ਇਤਿਹਾਸ ਦੀ ਡਾਇਰੀ: ਅਜਿਹਾ ਫਨਕਾਰ ਜਿਸ ਦੇ ਨਾਲ ਕਬਰ ’ਚ ਦਫਨਾਈ ਗਈ ਸ਼ਹਿਨਾਈ (ਵੀਡੀਓ)

Saturday, Mar 21, 2020 - 10:49 AM (IST)

ਜਲੰਧਰ (ਬਿਊਰੋ): ਇਤਿਹਾਸ ਦੀ ਡਾਇਰੀ 'ਚ ਅੱਜ ਅਸੀਂ ਭਾਰਤੀ ਸ਼ਾਸਤਰੀ ਸੰਗੀਤ ਦੇ ਉਸ ਫਨਕਾਰ ਦੀ ਗੱਲ ਕਰਾਂਗੇ, ਜਿਸਦੀ ਸ਼ਹਿਨਾਈ 'ਚੋਂ ਨਿਕਲੀਆਂ ਮੰਗਲ ਧੁਨਾਂ ਨਾਲ ਕਦੇ ਦੇਸ਼ ਦੀ ਸਵੇਰ ਹੁੰਦੀ ਸੀ। ਦੂਰਦਰਸ਼ਨ ਤੇ ਆਕਾਸ਼ਵਾਣੀ 'ਤੇ ਸਵੇਰੇ-ਸਵੇਰੇ ਜਿਸਦੀ ਮੰਗਲ ਧਵਨੀ ਚੱਲਦੀ ਸੀ। ਗੱਲ ਕਰ ਰਹੇ ਹਾਂ ਸ਼ਹਿਨਾਈ ਵਾਦਕ ਉਸਤਾਦ ਬਿਸਮਿੱਲ੍ਹਾ ਖਾਨ ਦੀ, ਜਿਨ੍ਹਾਂ ਦਾ ਅੱਜ ਜਨਮਦਿਨ ਹੈ। ਬਿਹਾਰ 'ਚ ਜਨਮੇ ਉਸਤਾਦ ਬਿਸਮਿੱਲ੍ਹਾ ਖਾਨ ਨੇ ਸ਼ਹਿਨਾਈ ਨੂੰ ਸਿਰਫ ਪ੍ਰੇਮ ਹੀ ਨਹੀਂ ਕੀਤਾ। ਉਸਨੂੰ ਇਬਾਦਤ ਬਣਾ ਲਿਆ ਤੇ ਵਿਆਹ-ਸ਼ਾਦੀਆਂ 'ਚ ਡਿਓਡੀ 'ਚ ਵੱਜਦੀ ਸ਼ਹਿਨਾਈ ਨੂੰ ਦੁਨੀਆ ਤੱਕ ਪਹੁੰਚਾਇਆ।

