‘ਮਨੁੱਖਤਾ ਦੀ ਸੁਰੱਖਿਆ ਲਈ ਚੁਗਿਰਦੇ ਦੀ ਰਾਖੀ ਜ਼ਰੂਰੀ , ਆਓ ਰਲ-ਮਿਲ ਕੇ ਧਰਤੀ ਨੂੰ ਬਚਾਈਏ’

Saturday, Jun 05, 2021 - 10:04 AM (IST)

‘ਮਨੁੱਖਤਾ ਦੀ ਸੁਰੱਖਿਆ ਲਈ ਚੁਗਿਰਦੇ ਦੀ ਰਾਖੀ ਜ਼ਰੂਰੀ , ਆਓ ਰਲ-ਮਿਲ ਕੇ ਧਰਤੀ ਨੂੰ ਬਚਾਈਏ’

ਜੋ ਭੋਜਨ ਅਸੀਂ ਖਾਂਦੇ ਹਾਂ, ਜਿਸ ਹਵਾ ’ਚ ਅਸੀਂ ਸਾਹ ਲੈਂਦੇ ਹਾਂ, ਜੋ ਪਾਣੀ ਅਸੀਂ ਪੀਂਦੇ ਹਾਂ ਜਾਂ ਇਹ ਕਹੋ ਕਿ ਜੋ ਇਹ ਵਾਤਾਵਰਣ ਜੋ ਸਾਡੀ ਧਰਤੀ ਨੂੰ ਜਿਊਣ ਦੇ ਅਨੁਕੂਲ ਬਣਾਉਂਦਾ ਹੈ, ਉਹ ਸਭ ਸਾਨੂੰ ਕੁਦਰਤ ਤੋਂ ਮਿਲਦਾ ਹੈ। ਇਸ ਦਾ ਮਤਲਬ ਸਾਫ਼ ਹੈ ਕਿ ਇਸ ਬ੍ਰਹਿਮੰਡ ਨੂੰ ਚਲਾਉਣ ’ਚ ਚੌਗਿਰਦੇ ਦੀ ਖ਼ਾਸ ਅਹਿਮੀਅਤ ਹੁੰਦੀ ਹੈ। ਜਦੋਂ ਚੌਗਿਰਦੇ ਨੇ ਸਾਨੂੰ ਇੰਨਾ ਕੁਝ ਦਿੱਤਾ ਹੈ ਤਾਂ ਸਾਨੂੰ ਵੀ ਉਸ ਦੀ ਸੁਰੱਖਿਆ ਨੂੰ ਯਕੀਨੀ ਕਰਨਾ ਚਾਹੀਦਾ ਹੈ।

ਚੌਗਿਰਦੇ ਨੂੰ ਬਚਾ ਕੇ ਹੀ ਬਚ ਸਕਦੇ ਹਾਂ ਮਹਾਮਾਰੀਆਂ ਤੋਂ
ਇਸ ਕੋਰੋਨਾ ਵਰਗੀ ਮਹਾਮਾਰੀ ਦੇ ਇਸ ਦੌਰ ’ਚ ਇਨਸਾਨ ਆਪਣੇ ਜੀਵਨ ਦੀ ਰੱਖਿਆ ਲਈ ਚਿੰਤਤ ਹੈ। ਇਨਸਾਨ ਨੂੰ ਭੁਲ-ਭੁਲੇਖੇ ’ਚ ਹੀ ਸਹੀ, ਇਹ ਮਹਾਮਾਰੀ ਇਕ ਸਿੱਖਿਆ ਵੀ ਦੇ ਰਹੀ ਹੈ ਕਿ ਸਾਨੂੰ ਆਪਣੇ ਚੌਗਿਰਦੇ ਨੂੰ ਕਿਸ ਤਰ੍ਹਾਂ ਸੁਰੱਖਿਅਤ ਰੱਖਣਾ ਚਾਹੀਦਾ ਹੈ। ਆਪਣੀਆਂ ਸੁੱਖ ਸਹੂਲਤਾਂ ਅਤੇ ਵਿਕਾਸ ਦੀ ਆੜ ’ਚ ਜੇ ਚੌਗਿਰਦੇ ਨੂੰ ਸੰਤੁਲਿਤ ਬਣਾ ਕੇ ਅਸੀਂ ਨਹੀਂ ਰੱਖਦੇ ਤਾਂ ਸਾਨੂੰ ਅਜਿਹੀਆਂ ਹੀ ਮਹਾਮਾਰੀਆਂ, ਭੂਚਾਲ, ਹੜ੍ਹ, ਸਮੁੰਦਰੀ ਤੂਫਾਨ ਅਤੇ ਪਰਲੋ ਵਰਗੀਆਂ ਆਫਤਾਂ ਨਾਲ ਮੁਕਾਬਲਾ ਕਰਨਾ ਪੈ ਸਕਦਾ ਹੈ। ਇਹ ਸਮਾਂ ਸਾਡੇ ਸਾਰਿਆਂ ਦੇ ਜਾਗਣ ਦਾ ਹੈ। ਆਪਣੀ ਆਵਾਜ਼ ਨੂੰ ਉਠਾਉਣ ਦਾ ਵੀ ਇਹੀ ਸਮਾਂ ਹੈ। ਧਰਤੀ ਨੂੰ ਮੁੜ ਤੋਂ ਸਵਰਗ ਵੀ ਹੁਣ ਬਣਾਇਆ ਜਾ ਸਕਦਾ ਹੈ।

