ਕੁੱਤਿਆਂ ਦੀ ਨਸਬੰਦੀ ''ਚ ਹੁਣ ਬਹਾਨੇਬਾਜ਼ੀ ਨਹੀਂ ਚੱਲੇਗੀ
Saturday, Feb 17, 2018 - 04:28 AM (IST)
ਜਲੰਧਰ, (ਖੁਰਾਣਾ)— ਮੇਅਰ ਜਗਦੀਸ਼ ਰਾਜ ਰਾਜਾ ਤੇ ਵਿਧਾਇਕ ਰਾਜਿੰਦਰ ਬੇਰੀ ਨੇ ਮਿਲ ਕੇ ਨਗਰ ਨਿਗਮ ਦੀ ਕਮਾਨ ਸੰਭਾਲਦਿਆਂ ਆਵਾਰਾ ਕੁੱਤਿਆਂ ਦੀ ਨਸਬੰਦੀ ਵਾਲੇ ਪ੍ਰਾਜੈਕਟ 'ਤੇ ਫੋਕਸ ਕੀਤਾ ਹੈ ਤੇ ਨਿਗਮ ਸਟਾਫ 'ਤੇ ਸ਼ਿਕੰਜਾ ਕੱਸਦਿਆਂ ਸਾਫ ਸ਼ਬਦਾਂ ਵਿਚ ਕਹਿ ਦਿੱਤਾ ਹੈ ਕਿ ਹੁਣ ਇਸ ਪ੍ਰਾਜੈਕਟ ਵਿਚ ਬਹਾਨੇਬਾਜ਼ੀ ਤੇ ਖਾਨਾਪੂਰਤੀ ਨਹੀਂ ਚੱਲੇਗੀ। ਸਟਾਫ ਨੂੰ ਹਰ ਸੋਮਵਾਰ 24 ਕੁੱਤਿਆਂ (ਨਰ ਜਾਂ ਮਾਦਾ) ਦੇ ਆਪ੍ਰੇਸ਼ਨ ਕਰਨੇ ਪੈਣਗੇ।
ਸਰਕਾਰੀ ਗਾਈਡਲਾਈਨ ਦਾ ਧਿਆਨ ਰੱਖ ਕੇ ਆਪ੍ਰੇਸ਼ਨਾਂ ਤੋਂ ਬਾਅਦ ਉਨ੍ਹਾਂ ਕੁੱਤਿਆਂ ਦੀ ਦੇਖ-ਭਾਲ ਕਰਨੀ ਹੋਵੇਗੀ। ਜ਼ਿਕਰਯੋਗ ਹੈ ਕਿ 50 ਲੱਖ ਰੁਪਏ ਦੀ ਲਾਗਤ ਨਾਲ ਨੰਗਲਸ਼ਾਮਾ ਵਿਚ ਨਵਾਂ ਡਾਗ ਕੰਪਾਊਂਡ ਬਣਾਉਣ ਤੋਂ ਬਾਅਦ ਨਿਗਮ ਨੇ ਉਥੇ ਆਪ੍ਰੇਸ਼ਨ ਆਦਿ ਸ਼ੁਰੂ ਕਰਨ ਲਈ ਲਗਭਗ 15 ਲੱਖ ਰੁਪਏ ਦਾ ਸਾਮਾਨ ਮੁਹੱਈਆ ਕਰਵਾਇਆ ਸੀ ਤੇ ਬੀਤੇ ਦਿਨੀਂ ਵਿਧਾਇਕ ਬੇਰੀ ਤੇ ਮੇਅਰ ਰਾਜਾ ਨੇ ਡਾਗ ਕੰਪਾਊਂਡ ਦਾ ਦੌਰਾ ਕੀਤਾ ਸੀ ਜਿੱਥੇ ਨਸਬੰਦੀ ਦਾ ਕੰਮ ਬੇਹੱਦ ਹੌਲੀ ਰਫਤਾਰ ਨਾਲ ਚੱਲ ਰਿਹਾ ਸੀ।
ਕੌਂਸਲਰਾਂ ਦੀ ਟੀਮ ਰੱਖੇਗੀ ਨਜ਼ਰ