ਉਸਤਾਦ ਬਿਸਮਿੱਲ੍ਹਾ ਖਾਨ
ਉਸਤਾਦ ਬਿਸਮਿੱਲ੍ਹਾ ਖਾਨ ਦਾ ਜਨਮ 21 ਮਾਰਚ 1916 ਨੂੰ ਬਿਹਾਰ ਦੇ ਡੁੰਮਰਾਂਵ ਇਲਾਕੇ 'ਚ ਇਕ ਮੁਸਲਿਮ ਪਰਿਵਾਰ 'ਚ ਹੋਇਆ। ਉਨ੍ਹਾਂ ਨੂੰ ਕਰਮੂਦੀਨ ਦੇ ਨਾਂ ਨਾਲ ਵੀ ਬੁਲਾਇਆ ਜਾਂਦਾ ਹੈ। ਬਿਸਮਿੱਲ੍ਹਾ ਖਾਨ ਨੂੰ ਸੰਗੀਤ ਵਿਰਾਸਤ 'ਚ ਮਿਲਿਆ। ਉਨ੍ਹਾਂ ਦੇ ਖਾਨਦਾਨ ਦੇ ਲੋਕ ਦਰਵਾਰੀ ਰਾਗ ਵਜਾਉਣ 'ਚ ਮਾਹਿਰ ਸਨ। ਪਿਤਾ ਪੈਗੰਬਰ ਬਖਸ਼ ਖਾਨ, ਡੁਮਰਾਂਵ ਰਿਆਸਤ ਦੇ ਮਹਾਰਾਜਾ ਕੇਸ਼ਵ ਪ੍ਰਸਾਦ ਸਿੰਘ ਦੇ ਦਰਬਾਰ 'ਚ ਸ਼ਹਿਨਾਈ ਵਜਾਇਆ ਕਰਦੇ ਸਨ। ਮਹਿਜ਼ 6 ਸਾਲ ਦੀ ਉਮਰ 'ਚ ਬਿਲਮਿੱਲ੍ਹਾ ਖਾਨ ਆਪਣੇ ਪਿਤਾ ਨਾਲ ਬਨਾਰਸ ਆ ਗਏ, ਜਿਥੇ ਚਾਚਾ ਅਲੀ ਬਖਸ਼ ਵਿਲਾਇਤੀ ਤੋਂ ਸ਼ਹਿਨਾਈ ਵਜਾਉਣਾ ਸਿੱਖਿਆ, ਜੋ ਵਿਸ਼ਵਨਾਥ ਮੰਦਿਰ 'ਚ ਸ਼ਹਿਨਾਈਵਾਦਨ ਕਰਦੇ ਸਨ। 14 ਸਾਲ ਦੀ ਉਮਰ 'ਚ ਉਨ੍ਹਾਂ ਇਲਾਹਾਬਾਦ ਦੀ ਸੰਗੀਤ ਪ੍ਰੀਸ਼ਦ 'ਚ ਸ਼ਹਿਨਾਈ ਵਜਾਉਣ ਦਾ ਪ੍ਰੋਗਰਾਮ ਕੀਤਾ, ਤੇ ਫਿਰ ਪਿੱਛੇ ਮੁੜ ਕੇ ਨਹੀਂ ਵੇਖਿਆ। 16 ਸਾਲ  ਦੀ ਉਮਰ 'ਚ ਉਨ੍ਹਾਂ ਦਾ ਵਿਆਹ ਮੁੱਗਨ ਖਾਨਮ ਨਾਲ ਹੋਇਆ। ਹਾਲਾਂਕਿ ਬਿਲਮਿੱਲ੍ਹਾ ਖਾਨ 'ਸ਼ਹਿਨਾਈ' ਨੂੰ ਆਪਣੀ ਦੂਜੀ ਬੇਗਮ ਕਿਹਾ ਕਰਦੇ ਸਨ। ਮੁਸਲਿਮ ਹੋਣ ਦੇ ਬਾਵਜੂਦ ਮਾਂ ਸਰਸਵਤੀ ਦੇ ਵੱਡੇ ਭਗਤ ਸਨ ਬਿਸਮਿੱਲ੍ਹਾ ਖਾਂ। ਬਿਸਮਿੱਲ੍ਹਾ ਖਾਂ ਅਜਿਹੇ ਬਨਾਰਸੀ ਸਨ, ਜੋ ਗੰਗਾ 'ਚ ਵਜ਼ੂ ਕਰਕੇ ਨਮਾਜ਼ ਪੜ੍ਹਦੇ ਤੇ ਮਾਂ ਸਰਸਵਤੀ ਨੂੰ ਯਾਦ ਕਰਕੇ ਸ਼ਹਿਨਾਈ ਦੀ ਤਾਨ ਛੇੜਦੇ ਸਨ। ਸ਼ੁਰੂਆਤੀ ਦੌਰ 'ਚ ਉਨ੍ਹਾਂ ਪੰਚਗੰਗਾ ਘਾਟ 'ਤੇ ਬਾਲਾ ਜੀ ਮੰਦਿਰ 'ਚ ਉਹ ਅੱਠ ਆਨੇ 'ਚ ਸ਼ਹਿਨਾਈ ਵਜਾਇਆ ਕਰਦੇ ਸਨ। ਜਵਾਨੀ ਦੇ ਦਿਨਾਂ 'ਚ ਉਸਤਾਦ ਬਿਸਮਿੱਲ੍ਹਾ ਖਾਂ ਨੂੰ ਦੋ ਹੀ ਚੀਜ਼ਾਂ ਦੀ ਦੀਵਾਨਗੀ ਸੀ। ਇਕ ਕੁਲਸੁਮ ਹਲਵਾਇਨ ਦੀਆਂ ਕਚੌੜੀਆਂ ਤੇ ਦੂਜਾ ਸੁਲੋਚਨਾ ਦੀਆਂ ਫਿਲਮਾਂ ਦੀ। ਉਹ ਆਪਣੀ ਸਾਰੀ ਕਮਾਈ ਇਹ ਦੋਵੇਂ ਸ਼ੌਕ ਪੁਗਾਉਣ 'ਚ ਖਰਚ ਕਰ ਦਿੰਦੇ ਸਨ।

