ਅਧੂਰੇ ਕਾਗਜ਼ਾਤ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੱਟੇ

Wednesday, Aug 22, 2018 - 05:41 AM (IST)

ਅਧੂਰੇ ਕਾਗਜ਼ਾਤ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੱਟੇ

ਕਪੂਰਥਲਾ,   (ਮਲਹੋਤਰਾ)-  ਜ਼ਿਲਾ ਪੁਲਸ ਕਪਤਾਨ ਸਤਿੰਦਰ ਸਿੰਘ ਦੇ ਹੁਕਮਾਂ ’ਤੇ ਡੀ. ਐੱਸ. ਪੀ. ਟ੍ਰੈਫਿਕ ਸੰਦੀਪ ਸਿੰਘ ਮੰਡ ਦੀ ਅਗਵਾਈ ’ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਟ੍ਰੈਫਿਕ ਪੁਲਸ ਦੇ ਇੰਚਾਰਜ ਸਬ ਇੰਸਪੈਕਟਰ ਗਿਆਨ ਸਿੰਘ ਨੇ ਆਪਣੀ ਟੀਮ ਨਾਲ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ ਕਰ ਕੇ ਅਧੂਰੇ ਕਾਗਜ਼ਾਤ ਵਾਲੇ ਵਾਹਨ ਚਾਲਕਾਂ ਦੇ ਚਾਲਾਨ ਕੱਟੇ। ਟੀਮਾਂ ਨੇ ਮੋਟਰਸਾਈਕਲ ’ਤੇ ਪਟਾਕੇ ਵਜ਼ਾ ਕੇ ਦਹਿਸ਼ਤ ਪਾਉਣ ਵਾਲੇ ਵਾਹਨ ਚਾਲਕਾਂ ਦੇ ਵੀ ਚਾਲਾਨ ਕੱਟੇ ਤੇ ਉਨ੍ਹਾਂ ਦੀ ਕਲਾਸ ਲਾਈ।
  ਜਾਣਕਾਰੀ ਅਨੁਸਾਰ ਟ੍ਰੈਫਿਕ ਪੁਲਸ ਦੇ ਏ. ਐੱਸ. ਆਈ. ਪਰਮਜੀਤ ਸਿੰਘ ਨੇ ਆਪਣੀ ਟੀਮ ਨਾਲ ਡੀ. ਸੀ. ਚੌਕ, ਸੈਨਿਕ ਸਕੂਲ ਚੌਕ, ਕਰਤਾਰਪੁਰ ਚੌਕ, ਜਲੰਧਰ ਬਾਈਪਾਸ, ਬੱਸ ਸਟੈਂਡ ਰੋਡ ਆਦਿ ਖੇਤਰਾਂ ’ਚ ਨਾਕਾਬੰਦੀ ਕਰ ਕੇ ਬਿਨ੍ਹਾਂ ਹੈਲਮੇਟ, ਬਿਨ੍ਹਾਂ ਆਰ. ਸੀ., ਬਿਨ੍ਹਾਂ ਪ੍ਰਦੂਸ਼ਣ ਸਰਟੀਫਿਕੇਟ,  ਲਾਈਸੈਂਸ ਨਾ ਹੋਣ ਵਾਲੇ ਆਦਿ ਵਾਹਨ ਚਾਲਕਾਂ ਦੇ ਚਾਲਾਨ ਕੱਟੇ। ਉਨ੍ਹਾਂ ਨੇ ਤਿੰਨ-ਤਿੰਨ ਦੀ ਗਿਣਤੀ ’ਚ ਮੋਟਰਸਾਇਕਲ ਸਵਾਰ ਨੌਜਵਾਨਾਂ ਨੂੰ ਰੋਕ ਕੇ ਉਨ੍ਹਾਂ ਨੂੰ ਕਾਨੂੰਨ ਦਾ ਪਾਠ ਪਡ਼੍ਹਾਇਆ। ਟ੍ਰੈਫਿਕ ਅਧਿਕਾਰੀ ਪਰਮਜੀਤ ਸਿੰਘ ਨੇ ਲੋਕਾਂ ਦੀ ਸ਼ਿਕਾਇਤ ’ਤੇ ਆਪਣੇ ਮੋਟਰਸਾਇਕਲਾਂ ’ਤੇ ਪਟਾਕੇ ਵਜਾ ਕੇ ਦਹਿਸ਼ਤ ਪੈਦਾ ਕਰਨ ਵਾਲੇ ਮੋਟਰਸਾਇਕਲ ਸਵਾਰ ਚਾਲਕਾਂ ਦੀ ਕਲਾਸ ਲਗਾਈ ਤੇ ਉਨ੍ਹਾਂ ਦੇ ਚਾਲਾਨ ਕੱਟੇ। ਉਨ੍ਹਾਂ ਦੱਸਿਆ ਕਿ ਐੱਸ. ਐੱਸ. ਪੀ. ਸਤਿੰਦਰ ਸਿੰਘ ਦੇ ਹੁਕਮਾਂ ’ਤੇ ਕਿਸੇ ਨੂੰ ਵੀ ਕਾਨੂੰਨ ਹੱਥ ’ਚ ਲੈਣ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ। ਮੋਟਰਸਾਇਕਲ ’ਤੇ ਪਟਾਕੇ ਵਜਾਉਣ, ਪ੍ਰੈਸ਼ਰ ਹਾਰਨ ਲਗਾਉਣ ਵਾਲਿਆਂ ਦੇ ਮੋਟਰਸਾਇਕਲ ਥਾਣੇ ’ਚ ਬੰਦ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਆਉਣ ਵਾਲੇ ਦਿਨਾਂ ’ਚ ਹੋਰ ਤੇਜ਼ ਕੀਤੀ ਜਾਵੇਗੀ।
 


Related News