ਪਾਣੀ ਦੀ ਬੂੰਦ-ਬੂੰਦ ਨੂੰ ਬਚਾਉਣਾ ਹੋਵੇਗਾ
ਸਾਡੇ ਘਰਾਂ ’ਚ ਪਾਣੀ ਦੀ ਜੋ ਟੈਂਕੀ ਲੱਗੀ ਹੋਈ ਹੈ, ਉਸ ’ਤੇ ਆਟੋ ਕੱਟ ਦਾ ਸਿਸਟਮ ਜ਼ਰੂਰ ਲਾਉਣਾ ਚਾਹੀਦਾ ਹੈ ਤਾਂ ਜੋ ਪਾਣੀ ਦੀ ਟੈਂਕੀ ਭਰਨ ’ਤੇ ਮੋਟਰ ਆਪਣੇ ਆਪ ਬੰਦ ਹੋ ਜਾਏ। ਇਹ ਸਿਸਟਮ 700-800 ਰੁਪਏ ’ਚ ਹੀ ਲੱਗ ਜਾਂਦਾ ਹੈ। 99 ਫੀਸਦੀ ਘਰਾਂ ’ਚ ਟੈਂਕੀ ਭਰ ਜਾਣ ’ਤੇ ਪਾਣੀ ਫਜ਼ੂਲ ਵਗਦਾ ਰਹਿੰਦਾ ਹੈ। ਇਕ ਘਰ ਦੀ ਟੈਂਕੀ ਰਾਹੀਂ ਇਕ ਸਾਲ ’ਚ ਹਜ਼ਾਰਾਂ ਲਿਟਰ ਪਾਣੀ ਬੇਕਾਰ ਚਲਾ ਜਾਂਦਾ ਹੈ। ਪਾਣੀ ਨੂੰ ਬਚਾਉਣ ਲਈ 200 ਵਰਗ ਗਜ਼ ਤੋਂ ਵੱਡੇ ਘਰਾਂ, ਫੈਕਟਰੀਆਂ ਅਤੇ ਸਕੂਲਾਂ ਆਦਿ ’ਚ ਰੇਨਵਾਟਰ ਹਾਰਵੈਸਟਿੰਗ ਸਿਸਟਮ ਨੂੰ ਲਾਉਣਾ ਜ਼ਰੂਰੀ ਕਰਾਰ ਦਿੱਤਾ ਜਾਣਾ ਚਾਹੀਦਾ ਹੈ। ਸ਼ਾਵਰ ਦੀ ਥਾਂ ਬਾਲਟੀ ’ਚ ਪਾਣੀ ਭਰ ਕੇ ਨਹਾਉਣਾ ਚਾਹੀਦਾ ਹੈ। ਜੇ ਸ਼ਾਵਰ ਨਾਲ ਹੀ ਨਹਾਉਣਾ ਤਾਂ ਇਕ ਮਿੰਟ ਸ਼ਾਵਰ ਨੂੰ ਵੀ ਘੱਟ ਕਰ ਕੇ ਤੁਸੀਂ ਮਹੀਨੇ ’ਚ 500 ਲਿਟਰ ਪਾਣੀ ਬਚਾ ਸਕਦੇ ਹੋ।

