ਪੈਸੇ ਜੇਬ ''ਚੋਂ ਲਾ ਕੇ ਠੇਕੇਦਾਰ ਘੁੰਮਦੇ ਮਾਰੇ-ਮਾਰੇ
Thursday, Oct 05, 2017 - 10:30 AM (IST)
ਅੰਮ੍ਰਿਤਸਰ (ਵੜੈਚ) - ਗੁਰੂ ਨਗਰੀ ਦੇ 65 ਵਾਰਡਾਂ ਦੇ ਵਿਕਾਸ ਕੰਮਾਂ ਲਈ ਵੱਖ-ਵੱਖ ਇਲਾਕਿਆਂ 'ਚ ਵਿਕਾਸ ਕੰਮ ਕਰਨ ਵਾਲੇ ਇੰਪਰੂਵਮੈਂਟ ਟਰੱਸਟ ਦੇ ਠੇਕੇਦਾਰ ਆਪਣੇ ਪੈਸੇ ਲੈਣ ਲਈ ਮਾਰੇ-ਮਾਰੇ ਫਿਰ ਰਹੇ ਹਨ। ਸਰਕਾਰ ਵੱਲੋਂ ਪੈਸੇ ਨਾ ਮਿਲਣ ਦੀ ਸੂਰਤ 'ਚ ਠੇਕੇਦਾਰ ਪਹਿਲਾਂ ਤੋਂ ਹੀ ਨਵੇਂ ਟੈਂਡਰਾਂ ਦਾ ਬਾਈਕਾਟ ਕਰਨ ਦਾ ਐਲਾਨ ਕਰ ਚੁੱਕੇ ਹਨ।
ਪ੍ਰੇਸ਼ਾਨ ਠੇਕੇਦਾਰਾਂ ਨੇ ਪੈਸੇ ਲੈਣ ਦੀ ਮੰਗ ਕਰਦਿਆਂ ਬੱਚਤ ਭਵਨ ਵਿਚ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੂੰ ਮੰਗ ਪੱਤਰ ਦਿੰਦਿਆਂ ਠੇਕੇਦਾਰਾਂ ਦੀ ਬਣਦੀ ਰਾਸ਼ੀ ਦੇ ਚੈੱਕ ਮੁਹੱਈਆ ਕਰਵਾਉਣ ਦੀ ਮੰਗ ਕੀਤੀ। ਠੇਕੇਦਾਰ ਸੰਦੀਪ ਸੂਦ, ਬੱਬੂ ਭਾਟੀਆ, ਵਿਸ਼ਾਲ ਮਹਿਤਾ, ਪਵਨ ਤਲਵਾੜ, ਅਜੇਪਾਲ ਸਿੰਘ ਤੇ ਬਸੰਤ ਤਲਵਾੜ ਨੇ ਕਿਹਾ ਕਿ ਸ਼ਹਿਰ ਵਿਚ ਗਲੀਆਂ, ਸੜਕਾਂ, ਸੀਵਰੇਜ, ਵਾਟਰ ਸਪਲਾਈ, ਫੁੱਟਪਾਥ, ਪਾਰਕਾਂ ਤੇ ਹੋਰ ਕੰਮਾਂ ਦੇ ਵਿਕਾਸ ਦੌਰਾਨ ਪੈਸੇ ਲਾਏ ਗਏ ਪਰ ਟਰੱਸਟ ਵੱਲੋਂ ਉਨ੍ਹਾਂ ਦਾ ਪੈਸਿਆਂ ਦਾ ਭੁਗਤਾਨ ਨਾ ਹੋਣ ਕਰ ਕੇ ਠੇਕੇਦਾਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੰਮਕਾਜ ਵਿਚ ਆਈ ਮੰਦੀ ਕਾਰਨ ਕਈਆਂ ਦੇ ਘਰਾਂ ਦੇ ਗੁਜ਼ਾਰੇ ਹੋਣੇ ਮੁਸ਼ਕਿਲ ਹੋ ਗਏ ਹਨ। ਉਨ੍ਹਾਂ ਨੇ ਟਰੱਸਟ ਅਧਿਕਾਰੀਆਂ ਤੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਠੇਕੇਦਾਰਾਂ ਦੀ ਰਕਮ ਦਾ ਤੁਰੰਤ ਭੁਗਤਾਨ ਕਰਵਾਇਆ ਜਾਵੇ।
