ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ
Friday, Dec 06, 2024 - 06:37 PM (IST)
ਗੁਰਦਾਸਪੁਰ (ਹਰਮਨ)-ਪੰਜ ਸਾਲ ਪਹਿਲਾਂ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਖੋਲ੍ਹਣ ਦੀ ਮਿਲੀ ਸਹੂਲਤ ਦੇ ਬਾਵਜੂਦ ਗੁਰਦੁਆਰਾ ਸਾਹਿਬ ਦੇ ਦਰਸ਼ਨ ਅਭਿਲਾਖੀ ਸ਼ਰਧਾਲੂਆਂ ਨੂੰ ਕਈ ਮਾਮਲਿਆਂ ਵਿਚ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤਹਿਤ ਹੁਣ ਦਸੰਬਰ ਦੀਆਂ ਛੁੱਟੀਆਂ ਦੌਰਾਨ ਭਾਰਤੀ ਨਾਗਰਿਕਾਂ ਨੂੰ ਅਪਲਾਈ ਕਰਨ ਲਈ 20 ਤੋਂ 30 ਦਸੰਬਰ ਤੱਕ ਦਾ ਕੋਈ ਸਲਾਟ ਨਾ ਮਿਲਣ ਕਾਰਨ ਸ਼ਰਧਾਲੂਆਂ ’ਚ ਰੋਸ ਪਾਇਆ ਜਾ ਰਿਹਾ ਹੈ।
ਇਸ ਸਬੰਧੀ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਦਿਲਬੀਰ ਫਾਊਂਡੇਸ਼ਨ ਅੰਮ੍ਰਿਤਸਰ ਦੇ ਪ੍ਰਧਾਨ ਗੁਨਬੀਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੇ 9 ਨਵੰਬਰ 2019 ਨੂੰ ਉਕਤ ਲਾਂਘਾ ਖੋਲ੍ਹਣ ਦੀ ਰਸਮੀ ਸ਼ੁਰੂਆਤ ਕੀਤੀ ਸੀ। ਬੇਸ਼ੱਕ ਉਸ ਸਮੇਂ ਤੋਂ ਸ਼ਰਧਾਲੂ ਪਾਕਿਸਤਾਨ ਵਿਚ ਜਾ ਕੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਅੰਤਿਮ ਵਿਸ਼ਰਾਮ ਸਥਾਨ ਦੇ ਦਰਸ਼ਨਾਂ ਲਈ ਪਾਸਪੋਰਟ ਦੀ ਸ਼ਰਤ ਹਟਾਉਣ ਸਮੇਤ ਹੋਰ ਕਈ ਮੰਗਾਂ ਕਰਦੇ ਆ ਰਹੇ ਹਨ ਪਰ ਅਜੇ ਤੱਕ ਮੰਗਾਂ ਪੂਰੀਆਂ ਨਹੀਂ ਹੋਈਆਂ। ਫਿਰ ਵੀ ਸ਼ਰਧਾਲੂ ਸਾਰੀਆਂ ਸ਼ਰਤਾਂ ਪੂਰੀਆਂ ਕਰ ਕੇ ਉਕਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਪੂਰੇ ਉਤਸ਼ਾਹ ਨਾਲ ਜਾਂਦੇ ਹਨ ਪਰ ਬਹੁਤ ਸਾਰੇ ਸ਼ਰਧਾਲੂ ਜਾਣਾ ਤਾਂ ਚਾਹੁੰਦੇ ਹਨ ਪਰ ਉਹ ਸ਼ਰਤਾਂ ਪੂਰੀਆਂ ਨਾ ਕਰ ਸਕਣ ਕਾਰਨ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਵਾਂਝੇ ਰਹਿ ਰਹੇ ਹਨ।
