ਰਾਜਸਥਾਨ ’ਚ ਵਸੁੰਧਰਾ ਨੂੰ ‘ਇਗਨੋਰ’ ਕਰ ਕੇ ਚੋਣ ਲੜਨੀ ਇੰਨੀ ਵੀ ਆਸਾਨ ਨਹੀਂ ਭਾਜਪਾ ਲਈ

08/31/2023 4:39:34 PM

ਜਲੰਧਰ (ਅਨਿਲ ਪਾਹਵਾ) : ਰਾਜਸਥਾਨ ’ਚ ਵਿਧਾਨ ਸਭਾ ਚੋਣਾਂ ਦੀ ਤਿਆਰੀ ਚੱਲ ਰਹੀ ਹੈ। ਸੂਬੇ ’ਚ ਭਾਜਪਾ ਆਪਣੀ ਸੱਤਾ ਕਾਇਮ ਰੱਖਣ ਦੀ ਕੋਈ ਵੀ ਕੋਸ਼ਿਸ਼ ਨਹੀਂ ਛੱਡ ਰਹੀ। ਉੱਥੇ ਕਾਂਗਰਸ ਦੀ ਸਰਕਾਰ ਹੋਣ ਕਾਰਨ ਸੱਤਾ ਵਿਰੋਧੀ ਲਹਿਰ ਨੂੰ ਕੈਸ਼ ਕਰਨ ਲਈ ਪਾਰਟੀ ਨੇ ਰਣਨੀਤੀ ਬਣਾਈ ਹੈ। ਇਸ ਰਣਨੀਤੀ ਵਿਚ ਅਜੇ ਤਕ ਭਾਜਪਾ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਨੂੰ ਕੁੱਝ ਹੱਦ ਤਕ ਦਰਕਿਨਾਰ ਕਰ ਰਹੀ ਹੈ ਪਰ ਰਾਜੇ ਦੇ ਸਮਰਥਕਾਂ ਅਤੇ ਉਨ੍ਹਾਂ ਦੀ ਰਾਜਸਥਾਨ ਬਾਰੇ ਜਾਣਕਾਰੀ ਨੂੰ ਵੇਖਦੇ ਹੋਏ ਪਾਰਟੀ ਨੇ ਹੁਣ ਉਨ੍ਹਾਂ ਨੂੰ ਨਾਲ ਲੈ ਕੇ ਚੱਲਣ ਦਾ ਮਨ ਬਣਾਇਆ ਹੈ। ਸੂਬੇ ’ਚ ਹੁਣ ਤਕ ਚੱਲ ਰਹੀ ਚੋਣ ਮੁਹਿੰਮ ਅਧੀਨ ਅਹਿਮ ਫੈਸਲਿਆਂ ਦੌਰਾਨ ਵਸੁੰਧਰਾ ਰਾਜੇ ਨੂੰ ਕੋਈ ਖਾਸ ਅਹਿਮੀਅਤ ਨਹੀਂ ਦਿੱਤੀ ਜਾ ਰਹੀ ਸੀ ਪਰ ਹੁਣ ਰਾਜਸਥਾਨ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਵਿਚ ਵਸੁੰਧਰਾ ਨੂੰ ਅਹਿਮੀਅਤ ਮਿਲਣ ਦੀ ਸੰਭਾਵਨਾ ਬਣ ਗਈ ਹੈ। ਪਤਾ ਲੱਗਾ ਹੈ ਕਿ ਜਿਨ੍ਹਾਂ ਸੀਟਾਂ ’ਤੇ ਭਾਜਪਾ ਨੂੰ ਪਿਛਲੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਉੱਥੇ ਹੁਣ ਉਮੀਦਵਾਰਾਂ ਦਾ ਐਲਾਨ ਪਹਿਲਾਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਬਜ਼ੁਰਗ ਪਿਓ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਣ ਵਾਲੇ ਕੈਨੇਡਾ ਤੋਂ ਆਏ ਪੁੱਤ ਦੇ ਮਾਮਲੇ 'ਚ ਸਾਹਮਣੇ ਆਈ ਇਹ ਗੱਲ

