ਪਤੀ ਨੂੰ ਸਾੜਣ ਵਾਲੀ ਪਤਨੀ ਅਤੇ ਪੁੱਤਰ ਦੋਸ਼ੀ ਕਰਾਰ

02/19/2020 3:21:03 PM

ਚੰਡੀਗੜ੍ਹ (ਸੰਦੀਪ) : ਪਤੀ ਨੂੰ ਅੱਗ ਹਵਾਲੇ ਕਰਨ ਦੇ ਮਾਮਲੇ 'ਚ ਕਾਤਲ ਪਤਨੀ ਊਸ਼ਾ ਅਤੇ ਬੇਟੇ ਵਿੱਕੀ ਨੂੰ ਜ਼ਿਲਾ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ। ਦੋਸ਼ੀਆਂ ਨੂੰ 24 ਫਰਵਰੀ ਨੂੰ ਸਜ਼ਾ ਸੁਣਾਈ ਜਾਵੇਗੀ। ਦੋਸ਼ੀਆਂ ਨੇ ਸਾਲ 2017 'ਚ ਰਾਮ ਦਰਬਾਰ ਸਥਿਤ ਘਰ 'ਚ ਰਾਜਕੁਮਾਰ ਨੂੰ ਅੱਗ ਹਵਾਲੇ ਕਰ ਦਿੱਤਾ ਸੀ। ਝੁਲਸੀ ਹੋਈ ਹਾਲਤ 'ਚ ਰਾਜਕੁਮਾਰ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਹੀ ਉਸਦੀ ਮੌਤ ਹੋ ਗਈ ਸੀ। ਥਾਣਾ ਪੁਲਸ ਨੇ ਰਾਜਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ ਹੀ ਉਸਦੀ ਪਤਨੀ ਊਸ਼ਾ ਅਤੇ ਬੇਟੇ ਵਿੱਕੀ ਖਿਲਾਫ ਪਹਿਲਾਂ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਸੀ ਪਰ ਰਾਜਕੁਮਾਰ ਦੀ ਮੌਤ ਤੋਂ ਬਾਅਦ ਇਸ 'ਚ ਕਤਲ ਦੀ ਧਾਰਾ ਜੋੜ ਦਿੱਤੀ ਗਈ ਸੀ।

ਪਤਨੀ ਨਾਲ ਹੋਇਆ ਸੀ ਵਿਵਾਦ
ਰਾਮਦਰਬਾਰ ਦੇ ਰਹਿਣ ਵਾਲੇ ਰਾਜਕੁਮਾਰ ਦੀ ਸ਼ਿਕਾਇਤ 'ਤੇ 29 ਜੂਨ, 2017 'ਚ ਦਰਜ ਕੀਤੇ ਗਏ ਕੇਸ ਅਨੁਸਾਰ ਉਸ ਨੇ ਪੁਲਸ ਨੂੰ ਦੱਸਿਆ ਸੀ ਕਿ ਉਹ ਪ੍ਰਾਈਵੇਟ ਕੰਮ ਕਰਦਾ ਹੈ। ਘਟਨਾ ਵਾਲੀ ਸਵੇਰ ਉਸਦਾ ਆਪਣੀ ਪਤਨੀ ਊਸ਼ਾ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਸੀ ਪਰ ਜਦੋਂ ਦੋਵਾਂ 'ਚ ਵਿਵਾਦ ਵੱਧ ਗਿਆ ਤਾਂ ਉਸਦੀ ਪਤਨੀ ਨੇ ਬੇਟੇ ਨਾਲ ਮਿਲਕੇ ਉਸ 'ਤੇ ਤੇਲ ਪਾਕੇ ਉਸ ਨੂੰ ਕਮਰੇ 'ਚ ਬੰਦ ਕਰ ਦਿੱਤਾ। ਇਸ ਤੋਂ ਬਾਅਦ ਬੇਟੇ ਨੇ ਉਸਨੂੰ ਅੱਗ ਲਗਾ ਦਿੱਤੀ। ਅੱਗ ਲੱਗਦੇ ਹੀ ਉਸਦੇ ਨਾਲ ਹੀ ਅੱਗ ਕਮਰੇ 'ਚ ਵੀ ਫੈਲ ਗਈ ਜਿਸ ਕਾਰਨ ਕਮਰੇ 'ਚ ਪਏ ਬੈੱਡ, ਸੋਫੇ ਸਮੇਤ ਹੋਰ ਸਾਮਾਨ ਨੂੰ ਅੱਗ ਲੱਗ ਗਈ। ਅੱਗ ਲੱਗਦੇ ਹੀ ਉਸਨੇ ਕਮਰੇ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਦਰਵਾਜ਼ਾ ਬੰਦ ਹੋਣ ਦੇ ਕਾਰਨ ਉਹ ਬਾਹਰ ਨਹੀਂ ਨਿਕਲ ਸਕਿਆ। ਜੱਦੋ ਜਹਿਦ ਨਾਲ ਉਹ ਬਾਥਰੂਮ 'ਚ ਜਾ ਕੇ ਲੁੱਕ ਗਿਆ ਅਤੇ ਉੱਥੇ ਜਾਕੇ ਜਾਨ ਬਚਾਈ ਪਰ ਤਦ ਤਕ ਉਹ ਬੁਰੀ ਤਰ੍ਹਾਂ ਝੁਲਸ ਚੁੱਕਿਆ ਸੀ। ਗੁਆਂਢੀਆਂ ਨੇ ਇਸਦੀ ਸੂਚਨਾ ਫਾਇਰ ਵਿਭਾਗ ਅਤੇ ਪੁਲਸ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਰਾਜਕੁਮਾਰ ਨੂੰ ਸੈਕਟਰ-32 ਹਸਪਤਾਲ ਪਹੁੰਚਾਇਆ। ਡਾਕਟਰਾਂ ਅਨੁਸਾਰ ਇਸ ਹਾਦਸੇ 'ਚ ਰਾਜਕੁਮਾਰ ਦਾ ਸਰੀਰ 50 ਫ਼ੀਸਦੀ ਸੜ ਚੁੱਕਿਆ ਸੀ। ਪੁਲਸ ਨੇ ਪੀੜਤ ਦੀ ਸ਼ਿਕਾਇਤ 'ਤੇ ਪਤਨੀ ਅਤੇ ਬੇਟੇ ਖਿਲਾਫ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਲਿਆ ਪਰ ਬਾਅਦ 'ਚ ਉਸਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਪੁਲਸ ਨੇ ਕੇਸ 'ਚ ਕਤਲ ਦੀ ਧਾਰਾ ਜੋੜੀ ਸੀ।


Anuradha

Content Editor

Related News