆਂ ਬੱਸਾਂ ਡਿਪੂਆਂ ਵਿਚ ਖੜ੍ਹੀਆਂ ਕਰਕੇ ਪੁਰਾਣੀਆਂ ਬੱਸਾਂ ਨੂੰ ਰੂਟਾਂ ’ਤੇ ਰਵਾਨਾ ਕੀਤਾ ਗਿਆ ਹੈ।

ਹਾਲਤ ਇਹ ਹੈ ਕਿ ਵਿੱਤੀ ਸੰਕਟ ਵਿੱਚੋਂ ਲੰਘ ਰਹੇ ਮਹਿਕਮੇ ਕੋਲ ਪੁਰਾਣੀਆਂ ਬੱਸਾਂ ਦੀ ਸਾਂਭ-ਸੰਭਾਲ ਲਈ ਫੰਡ ਨਹੀਂ ਹਨ। ਡਰਾਈਵਰਾਂ ਦਾ ਕਹਿਣਾ ਹੈ ਕਿ ਕਈ ਬੱਸਾਂ ਦੇ ਟਾਇਰ ਬਿਲਕੁਲ ਜ਼ੀਰੋ ਹੋ ਚੁੱਕੇ ਹਨ, ਜੋ ਕਿ ਕਦੀ ਵੀ ਰਸਤੇ ਵਿਚ ਪੰਕਚਰ ਹੋਣ ਕਾਰਨ ਹਾਦਸੇ ਦਾ ਕਾਰਨ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ ਵਿਭਾਗ ਨੂੰ ਟਾਇਰ ਬਦਲਵਾਉਣ ਲਈ ਤੁਰੰਤ ਕਦਮ ਚੁੱਕਣਾ ਚਾਹੀਦਾ ਹੈ, ਨਹੀਂ ਤਾਂ ਇਸ ਨਾਲ ਸਵਾਰੀਆਂ ਦੀ ਜਾਨ ਖਤਰੇ ਵਿਚ ਪਈ ਰਹੇਗੀ।

ਇਹ ਵੀ ਪੜ੍ਹੋ: ਜਲੰਧਰ: 27 ਸਾਲਾ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਕਮਰੇ 'ਚ ਇਹ ਹਾਲ 'ਚ ਪੁੱਤ ਨੂੰ ਵੇਖ ਮਾਂ ਦੀਆਂ ਨਿਕਲੀਆਂ ਚੀਕਾਂ

ਨਵੀਆਂ ਬੱਸਾਂ ਦੀਆਂ ਟੈਂਕੀਆਂ ਬਦਲਣ ਪ੍ਰਤੀ ‘ਲਾਪ੍ਰਵਾਹੀ’ ਉਜਾਗਰ
ਜਿਹੜੀਆਂ ਨਵੀਆਂ ਬੱਸਾਂ ਮਹਿਕਮੇ ਨੂੰ ਮਿਲੀਆਂ ਹਨ, ਉਨ੍ਹਾਂ ਦੀ ਡੀਜ਼ਲ ਵਾਲੀ ਟੈਂਕੀ ਛੋਟੀ ਹੋਣ ਕਾਰਨ ਇਨ੍ਹਾਂ ਨੂੰ ਲੰਮੇ ਰੂਟਾਂ ’ਤੇ ਚਲਾਉਣਾ ਸੰਭਵ ਨਹੀਂ ਹੈ ਕਿਉਂਕਿ ਵਿਭਾਗ ਦੇ ਨਿਯਮਾਂ ਅਨੁਸਾਰ ਚਾਲਕ ਦਲਾਂ ਨੂੰ ਦੂਜੇ ਸ਼ਹਿਰਾਂ ਤੋਂ ਤੇਲ ਲੈਣ ਦੀ ਇਜਾਜ਼ਤ ਨਹੀਂ ਹੈ। ਪਿਛਲੇ ਸਾਲਾਂ ਦੌਰਾਨ ਜਦੋਂ ਵੀ ਵਿਭਾਗ ਕੋਲ ਨਵੀਆਂ ਬੱਸਾਂ ਆਈਆਂ ਹਨ ਤਾਂ ਡੀਜ਼ਲ ਦੀ ਟੈਂਕੀ ਛੋਟੀ ਹੋਣ ਦੀ ਸੂਰਤ ਵਿਚ ਵਿਭਾਗ ਵੱਲੋਂ ਨਵੀਆਂ ਬੱਸਾਂ ਵਿਚ ਪੁਰਾਣੀਆਂ ਬੱਸਾਂ ਦੀ ਡੀਜ਼ਲ ਟੈਂਕੀ ਫਿੱਟ ਕਰਵਾ ਦਿੱਤੀ ਜਾਂਦੀ ਹੈ ਪਰ ਇਸ ਵਾਰ ਅਜਿਹਾ ਕਰਨ ਵਿਚ ਹੋਈ ਲਾਪ੍ਰਵਾਹੀ ਉਜਾਗਰ ਹੋ ਰਹੀ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਪੁਰਾਣੇ ਸਿਸਟਮ ਮੁਤਾਬਕ ਵਿਭਾਗ ਨੂੰ ਜਦੋਂ ਵੀ ਨਵੀਆਂ ਬੱਸਾਂ ਮਿਲਦੀਆਂ ਹਨ ਤਾਂ ਉਨ੍ਹਾਂ ਨੂੰ ਲੰਮੇ ਰੂਟਾਂ ’ਤੇ ਭੇਜਿਆ ਜਾਂਦਾ ਹੈ। ਇਸ ਦਾ ਕਾਰਨ ਇਹ ਹੈ ਕਿ ਸਵਾਰੀਆਂ ਨਵੀਆਂ ਬੱਸਾਂ ਵੱਲ ਜ਼ਿਆਦਾ ਆਕਰਸ਼ਿਤ ਹੋਣ ਦੇ ਨਾਲ-ਨਾਲ ਨਵੀਆਂ ਬੱਸਾਂ ਦਾ ਮਾਈਲੇਜ ਵੀ ਜ਼ਿਆਦਾ ਮਿਲਦੀ ਹੈ। ਨਵੇਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਕਈ ਵਾਰ ਆਪਣੇ ਬਿਆਨਾਂ ਵਿਚ ਕਹਿ ਚੁੱਕੇ ਹਨ ਕਿ ਵਿਭਾਗ ਵਿਚ ਢਿੱਲੀ ਕਾਰਜਪ੍ਰਣਾਲੀ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਾਣਕਾਰਾਂ ਦਾ ਕਹਿਣਾ ਹੈ ਕਿ ਅਜਿਹਾ ਜਾਪਦਾ ਹੈ ਕਿ ਡੀਜ਼ਲ ਟੈਂਕ ਨਾ ਬਦਲਣ ਵਾਲੀ ਅਹਿਮ ਗੱਲ ਟਰਾਂਸਪੋਰਟ ਮੰਤਰੀ ਤੋਂ ਲੁਕਾਈ ਜਾ ਰਹੀ ਹੈ।

ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਦੇ ਨਿਸ਼ਾਨੇ 'ਤੇ 'ਆਪ', ਪੰਚਾਇਤ ਮੰਤਰੀ ਧਾਲੀਵਾਲ 'ਤੇ ਲਾਇਆ ਵੱਡਾ ਇਲਜ਼ਾਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News