ਐਵਾਰਡ ਤੇ ਸਨਮਾਨ
ਬਿਸਮਿੱਲ੍ਹਾ ਖਾਂ ਨੂੰ ਸੰਗੀਤ ਨਾਟਕ ਅਕੈਡਮੀ ਪੁਰਸਕਾਰ ਤੇ ਤਾਨਸੇਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਪਦਮਸ਼੍ਰੀ, ਪਦਮ ਭੂਸ਼ਣ ਤੇ ਪਦਮ ਵਿਭੂਸ਼ਣ ਪੁਰਸਕਾਰਾਂ ਨਾਲ ਨਿਵਾਜਿਆ ਗਿਆ। ਸਾਲ 2001 'ਚ ਉਸਤਾਦ ਬਿਸਮਿੱਲ੍ਹਾ ਖਾਂ ਨੂੰ ਸਰਵਉੱਚ ਸਨਮਾਨ 'ਭਰਤ ਰਤਨ' ਨਾਲ ਨਵਾਜਿਆ ਗਿਆ। ਦੇਸ਼ ਦੀ ਆਜ਼ਾਦੀ ਵੇਲੇ 1947 ਦੀ ਪੂਰਬਲੀ ਸ਼ਾਮ ਲਾਲ ਕਿਲੇ ਤੋਂ ਸ਼ਹਿਨਾਈ ਵਜਾਉਣ ਦਾ ਮਾਣ ਸਿਰਫ ਉਸਤਾਦ ਬਿਸਮਿੱਲ੍ਹਾ ਖਾਂ ਨੂੰ ਮਿਲਿਆ। ਏਨਾ ਹੀ ਨਹੀਂ 1950 'ਚ ਪਹਿਲੇ ਗਣਤੰਤਰ ਦਿਵਸ ਸਮਾਗਮ ਅਤੇ ਆਜ਼ਾਦੀ ਦੀ 50ਵੀਂ ਸਾਲਗਿਰ੍ਹਾ 'ਤੇ ਵੀ ਉਸਤਾਦ ਬਿਸਮਿੱਲ੍ਹਾ ਖਾਂ ਨੇ ਆਪਣੀ ਸ਼ਹਿਨਾਈ ਦੀਆਂ ਜਾਦੂਈ ਧੁਨਾਂ ਨਾਲ ਸਭ ਨੂੰ ਮੋਹ ਲਿਆ।

ਕਬਰ 'ਚ ਨਾਲ ਦਫਨ ਕੀਤੀ ਸ਼ਹਿਨਾਈ
ਉਸਤਾਦ ਬਿਸਮਿੱਲ੍ਹਾ ਖਾਂ ਦਿੱਲੀ ਦੇ ਇੰਡੀਆ ਗੇਟ 'ਤੇ ਸ਼ਹਿਨਾਈ ਵਜਾਉਣਾ ਚਾਹੁੰਦੇ ਸਨ ਪਰ ਉਨ੍ਹਾਂ ਦਾ ਇਹ ਸਪੁਨਾ ਪੂਰਾ ਨਾ ਹੋ ਸਕਿਆ। 21 ਅਗਸਤ 2006 'ਚ ਉਹ ਦੁਨੀਆ ਤੋਂ ਰੁਖਸਤ ਹੋ ਗਏ। ਇੰਤਕਾਲ ਵੇਲੇ ਉਨ੍ਹਾਂ ਨੂੰ ਸਨਮਾਨ ਦੇਣ ਲਈ ਕਬਰ 'ਚ ਨਾਲ ਇਕ ਸ਼ਹਿਨਾਈ ਵੀ ਦਫਨ ਕੀਤੀ ਗਈ ਸੀ।

