''ਆਪ'' ਜਾਂ ਉਸ ਦੇ ਸੰਸਦ ਮੈਂਬਰਾਂ ਨੂੰ ਕਾਂਗਰਸ ''ਚ ਸ਼ਾਮਲ ਕਰਨ ਲਈ ਕੋਈ ਚਰਚਾ ਨਹੀਂ

Saturday, Jun 16, 2018 - 06:35 AM (IST)

''ਆਪ'' ਜਾਂ ਉਸ ਦੇ ਸੰਸਦ ਮੈਂਬਰਾਂ ਨੂੰ ਕਾਂਗਰਸ ''ਚ ਸ਼ਾਮਲ ਕਰਨ ਲਈ ਕੋਈ ਚਰਚਾ ਨਹੀਂ

ਜਲੰਧਰ (ਧਵਨ)  - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਜਾਂ ਉਸ ਦੇ ਕਿਸੇ ਸੰਸਦ ਮੈਂਬਰ ਨੂੰ ਕਾਂਗਰਸ 'ਚ ਸ਼ਾਮਲ ਕਰਨ ਬਾਰੇ ਪਾਰਟੀ 'ਚ ਕੋਈ ਚਰਚਾ ਨਹੀਂ ਹੋ ਰਹੀ ਹੈ ਕਿਉਂਕਿ ਕਿਸੇ ਵੀ ਹੋਰ ਪਾਰਟੀ ਨਾਲ ਚੁਣਾਵੀ ਤਾਲਮੇਲ ਕਰਵਾਉਣਾ ਜਾਂ ਕਿਸੇ ਸੰਸਦ ਮੈਂਬਰ ਨੂੰ ਕਾਂਗਰਸ 'ਚ ਸ਼ਾਮਲ ਕਰਵਾਉਣਾ ਕਾਂਗਰਸ ਲੀਡਰਸ਼ਿਪ ਦੇ ਖੇਤਰ ਅਧਿਕਾਰ 'ਚ ਆਉਂਦਾ ਹੈ। ਜਾਖੜ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਨਾਲ ਸਬੰਧ ਰੱਖਦੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਕਾਂਗਰਸ 'ਚ ਸ਼ਾਮਲ ਕਰਨ ਬਾਰੇ ਸੂਬੇ 'ਚ ਅਜੇ ਤਕ ਪਾਰਟੀ ਨੇ ਕੋਈ ਚਰਚਾ ਨਹੀਂ ਕੀਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੱਧਰ 'ਤੇ ਵੀ ਇਸ ਮਾਮਲੇ ਨੂੰ ਲੈ ਕੇ ਕੋਈ ਚਰਚਾ ਨਹੀਂ ਹੋਈ ਹੈ।
ਜਾਖੜ ਨੇ ਸਪੱਸ਼ਟ ਕੀਤਾ ਕਿ ਸੰਸਦ ਮੈਂਬਰ ਜਾਂ ਵਿਧਾਇਕ ਨੂੰ ਕਾਂਗਰਸ 'ਚ ਸ਼ਾਮਲ ਕਰਨ ਬਾਰੇ ਕੋਈ ਵੀ ਫੈਸਲਾ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਪੱਧਰ 'ਤੇ ਪਹਿਲਾਂ ਲਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਸੂਬਾ ਕਾਂਗਰਸ ਇਸ ਬਾਰੇ ਆਪਣਾ ਸਟੈਂਡ ਸਪੱਸ਼ਟ ਕਰਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦਿੱਤੇ ਗਏ ਬਿਆਨ ਤੋਂ ਬਾਅਦ ਭਗਵੰਤ ਮਾਨ ਦਾ ਮਾਮਲਾ ਖਤਮ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਜਿਥੋਂ ਤਕ ਆਮ ਆਦਮੀ ਪਾਰਟੀ ਨਾਲ ਚੋਣ ਤਾਲਮੇਲ ਕਰਨ ਦਾ ਸਵਾਲ ਹੈ, ਉਸ ਬਾਰੇ ਪੰਜਾਬ ਕਾਂਗਰਸ ਦਾ ਸਪੱਸ਼ਟ ਸਟੈਂਡ ਹੈ ਕਿ ਕਾਂਗਰਸ ਨੂੰ ਚੁਣਾਵੀ ਤਾਲਮੇਲ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਪੰਜਾਬ 'ਚ ਕਾਂਗਰਸ ਆਪਣੇ ਬਲਬੂਤੇ 'ਤੇ ਇੰਨੀ ਮਜ਼ਬੂਤ ਹੈ ਕਿ ਉਹ ਲੋਕ ਸਭਾ ਚੋਣਾਂ ਖੁਦ ਇਕੱਲੇ ਹੀ ਜਿੱਤਣ ਦੀ ਸਥਿਤੀ 'ਚ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੱਲ ਸ਼ਾਹਕੋਟ ਹਲਕੇ ਨੂੰ ਜਿੱਤਦੇ ਤੋਹਫੇ ਦੇ ਰੂਪ 'ਚ ਦਿੱਤੇ ਵਿਕਾਸ ਪ੍ਰਾਜੈਕਟਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਕੈਪਟਨ ਨੇ ਸੂਬੇ 'ਚ ਹੁਣ ਵਿਕਾਸ ਦਾ ਦੌਰ ਸ਼ੁਰੂ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਸਾਰੇ ਸ਼ਹਿਰਾਂ ਲਈ ਸਰਕਾਰ ਵਲੋਂ ਇਸੇ ਤਰ੍ਹਾਂ ਗ੍ਰਾਂਟਾ ਰਿਲੀਜ਼ ਕੀਤੀਆਂ ਜਾਣਗੀਆਂ।
ਉਨ੍ਹਾਂ ਨੇ ਕਿਹਾ ਕਿ ਦਿੱਲੀ 'ਚ ਵੀ ਆਮ ਆਦਮੀ ਪਾਰਟੀ ਦੇ ਨੇਤਾਵਾਂ 'ਤੇ ਕਾਂਗਰਸ ਲੀਡਰਸ਼ਿਪ ਨੂੰ ਕੋਈ ਭਰੋਸਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਨੇਤਾ ਸਮੇਂ-ਸਮੇਂ 'ਤੇ ਰੰਗ ਬਦਲਦੇ ਰਹਿੰਦੇ ਹਨ। ਇਸ ਲਈ ਕਾਂਗਰਸ ਆਪਣੇ ਪੱਧਰ 'ਤੇ ਹੀ 2019 ਦੇ ਮਿਸ਼ਨ ਨੂੰ ਪੂਰਾ ਕਰਨ 'ਚ ਸਫਲ ਹੋਵੇਗੀ।


Related News