ਭਾਜਪਾ ''ਚ ਗੁੱਟਬੰਦੀ, ਅਕਾਲੀ ਦਲ ''ਚ ਫੁੱਟ ਤੇ ਕਾਂਗਰਸ ਦੀ ਖਰਾਬ ਸਥਿਤੀ ਦਾ ਫਾਇਦਾ ਉਠਾ ਸਕਦੀ ਹੈ ''ਆਪ''

01/31/2020 9:17:46 AM

ਜਲੰਧਰ (ਗੁਲਸ਼ਨ) : ਪੰਜਾਬ 'ਚ ਵਿਧਾਨ ਸਭਾ ਚੋਣਾਂ 'ਚ ਅਜੇ ਕਰੀਬ 2 ਸਾਲ ਦਾ ਸਮਾਂ ਬਾਕੀ ਹੈ ਪਰ ਸਾਰੇ ਸਿਆਸੀ ਦਲ ਪੰਜਾਬ ਦੇ ਭਵਿੱਖ ਨੂੰ ਲੈ ਕੇ ਸਮੀਖਿਆ ਕਰਨ 'ਚ ਜੁਟੇ ਹੋਏ ਹਨ। ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਤਾਜਪੋਸ਼ੀ ਦੌਰਾਨ ਜਿਸ ਤਰ੍ਹਾਂ ਭਾਜਪਾ ਦੇ ਸਾਬਕਾ ਮੰਤਰੀਆਂ ਨੇ ਪੰਜਾਬ 'ਚ ਹਰਿਆਣਾ ਅਤੇ ਹਿਮਾਚਲ ਦੀ ਤਰਜ਼ 'ਤੇ ਇਕੱਲੇ ਚੋਣ ਲੜਨ ਦੇ ਸੰਕੇਤ ਦਿੱਤੇ ਉਸ ਨਾਲ ਭਾਜਪਾ ਵਰਕਰਾਂ ਦੇ ਚਿਹਰੇ ਖਿੜ ਉਠੇ ਹਨ, ਉਥੇ ਹੀ ਆਮ ਆਦਮੀ ਪਾਰਟੀ (ਆਪ) ਦੇ ਆਗੂ ਵੀ ਇਸ ਤੋਂ ਕਾਫ਼ੀ ਖੁਸ਼ ਹਨ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਜੇਕਰ ਪੰਜਾਬ 'ਚ ਅਕਾਲੀ-ਭਾਜਪਾ ਦਾ ਗੱਠਜੋੜ ਟੁੱਟਦਾ ਹੈ ਤਾਂ ਇਸ ਨਾਲ ਉਨ੍ਹਾਂ ਨੂੰ ਕਾਫ਼ੀ ਫਾਇਦਾ ਮਿਲੇਗਾ। ਜ਼ਿਕਰਯੋਗ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਪੰਜਾਬ 'ਚ ਆਮ ਆਦਮੀ ਪਾਰਟੀ ਨੂੰ 20 ਸੀਟਾਂ ਮਿਲੀਆਂ ਸਨ ਜਦਕਿ ਅਕਾਲੀ ਦਲ ਨੂੰ 15 ਅਤੇ ਭਾਜਪਾ ਨੂੰ 3 ਸੀਟਾਂ ਮਿਲੀਆਂ ਸਨ। ਫਿਲਹਾਲ ਆਮ ਆਦਮੀ ਪਾਰਟੀ ਦਿੱਲੀ ਚੋਣਾਂ 'ਤੇ ਫੋਕਸ ਕਰ ਰਹੀ ਹੈ। ਦਿੱਲੀ ਚੋਣਾਂ ਦਾ ਰਿਜ਼ਲਟ ਆਪ ਦੇ ਪੱਖ 'ਚ ਆਉਣ ਤੋਂ ਬਾਅਦ ਉਹ ਇਸ ਨੂੰ ਪੰਜਾਬ 'ਚ ਵੀ ਲਿਆਉਣ ਦੀ ਕੋਸ਼ਿਸ਼ ਕਰੇਗੀ।