ਖਾਸ ਘਟਨਾਵਾਂ 21 ਮਾਰਚ 1791 ਬ੍ਰਿਟਿਸ਼ ਆਰਮੀ ਨੇ ਟੀਪੂ ਸੁਲਤਾਨ ਤੋਂ ਬੈਂਗਲੂਰੂ ਖੋਹ ਲਿਆ ਸੀ।
21 ਮਾਰਚ 1836 ਕਲਕੱਤਾ 'ਚ ਪਹਿਲੀ ਜਨਤਕ ਲਾਇਬ੍ਰੇਰੀ ਦੀ ਸ਼ੁਰੂਆਤ ਹੋਈ, ਜਿਸਨੂੰ ਅੱਜਕੱਲ ਨੈਸ਼ਨਲ ਲਾਇਬ੍ਰੇਰੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
21 ਮਾਰਚ 1857 ਜਾਪਾਨ ਦੀ ਰਾਜਧਾਨੀ ਟੋਕਿਓ 'ਚ ਆਏ ਵਿਨਾਸ਼ਕਾਰ ਭੂਚਾਲ 'ਚ 1 ਲੱਖ 7 ਹਜ਼ਾਰ ਲੋਕਾਂ ਦੀ ਮੌਤ ਹੋ ਗਈ।
21 ਮਾਰਚ 1935 ਫਾਰਸੀ ਭਾਸ਼ਾ ਵਾਲੇ ਦੇਸ਼ ਫਾਰਸ ਦਾ ਨਾਂ ਬਦਲ ਕੇ ਈਰਾਨ ਰੱਖਿਆ ਗਿਆ।
21 ਮਾਰਚ 1954  ਫਿਲਮਫੇਅਰ ਐਵਾਰਡ ਦੀ ਸ਼ੁਰਆਤ ਹੋਈ।
21 ਮਾਰਚ 1975 ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਅੱਧੀ ਰਾਤ ਨੂੰ ਅਚਾਨਕ ਐਮਰਜੰਸੀ ਵਾਪਸ ਲੈਣ ਦਾ ਐਲਾਨ ਕਰ ਦਿੱਤਾ। 25 ਜੂਨ 1975 ਨੂੰ ਇੰਦਰਾ ਗਾਂਧੀ ਨੇ ਅਚਾਨਕ ਦੇਸ਼ 'ਚ ਐਮਰਜੰਸੀ ਦਾ ਐਲਾਨ ਕੀਤਾ ਸੀ, ਜੋ 21 ਮਹੀਨਿਆਂ ਤੱਕ ਜਾਰੀ ਰਹੀ ਤੇ ਫਿਰ 21 ਮਾਰਚ 1977 'ਚ ਪਾਰਟੀ 'ਚ ਵਿਦਰੋਹ ਦੇ ਡਰੋਂ ਅਚਾਨਕ ਐਮਰਜੰਸੀ ਵਾਪਸ ਲੈ ਲਈ।  

ਜਨਮ
21 ਮਾਰਚ 1937: ਭਾਰਤੀ ਹਾਕੀ ਖਿਡਾਰੀ ਸੱਈਅਦ ਮੁਹੰਮਦ ਜਾਫਰ ਸ਼ਾਹ ਦਾ ਜਨਮ ਹੋਇਆ।
21 ਮਾਰਚ 1978:ਬਾਲੀਵੁੱਡ ਅਭਿਨੇਤਰੀ ਰਾਨੀ ਮੁਖਰਜੀ ਦਾ ਜਨਮ ਹੋਇਆ।

ਮੌਤ
21 ਮਾਰਚ 2003:ਪ੍ਰਸਿੱਧ ਨਾਵਲਕਾਰ ਸ਼ਿਵਾਨੀ ਦਾ ਦੇਹਾਂਤ।


Shyna

Content Editor

Related News