ਕਾਂਗਰਸ ਦੇ ਅੰਦਰੂਨੀ ਕਲੇਸ਼ ਦਾ ਫਾਇਦਾ
ਰਾਜਸਥਾਨ ’ਚ ਕਾਂਗਰਸ ਦੀ ਸਰਕਾਰ ਹੈ ਪਰ ਕਾਂਗਰਸ ਅੰਦਰ ਅੰਦਰੂਨੀ ਕਲੇਸ਼ ਕਾਫ਼ੀ ਵਧ ਚੁੱਕਾ ਹੈ। ਇਸ ਕਾਰਨ ਇਕ ਵਾਰ ਤਾਂ ਸਰਕਾਰ ਡਿੱਗਣ ਤਕ ਦੀ ਨੌਬਤ ਆ ਚੁੱਕੀ ਹੈ। ਇਨ੍ਹਾਂ ਕਾਰਨਾਂ ਕਰ ਕੇ ਭਾਜਪਾ ਖੁਦ ਨੂੰ ਇਸ ਸੂਬੇ ਵਿਚ ਹੋਰਨਾਂ ਨਾਲੋਂ ਵੱਧ ਅਨੁਕੂਲ ਮੰਨਦੀ ਹੈ। ਦੂਜੀ ਵੱਡੀ ਗੱਲ ਇਹ ਹੈ ਕਿ ਸੂਬੇ ਵਿਚ ਹਰ 5 ਸਾਲ ਬਾਅਦ ਨਵੀਂ ਸਰਕਾਰ ਬਣਦੀ ਹੈ ਅਤੇ ਇਹ ਸਿਲਸਿਲਾ ਪਿਛਲੇ 2 ਦਹਾਕਿਆਂ ਤੋਂ ਚੱਲ ਰਿਹਾ ਹੈ। ਦੂਜੇ ਪਾਸੇ ਭਾਜਪਾ ’ਚ ਸਭ ਕੁਝ ਠੀਕ ਹੈ, ਅਜਿਹਾ ਵੀ ਨਹੀਂ ਹੈ। ਭਾਜਪਾ ਵਿਚ ਸਭ ਤੋਂ ਵੱਡੀ ਮੁਸ਼ਕਲ ਹੈ ਕਿ ਪਾਰਟੀ ਦੀ ਅਗਵਾਈ ਕੌਣ ਕਰੇ, ਇਸ ਗੱਲ ਨੂੰ ਲੈ ਕੇ ਕਾਫ਼ੀ ਖਿੱਚੋਤਾਣ ਹੈ। ਉਂਝ ਹੁਣ ਤਕ ਕੁਲ ਮਿਲਾ ਕੇ ਰਾਜਸਥਾਨ ਵਿਚ ਭਾਜਪਾ ਕੋਲ ਵਸੁੰਧਰਾ ਰਾਜੇ ਨਾਲੋਂ ਵੱਡਾ ਕੋਈ ਚਿਹਰਾ ਨਹੀਂ ਹੈ ਪਰ ਕੇਂਦਰੀ ਲੀਡਰਸ਼ਿਪ ਉਨ੍ਹਾਂ ਨੂੰ ਖੁੱਲ੍ਹ ਕੇ ਅੱਗੇ ਨਹੀਂ ਕਰ ਰਹੀ। ਇਸ ਦਾ ਇਕ ਵੱਡਾ ਕਾਰਨ ਪਾਰਟੀ ਵਿਚ ਖੇਮੇਬਾਜ਼ੀ ਹੈ। ਪਾਰਟੀ ਨੇ ਕਈ ਚੋਣ ਕਮੇਟੀਆਂ ਬਣਾਈਆਂ ਹਨ ਪਰ ਉਨ੍ਹਾਂ ਵਿਚ ਵਸੁੰਧਰਾ ਨੂੰ ਜਗ੍ਹਾ ਨਹੀਂ ਮਿਲੀ। ਇਸ ਤੋਂ ਇਲਾਵਾ ਪਰਿਵਰਤਨ ਯਾਤਰਾ ਵਿਚ ਵੀ ਵਸੁੰਧਰਾ ਨੂੰ ਕੁਝ ਖਾਸ ਤਵੱਜੋ ਅਜੇ ਨਹੀਂ ਦਿੱਤੀ ਗਈ। ਪਾਰਟੀ ਦੇ ਕੇਂਦਰੀ ਨੇਤਾ ਯਾਤਰਾ ਨੂੰ ਝੰਡੀ ਵਿਖਾਉਣ ਜਾ ਰਹੇ ਹਨ ਜਿਸ ਕਾਰਨ ਵਰਕਰ ਤੇ ਵੋਟਰ ਦੋਵੇਂ ਹੀ ਦੁਚਿੱਤੀ ਵਿਚ ਹਨ।

ਇਹ ਵੀ ਪੜ੍ਹੋ : ਹੜ੍ਹ ਕਾਰਨ ਪੁੱਤਾਂ ਵਾਂਗ ਪਾਲੀ ਫ਼ਸਲ ਹੋਈ ਖ਼ਰਾਬ, ਸਦਮੇ ’ਚ ਪਤੀ-ਪਤਨੀ ਨੇ ਤੋੜਿਆ ਦਮ