ਭਾਜਪਾ ਸਾਹਮਣੇ ਤਿੰਨ ਰਸਤੇ ਹਨ। ਪਹਿਲਾ ਉਹ ਪੰਜਾਬ 'ਚ ਇਕੱਲੇ ਚੋਣ ਲੜੇਗੀ, ਦੂਜਾ ਪਹਿਲਾਂ ਨਾਲੋਂ ਜ਼ਿਆਦਾ ਸੀਟਾਂ ਮੰਗੇ ਤੇ ਤੀਜਾ ਪਹਿਲਾਂ ਵਾਂਗ 23 ਸੀਟਾਂ 'ਤੇ ਹੀ ਚੋਣ ਲੜੇਗੀ। ਇਸ ਲਈ ਭਾਜਪਾ ਹਾਈਕਮਾਨ ਪੰਜਾਬ 'ਚ ਵਰਕਰਾਂ ਦੀ ਨਬਜ਼ ਟਟੋਲ ਰਹੀ ਹੈ। ਦੂਜੇ ਪਾਸੇ ਸਾਬਕਾ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਦੇ ਕਾਰਜਕਾਲ 'ਚ ਪੰਜਾਬ ਅੰਦਰ ਗੁੱਟਬੰਦੀ ਪੂਰੇ ਸਿਖਰਾਂ 'ਤੇ ਰਹੀ ਸੀ। ਗੁੱਟਬੰਦੀ ਕਾਰਨ ਪਾਰਟੀ ਦੀ ਸੀਨੀਅਰ ਲਾਬੀ ਅਤੇ ਵਰਕਰ ਹਾਸ਼ੀਏ 'ਤੇ ਚਲ ਰਹੇ ਹਨ।

ਹੁਣ ਪੰਜਾਬ ਭਾਜਪਾ ਦੀ ਕਮਾਨ ਸਾਬਕਾ ਵਿਧਾਇਕ ਅਸ਼ਵਨੀ ਸ਼ਰਮਾ ਨੂੰ ਸੌਂਪੀ ਗਈ ਹੈ। ਪਾਰਟੀ ਨੂੰ ਸੰਗਠਿਤ ਕਰਨਾ ਉਨ੍ਹਾਂ ਲਈ ਇਕ ਵੱਡੀ ਚੁਣੌਤੀ ਸਾਬਿਤ ਹੋਵੇਗਾ। ਹਾਲਾਂਕਿ ਉਹ ਕਾਫ਼ੀ ਤਜਰਬੇਕਾਰ ਹਨ ਅਤੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਹਨ। ਉਨ੍ਹਾਂ ਦੇ ਪਿਛਲੇ ਕਾਰਜਕਾਲ ਦੌਰਾਨ ਭਾਜਪਾ ਨੇ ਪੰਜਾਬ ਦੀਆਂ 23 ਸੀਟਾਂ 'ਚੋਂ 19 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ। ਪਾਰਟੀ ਦੀ ਡਾਵਾਂਡੋਲ ਸਥਿਤੀ ਨੂੰ ਠੀਕ ਕਰਨ ਲਈ ਅਸ਼ਵਨੀ ਸ਼ਰਮਾ ਨੂੰ ਇਕ ਵਾਰ ਫਿਰ ਤੋਂ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਜੇਕਰ ਹੁਣ ਵੀ ਪਾਰਟੀ ਆਗੂ ਅਤੇ ਵਰਕਰ ਸੰਗਠਿਤ ਨਾ ਹੋਏ ਤਾਂ ਪੰਜਾਬ 'ਚ ਭਾਜਪਾ ਦਾ ਸੱਤਾ 'ਚ ਆਉਣ ਦਾ ਰਾਹ ਆਸਾਨ ਨਹੀਂ ਹੋਵੇਗਾ। ਇਸਦਾ ਫਾਇਦਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੀ ਉਠਾ ਸਕਦੀ ਹੈ। ਜ਼ਿਕਰਯੋਗ ਹੈ ਕਿ ਪੰਜਾਬ 'ਚ ਅਕਾਲੀ ਦਲ ਅੰਦਰ ਜ਼ਬਰਦਸਤ ਫੁੱਟ ਚੱਲ ਰਹੀ ਹੈ। ਉਥੇ ਹੀ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਦੀ ਸਥਿਤੀ ਵੀ ਇਸ ਸਮੇਂ ਕਾਫ਼ੀ ਖ਼ਰਾਬ ਹੈ।

Baljeet Kaur

This news is Content Editor Baljeet Kaur