ਬੈਠਕ ਵਿਚ ਮੇਅਰ ਜਗਦੀਸ਼ ਰਾਜਾ ਨੇ ਅਧਿਕਾਰੀਆਂ ਨੂੰ ਸਾਫ ਸ਼ਬਦਾਂ ਵਿਚ ਕਿਹਾ ਕਿ ਕੁਝ ਸਮੇਂ ਤੱਕ ਉਹ ਖੁਦ ਪ੍ਰਾਜੈਕਟ 'ਤੇ ਨਜ਼ਰ ਰੱਖਣਗੇ, ਬਾਅਦ ਵਿਚ ਉਥੋਂ ਦੇ ਤਿੰਨ ਕੌਂਸਲਰਾਂ 'ਤੇ ਆਧਾਰਿਤ ਇਕ ਕਮੇਟੀ ਬਣਾ ਦਿੱਤੀ ਜਾਵੇਗੀ ਜੋ ਡਾਗ ਕੰਪਾਊਂਡ ਦੇ ਕੰਮ ਦੀ ਰੂਟੀਨ ਵਿਚ ਜਾਂਚ ਕਰੇਗੀ। ਉਨ੍ਹਾਂ ਕਿਹਾ ਕਿ ਇਹ ਵੀ ਦੇਖਿਆ ਜਾਵੇਗਾ ਕਿ ਆਪ੍ਰੇਸ਼ਨ ਹੋਣ ਤੋਂ ਬਾਅਦ ਹਰ ਕੁੱਤੇ ਨੂੰ ਖਾਸ ਨਿਸ਼ਾਨੀ ਲਾਈ ਜਾਵੇ ਤਾਂ ਜੋ ਕਾਰਜਕੁਸ਼ਲਤਾ 'ਤੇ ਕੋਈ ਸਵਾਲ ਨਾ ਉਠੇ।
ਕੀ ਕਰੀਏ, ਕੁੱਤੇ ਹੀ ਨਹੀਂ ਮਿਲਦੇ
ਇਕ ਪਾਸੇ ਪੂਰਾ ਸ਼ਹਿਰ ਆਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੈ ਤੇ ਹਰ ਗਲੀ, ਮੁਹੱਲੇ ਦੇ ਲੋਕ ਇਨ੍ਹਾਂ ਕੁੱਤਿਆਂ ਦੀ ਦਹਿਸ਼ਤ ਵਿਚ ਜੀਅ ਰਹੇ ਹਨ ਪਰ ਨਸਬੰਦੀ ਲਈ ਕੁੱਤੇ ਫੜਨ ਵਾਲੇ ਸਟਾਫ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫੜਨ ਲਈ ਕੁੱਤੇ ਹੀ ਨਹੀਂ ਮਿਲਦੇ। ਮੇਅਰ ਰਾਜਾ ਤੇ ਹੋਰ ਕੌਂਸਲਰਾਂ ਨੇ ਇਸ ਗੱਲ 'ਤੇ ਹੈਰਾਨੀ ਜ਼ਾਹਿਰ ਕੀਤੀ। ਕੁੱਝ ਕੌਂਸਲਰਾਂ ਨੇ ਅਧਿਕਾਰੀਆਂ ਨੂੰ ਕੁੱਤੇ ਮੁਹੱਈਆ ਤੱਕ ਕਰਵਾਉਣ ਦਾ ਭਰੋਸਾ ਦਿੱਤਾ। ਚਿਕਚਿਕ ਹਾਊਸ ਦੇ ਜਸਵੀਰ ਬਿੱਟੂ ਨੇ ਵੀ ਕਿਹਾ ਕਿ ਆਦਰਸ਼ ਨਗਰ ਪਾਰਕ ਵਿਚ ਆ ਕੇ ਜਦੋਂ ਮਰਜ਼ੀ ਆਵਾਰਾ ਕੁੱਤੇ ਫੜੇ ਜਾ ਸਕਦੇ ਹਨ। ਬੈਠਕ ਵਿਚ ਡਾ. ਰਾਜ ਕਮਲ, ਕੌਂਸਲਰ ਮਨਦੀਪ ਜੱਸਲ, ਸ਼ਮਸ਼ੇਰ ਸਿੰਘ ਖਹਿਰਾ, ਨਿਰਮਲ ਸਿੰਘ ਨਿੰਮਾ ਤੇ ਰਵੀ ਸੈਣੀ ਵੀ ਮੌਜੂਦ ਸਨ।