ਇੰਝ ਵੀ ਭਾਰੀ ਮਾਤਰਾ ’ਚ ਪਾਣੀ ਨੂੰ ਬਚਾਇਆ ਜਾ ਸਕਦੈ
ਆਰ.ਓ. ਸਿਸਟਮ ਦੀ ਸਭ ਘਰਾਂ ’ਚ ਲੋੜ ਨਹੀਂ ਹੈ, ਜਿੱਥੇ ਆਮ ਫਿਲਟਰ ਕੰਮ ਕਰਦਾ ਹੈ, ਉਸ ਨੂੰ ਹੀ ਲਾਓ। ਆਰ. ਓ. ਸਿਸਟਮ ਨਾਲ ਪੀਣ ਯੋਗ ਪਾਣੀ ਤੋਂ ਲਗਭਗ ਤਿੰਨ ਗੁਣਾ ਪਾਣੀ ਬੇਕਾਰ ਚਲਾ ਜਾਂਦਾ ਹੈ। ਜੇ ਅਸੀਂ ਆਰ.ਓ. ਦੇ ਇਸ ਫਜੂਲ ਰੁੜ੍ਹ ਰਹੇ ਪਾਣੀ ਨੂੰ ਇਕੱਠਾ ਕਰ ਲਈਏ ਤਾਂ ਇਹ ਪਾਣੀ ਘਰ ਦੀ ਸਫਾਈ, ਕੱਪੜੇ ਧੋਣ ਅਤੇ ਬੂਟਿਆਂ ਨੂੰ ਪਾਣੀ ਦੇਣ ਦੇ ਕੰਮ ’ਚ ਲਿਆਂਦਾ ਜਾ ਸਕਦਾ ਹੈ। ਕਾਰ ਅਤੇ ਟੂ-ਵ੍ਹੀਲਰ ਨੂੰ ਧੋਣ ਸਮੇਂ ਪਾਈਪ ਦੀ ਵਰਤੋਂ ਨਾ ਕਰਦੇ ਹੋਏ ਬਾਲਟੀ ’ਚ ਪਾਣੀ ਭਰ ਕੇ ਵਰਤੋਂ ਕਰਨ ਨਾਲ ਪਾਣੀ ਕਾਫੀ ਬਚਾਇਆ ਜਾ ਸਕਦਾ ਹੈ। ਸਿੰਚਾਈ ਲਈ ਡਰਿੱਪ ਸਿੰਚਾਈ ਯੋਜਨਾ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।