ਕਈ ਚਿਹਰੇ ਬਦਲਣ ’ਤੇ ਵਿਚਾਰ
ਸੂਬੇ ਵਿਚ ਕੁਝ ਸੀਟਾਂ ’ਤੇ ਚਿਹਰੇ ਬਦਲਣ ਨੂੰ ਲੈ ਕੇ ਵੀ ਚਰਚਾ ਹੋ ਚੁੱਕੀ ਹੈ ਪਰ ਭਾਜਪਾ ਲਈ ਇਹ ਇੰਨਾ ਆਸਾਨ ਨਹੀਂ। ਬੇਸ਼ੱਕ ਸਰਵੇ ਵਿਚ ਵਿਧਾਇਕਾਂ ਦੀ ਰਿਪੋਰਟ ਖ਼ਰਾਬ ਹੈ ਪਰ ਪਾਰਟੀ ਅੰਦਰ ਖੇਮੇਬਾਜ਼ੀ ਕਾਰਨ ਇਸ ਤਰ੍ਹਾਂ ਦੇ ਕਦਮ ਚੁੱਕਣਾ ਮੁਸ਼ਕਲ ਹੋ ਰਿਹਾ ਹੈ। ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਕੁਝ ਮੌਜੂਦਾ ਸੰਸਦ ਮੈਂਬਰਾਂ ਨੂੰ ਟਿਕਟ ਦੇ ਕੇ ਮੈਦਾਨ ਵਿਚ ਉਤਾਰਿਆ ਜਾ ਸਕਦਾ ਹੈ। ਕੁਝ ਦੇਰ ਪਹਿਲਾਂ ਤਕ ਚਰਚਾ ਸੀ ਕਿ ਕਿਸੇ ਕੇਂਦਰੀ ਨੇਤਾ ਕੋਲੋਂ ਰਾਜਸਥਾਨ ਤੋਂ ਚੋਣ ਲੜਾਈ ਜਾ ਸਕਦੀ ਹੈ ਪਰ ਹੁਣ ਉਸ ਦੀ ਸੰਭਾਵਨਾ ਵੀ ਲਗਭਗ ਖਤਮ ਹੈ।

ਕਿਉਂ ਜ਼ਰੂਰੀ ਹੈ ਵਸੁੰਧਰਾ ਦਾ ਸਾਥ
ਰਾਜਸਥਾਨ ਵਿਚ ਵਸੁੰਧਰਾ ਰਾਜੇ ਕਿਉਂ ਭਾਜਪਾ ਲਈ ਜ਼ਰੂਰੀ ਹੈ, ਇਹ ਇਕ ਵੱਡਾ ਸਵਾਲ ਹੈ। ਇਕ ਵੱਡਾ ਕਾਰਨ ਇਹ ਹੈ ਕਿ ਵਸੁੰਧਰਾ ਰਾਜੇ ਕੋਲ ਰਾਜਸਥਾਨ ਦੀ ਸਿਆਸਤ ਦਾ ਪੁਰਾਣਾ ਤਜਰਬਾ ਹੈ ਅਤੇ ਉਨ੍ਹਾਂ ਨੂੰ ਰਾਜਸਥਾਨ ਦੇ ਹਰ ਖੇਤਰ ਦੀ ਸਮਝ ਹੈ। ਇਕ-ਇਕ ਇਲਾਕੇ ਬਾਰੇ ਸਮਝ ਅਤੇ ਪਹੁੰਚ ਹੋਣ ਕਾਰਨ ਉਨ੍ਹਾਂ ਨੂੰ ਇਗਨੋਰ ਕਰਨਾ ਭਾਜਪਾ ਲਈ ਇੰਨਾ ਆਸਾਨ ਨਹੀਂ। ਪਾਰਟੀ ਜਿਹੜੇ ਨਵੇਂ ਚਿਹਰੇ ਸਾਹਮਣੇ ਲਿਆਉਣ ਦੀ ਯੋਜਨਾ ਬਣਾ ਰਹੀ ਹੈ, ਉਨ੍ਹਾਂ ਵਿਚ ਵੀ ਕਈ ਚਿਹਰੇ ਵਸੁੰਧਰਾ ਰਾਜੇ ਦੇ ਨਜ਼ਦੀਕੀ ਹਨ। ਪਾਰਟੀ ਨੂੰ ਵੀ ਹੁਣ ਲੱਗਣ ਲੱਗਾ ਹੈ ਕਿ ਰਾਜੇ ਦੀ ਪਸੰਦ ਦੇ ਉਮੀਦਵਾਰਾਂ ਨੂੰ ਟਿਕਟ ਨਹੀਂ ਦਿੱਤੀ ਜਾਂਦੀ ਤਾਂ ਕਾਂਗਰਸ ਨੂੰ ਇਸ ਦਾ ਫਾਇਦਾ ਹੋ ਸਕਦਾ ਹੈ।

ਇਹ ਵੀ ਪੜ੍ਹੋ : ਗਵਰਨਰ ਬਨਵਾਰੀ ਲਾਲ ਦਾ ਚੰਡੀਗੜ੍ਹ ਵਾਸੀਆਂ ਨੂੰ ਵੱਡਾ ਤੋਹਫ਼ਾ, ਉਲੰਪਿਕ ’ਚ ਮੈਡਲ ਜਿੱਤਣ ’ਤੇ ਮਿਲਣਗੇ 6 ਕਰੋੜ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Anuradha

This news is Content Editor Anuradha