ਨੈੱਟ ਤੇ ਹੋਰ ਸਾਮਾਨ ਮੁਹੱਈਆ ਕਰਵਾਇਆ
ਪਿਛਲੇ ਦੌਰੇ ਦੇ ਸਮੇਂ ਪ੍ਰਾਜੈਕਟ ਦੀ ਹੌਲੀ ਗਤੀ ਬਾਰੇ ਅਧਿਕਾਰੀਆਂ ਨੇ ਕਿਹਾ ਸੀ ਕਿ ਉਨ੍ਹਾਂ ਕੋਲ ਕੁੱਤੇ ਫੜਨ ਲਈ ਨੈੱਟ, ਸੁਰੱਖਿਆ ਉਪਕਰਨ ਤੇ ਗੱਡੀਆਂ ਆਦਿ ਨਹੀਂ ਹਨ। ਇਸ ਤੋਂ ਬਾਅਦ ਮੇਅਰ ਰਾਜਾ ਨੇ ਹੁਣ ਇਸ ਸਟਾਫ ਨੂੰ ਵਰਦੀਆਂ ਤੇ ਨੈੱਟ ਮੁਹੱਈਆ ਕਰਵਾ ਦਿੱਤੇ ਹਨ ਤੇ ਨਿਰਦੇਸ਼ ਦਿੱਤੇ ਹਨ ਕਿ ਵਰਕਸ਼ਾਪ ਵਿਚ ਖੜ੍ਹੀਆਂ ਫੌਗਿੰਗ ਵਾਲੀਆਂ ਛੋਟੀਆਂ ਗੱਡੀਆਂ ਨੂੰ ਕੁੱਤੇ ਫੜਨ ਲਈ ਵਰਤੋਂ ਵਿਚ ਲਿਆਂਦਾ ਜਾਵੇ।
ਮਦਦ ਲਈ ਅੱਗੇ ਆਉਣ ਲੱਗੇ ਲੋਕ
ਕੁੱਤਿਆਂ ਦੀ ਨਸਬੰਦੀ ਦੇ ਇਸ ਪ੍ਰਾਜੈਕਟ ਵਿਚ ਹੁਣ ਲੋਕਾਂ ਨੇ ਵੀ ਸਹਿਯੋਗ ਦੇਣਾ ਸ਼ੁਰੂ ਕਰ ਦਿੱਤਾ ਹੈ। ਵਿਧਾਇਕ ਬੇਰੀ ਤੇ ਮੇਅਰ ਰਾਜਾ ਦੀ ਪਹਿਲ 'ਤੇ ਕਾਂਗਰਸੀ ਆਗੂ ਸੁਦੇਸ਼ ਵਿੱਜ ਨੇ ਆਫਰ ਦਿੱਤੀ ਹੈ ਕਿ ਉਹ ਬ੍ਰੈੱਡ ਦੀ ਰਹਿੰਦ-ਖੂੰਹਦ ਆਦਿ ਡਾਗ ਕੰਪਾਊਂਡ ਨੂੰ ਰੋਜ਼ਾਨਾ ਮੁਹੱਈਆ ਕਰਵਾਉਣਗੇ। ਚਿਕਚਿਕ ਹਾਊਸ ਦੇ ਮਾਲਕ ਜਸਵੀਰ ਬਿੱਟੂ ਨੇ ਕੁੱਤਿਆਂ ਦੀ ਦੇਖ-ਭਾਲ ਤੇ ਖਾਣ ਲਈ ਕੱਚਾ ਮਾਸ ਤੇ ਹੱਡੀਆਂ ਆਦਿ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਹੈ।