ਰੁੱਖਾਂ ਨੂੰ ਬਚਾਉਣ ਦੀ ਕਰੋ ਪਹਿਲ, ਬੂਟੇ ਲਾਉਣੇ ਜ਼ਰੂਰੀ
ਟਿਸ਼ੂ ਪੇਪਰ ਦੀ ਵਰਤੋਂ ਬਹੁਤ ਘੱਟ ਕਰੋ। ਇਸ ਦੀ ਥਾਂ ਰੁਮਾਲ ਦੀ ਵਰਤੋਂ ਕਰੋ। ਟਿਸ਼ੂ ਪੇਪਰ ਬਣਾਉਣ ਲਈ ਦੁਨੀਆ ’ਚ ਹਰ ਸਾਲ ਲੱਖਾਂ ਰੁੱਖਾਂ ਦੀ ਬਲੀ ਦਿੱਤੀ ਜਾਂਦੀ ਹੈ। ਪਾਲਿਥੀਨ ਨੂੰ ਨਾਂਹ ਕਰੋ। ਕੱਪੜੇ ਦੇ ਬਣੇ ਥੈਲਿਆਂ ਦੀ ਵਰਤੋਂ ਕਰੋ। ਵਧ ਤੋਂ ਵਧ ਰੁੱਖ ਲਾਓ। ਦੁਨੀਆ ਦੀ ਗੱਲ ਕਰੀਏ ਤਾਂ ਹਰ ਇਨਸਾਨ ਲਈ ਔਸਤ 422 ਰੁੱਖ ਬਚੇ ਹਨ। ਜੇ ਭਾਰਤ ਦੀ ਗੱਲ ਕਰੀਏ ਤਾਂ ਇਥੇ ਇਕ ਭਾਰਤੀ ਲਈ ਸਿਰਫ 28 ਰੁੱਖ ਹੀ ਬਚੇ ਹਨ। ਭਾਰਤ ’ਚ ਇਸ ਸਮੇਂ 150 ਕਰੋੜ ਰੁੱਖ ਲਾਉਣ ਦੀ ਲੋੜ ਹੈ। ਇਨ੍ਹਾਂ ਰੁੱਖਾਂ ’ਚੋਂ ਸਾਨੂੰ ਪਿੱਪਲ, ਬੋਹੜ, ਨਿੰਮ ਅਤੇ ਫਲਦਾਰ ਰੁੱਖ ਲਾਉਣੇ ਚਾਹੀਦੇ ਹਨ। ਸਜਾਵਟੀ ਰੁੱਖ, ਸਫੈਦਾ ਅਤੇ ਪਾਮ ਆਦਿ ਤਾਂ ਜ਼ਮੀਨ ਨੂੰ ਪਾਣੀ ਰਹਿਤ ਕਰ ਦਿੰਦੇ ਹਨ। ਜਿੱਥੋਂ ਤਕ ਸੰਭਵ ਹੋ ਸਕੇ, ਕਾਗਜ਼ ਲਿੱਖਣ ਲਈ ਦੋਹਾਂ ਪਾਸਿਆਂ ਤੋਂ ਵਰਤਿਆ ਜਾਵੇ ਕਿਉਂਕਿ ਦੁਨੀਆ ’ਚ ਕਰੋੜਾਂ ਰੁੱਖ ਕਾਗਜ਼ ਬਣਾਉਣ ਲਈ ਹਰ ਸਾਲ ਵੱਢ ਦਿੱਤੇ ਜਾਂਦੇ ਹਨ।

ਛੋਟੇ-ਛੋਟੇ ਯਤਨਾਂ ਨਾਲ ਹਰੀ ਭਰੀ ਹੋਵੇਗੀ ਧਰਤੀ
ਰਸਾਇਣਕ ਖਾਦ, ਕੀੜੇਮਾਰ ਦਵਾਈਆਂ ਅਤੇ ਯੂਰੀਆ ਆਦਿ ਦੀ ਵਰਤੋਂ ਬੰਦ ਕਰ ਕੇ ਕੇਂਚੁਆ ਖਾਦ ਅਤੇ ਗੋਬਰ ਦੀ ਖਾਦ ਦੀ ਵਰਤੋਂ ਸ਼ੁਰੂ ਕਰਨੀ ਹੋਵੇਗੀ। ਭਾਰਤ ’ਚ ਸਿੱਕਮ ਰਾਜ ਜੈਵਿਕ ਖੇਤੀ ਦੀ ਸਫਲ ਉਦਾਹਰਣ ਹੈ। ਜੇ ਅਸੀਂ ਇਹ ਪ੍ਰਣ ਕਰੀਏ ਕਿ ਅਸੀਂ ਸਭ ਮਿਲ ਕੇ ਅੱਜ ਹੀ ਛੋਟੇ-ਛੋਟੇ ਯਤਨ ਸ਼ੁਰੂ ਕਰ ਿਦਆਂਗੇ ਤਾਂ ਅਸੀਂ ਇਸ ਧਰਤੀ ਨੂੰ ਮੁੜ ਤੋਂ ਹਰਾ ਭਰਾ ਬਣਾਉਣ ’ਚ ਜ਼ਰੂਰ ਸਫਲ ਹੋਵਾਂਗੇ।

ਲੇਖਕ
ਸੁਧੀਰ ਚੰਦਰ ਜੈਨ, ਮੁਖੀ, ਭਾਰਤ ਵਿਕਾਸ ਕੌਂਸਲ (ਸ਼ਹੀਦ ਸੁਖਦੇਵ ਬ੍ਰਾਂਚ) ਲੁਧਿਆਣਾ


author

rajwinder kaur

Content Editor

Related News