ਇਹ ਵੀ ਪੜ੍ਹੋ- ਦਸੰਬਰ 'ਚ ਛੁੱਟੀਆਂ ਹੀ ਛੁੱਟੀਆਂ, ਇੰਨੇ ਦਿਨ ਪੰਜਾਬ 'ਚ ਸਕੂਲ ਰਹਿਣਗੇ ਬੰਦ
ਉਨ੍ਹਾਂ ਕਿਹਾ ਕਿ ਲਾਂਘਾ ਖੋਲ੍ਹਣ ਮੌਕੇ ਐਲਾਨ ਕੀਤਾ ਗਿਆ ਸੀ ਕਿ ਰੋਜ਼ਾਨਾ 5000 ਸ਼ਰਧਾਲੂਆਂ ਨੂੰ (ਵਿਸ਼ੇਸ਼ ਦਿਨਾਂ ਮੌਕੇ 10000) ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਦੀ ਆਗਿਆ ਦਿੱਤੀ ਜਾਵੇਗੀ ਪਰ ਬਾਅਦ ਵਿਚ ਕੋਰੋਨਾ ਮਹਾਮਾਰੀ ਦੌਰਾਨ ਇਹ ਲਾਂਘਾ ਲੰਮਾ ਸਮਾਂ ਬੰਦ ਰਿਹਾ ਅਤੇ 17 ਨਵੰਬਰ 2021 ਨੂੰ ਦੁਬਾਰਾ ਖੋਲ੍ਹਿਆ ਗਿਆ। ਉਸ ਸਾਲ ਦੌਰਾਨ 10025 ਸ਼ਰਧਾਲੂਆਂ ਨੇ ਯਾਤਰਾ ਕੀਤੀ। 2022 ’ਚ 86097 ਅਤੇ 2023 ’ਚ 96555 ਨੇ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕੀਤੇ। ਉਨ੍ਹਾਂ ਕਿਹਾ ਕਿ ਹੁਣ ਜਦੋਂ ਸਭ ਕੁਝ ਠੀਕ ਹੈ ਤਾਂ ਵੀ ਸ਼ਰਧਾਲੂਆਂ ਨੂੰ ਆਪਣੀ ਮਰਜ਼ੀ ਦੇ ਦਿਨਾਂ ਵਿਚ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਤੋਂ ਰੋਕਿਆ ਜਾ ਰਿਹਾ ਹੈ, ਜਿਸ ਦੀ ਮਿਸਾਲ ਹੁਣ 20 ਦਸੰਬਰ ਤੋਂ 30 ਦਸੰਬਰ ਤੱਕ ਦੇ ਸਾਰੇ ਸਲਾਟ ਬੁਕਿੰਗ ਲਈ ਬੰਦ ਕਰ ਦਿੱਤੇ ਜਾਣ ਤੋਂ ਮਿਲਦੀ ਹੈ।
ਇਹ ਵੀ ਪੜ੍ਹੋ- ਪੰਜਾਬ ਤੇ ਚੰਡੀਗੜ੍ਹ 'ਚ ਮੀਂਹ ਦੀ ਸੰਭਾਵਨਾ, ਇਹ ਜ਼ਿਲ੍ਹਿਆਂ 'ਚ ਸੰਘਣੀ ਧੁੰਦ ਦਾ ਅਲਰਟ ਜਾਰੀ
ਉਨ੍ਹਾਂ ਕਿਹਾ ਕਿ ਦਸੰਬਰ ਦੀਆਂ ਇਨ੍ਹਾਂ ਛੁੱਟੀਆਂ ਕਾਰਨ ਬੱਚਿਆਂ ਕੋਲ ਟਾਈਮ ਹੁੰਦਾ ਹੈ ਅਤੇ ਇਨ੍ਹਾਂ ਦਿਨਾਂ ਵਿਚ ਗੁਰਪੁਰਬ ਵੀ ਹਨ। ਇਸ ਦੇ ਨਾਲ ਹੀ ਵੱਖ-ਵੱਖ ਥਾਵਾਂ ਤੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਉਣ ਵਾਲੇ ਸ਼ਰਧਾਲੂ ਵੀ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣਾ ਚਾਹੁੰਦੇ ਹਨ। ਇਸ ਦੇ ਚਲਦਿਆਂ ਇਨ੍ਹਾਂ ਦਿਨਾਂ ਵਿਚ ਸੰਗਤ ਦੀ ਗਿਣਤੀ ਹੋਰ ਵੀ ਵਧ ਸਕਦੀ ਹੈ ਪਰ ਸਲਾਟ ਬੰਦ ਕਰ ਦਿੱਤੇ ਜਾਣ ਕਾਰਨ ਸ਼ਰਧਾਲੂਆਂ ’ਚ ਰੋਸ ਹੈ। ਇਕ ਪਾਸੇ ਸਬੰਧਤ ਅਥਾਰਟੀ ਇਹ ਦਾਅਵਾ ਕਰਦੀ ਹੈ ਕਿ 5000 ਹਜ਼ਾਰ ਸ਼ਰਧਾਲੂ ਜਾਣ ਦੀ ਵਿਵਸਥਾ ਹੋਣ ਦੇ ਬਾਵਜੂਦ ਔਸਤਨ 250-300 ਸ਼ਰਧਾਲੂ ਜਾਂਦੇ ਹਨ ਪਰ ਜਿਹੜੇ ਦਿਨਾਂ ਵਿਚ ਜ਼ਿਆਦਾ ਸ਼ਰਧਾਲੂ ਜਾਣਾ ਚਾਹੁੰਦੇ ਹਨ, ਉਨ੍ਹਾਂ ਦਿਨਾਂ ਵਿਚ ਬੁਕਿੰਗ ਲਈ ਸਲਾਟ ਹੀ ਨਹੀਂ ਦਿੱਤੇ ਜਾ ਰਹੇ। ਉਨ੍ਹਾਂ ਇਹ ਵੀ ਰੋਸ ਜ਼ਾਹਿਰ ਕੀਤਾ ਕਿ 2019 ’ਚ ਡੇਰਾ ਬਾਬਾ ਨਾਨਕ ਵਿਕਾਸ ਅਥਾਰਟੀ ਦਾ ਗਠਨ ਹੋਣ ਦੇ ਬਾਵਜੂਦ ਇਸ ਖੇਤਰ ਦੇ ਸਰਵਪੱਖੀ ਵਿਕਾਸ, ਇਸ ਦੇ ਸੜਕੀ ਢਾਂਚੇ ਅਤੇ ਸਹੂਲਤਾਂ ਵੱਲ ਬਹੁਤ ਘੱਟ ਕੰਮ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ ’ਤੇ ਹਵਾਈ ਸਹੂਲਤਾਂ ਹੋਣਗੀਆਂ ਅਪਗ੍ਰੇਡ
ਦਿਲਬੀਰ ਫਾਊਂਡੇਸ਼ਨ ਨੇ ਕੇਂਦਰ ਸਰਕਾਰ ਕੋਲ ਚੁੱਕਿਆ ਮੁੱਦਾ
ਦਿਲਬੀਰ ਫਾਊਂਡੇਸ਼ਨ ਨੇ ਕੇਂਦਰੀ ਵਿਦੇਸ਼ ਮੰਤਰਾਲੇ ਨੂੰ ਇਸ ਮੁੱਦੇ ਨੂੰ ਸੁਲਝਾਉਣ ਦੀ ਅਪੀਲ ਕੀਤੀ ਹੈ। ਫਾਊਂਡੇਸ਼ਨ ਦੇ ਪ੍ਰਧਾਨ ਗੁਨਬੀਰ ਸਿੰਘ ਨੇ ਪੰਜਾਬ ਸੂਬਾ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਬੇਇਨਸਾਫੀ ਨੂੰ ਜਲਦੀ ਤੋਂ ਜਲਦੀ ਕੇਂਦਰ ਸਰਕਾਰ ਕੋਲ ਪਹੁੰਚ ਕਰਕੇ ਇਸ ਨੂੰ ਸੁਧਾਰਨ ਵਿਚ ਮਦਦ ਕਰਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8