ਸੱਭਿਆਚਾਰਕ ਸਮਾਗਮ ਅਮਿੱਟ ਯਾਦਾਂ ਛੱਡਦਾ ਸਮਾਪਤ
Sunday, Apr 14, 2019 - 05:04 AM (IST)

ਹੁਸ਼ਿਆਰਪੁਰ (ਭਟੋਆ)-ਅਕਾਲ ਅਕੈਡਮੀ ਧੁੱਗਾ ਕਲਾਂ ਵਿਖੇ ਸਾਲਾਨਾ ਸੱਭਿਆਚਾਰਕ ਸਮਾਗਮ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ। ਇਸ ਸਮਾਗਮ ਵਿਚ ਮੁੱਖ ਮਹਿਮਾਨ ਡਾ. ਪ੍ਰਭਜੋਤ ਕੌਰ ਸਾਬਕਾ ਪ੍ਰਿੰਸੀਪਲ ਗੌਰਮਿੰਟ ਕਾਲਜ ਲੁਧਿਆਣਾ ਤੇ ਸਾਬਕਾ ਪ੍ਰਧਾਨ ਇੰਸਟੀਚਿਊਟ ਆਫ ਸਿੱਖ ਸਟੱਡੀ, ਗੁਰਦੀਪ ਸਿੰਘ ਸੱਗੂ ਅਸਿਸਟੈਂਟ ਜ਼ੋਨਲ ਡਾਇਰੈਕਟਰ ਅਤੇ ਮੈਡਮ ਮਾਲਵਿੰਦਰ ਕੌਰ ਫਸਿਲੀਟੇਟਰ ਅਕਾਲ ਅਕੈਡਮੀਜ਼ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਿੰਸੀਪਲ ਮੈਡਮ ਪਰਮਿੰਦਰ ਕੌਰ ਵੱਲੋ ਵੈਲਕਮ ਸਪੀਚ ਦੇ ਕੇ ਕੀਤੀ ਗਈ। ਇਸ ਮੌਕੇ ਸਕੂਲੀ ਵਿਦਿਆਰਥੀਆਂ ਵੱਲੋ ਐੱਨ.ਜੀ.ਓ., ਨਸ਼ੇ ਦਾ ਪ੍ਰਭਾਵ, ਅੱਜ ਦੀ ਕਿਰਸਾਨੀ ਹਾਲਤ, ਮਾਪਿਆਂ ਦਾ ਆਦਰ ਅਤੇ ਪੱਛਮੀ ਸੱਭਿਅਤਾ ਦੇ ਮਾਡ਼ੇ ਪ੍ਰਭਾਵ ਨੂੰ ਦੂਰ ਕਰਨ ਹਿੱਤ ਰੰਗਲਾ ਪੰਜਾਬ ਦੀ ਝਲਕ ਪੇਸ਼ ਕੀਤੀ। ਸਮਾਗਮ ਵਿਚ ਆਏ ਮਹਿਮਾਨਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਯੁੱਗ ਵਿਚ ਵਿੱਦਿਆ ਦੀ ਭਰਮਾਰ ਹੈ, ਪਰ ਅੱਜ ਦਾ ਸਮਾਜ ਵਿੱਦਿਆ ਦੀ ਕਦਰ ਨਹੀਂ ਕਰਦਾ। ਵਿੱਦਿਆ ਵਿਚਾਰੀ ਤਾਂ ਪਰਉਪਕਾਰੀ, ਭਾਵ ਵਿੱਦਿਆ ਪਡ਼੍ਹਣ ਨਾਲ ਫਾਇਦਾ ਤਾਂ ਹੀ ਹੈ ਭਾਵ ਅਸੀਂ ਪਡ਼੍ਹੇ ਲਿਖੇ ਤਾਂ ਹੀ ਗਿਣੇ ਜਾ ਸਕਦੇ ਹਾਂ, ਜੇ ਅਸੀਂ ਆਪਣੀ ਪਰਉਪਕਾਰ ਬਿਰਤੀ ਬਣਾਈਏ। ਉਨ੍ਹਾਂ ਨੇ ਆਖਿਆ ਕਿ ਇਹ ਸਭ ਤਾਂ ਹੀ ਸੰਭਵ ਹੋ ਸਕਦਾ ਹੈ, ਜੇਕਰ ਬੱਚੇ ਨੂੰ ਸਕੂਲ ਵਾਤਾਵਰਣ ਗੁਰਮਿਤ ਭਾਵ ਗੁਰਬਾਣੀ ਦੀ ਸਿੱਖਿਆ ਵੀ ਮਿਲੇ। ਸਮਾਗਮ ਮੌਕੇ ਬੀਤੇ ਵਰ੍ਹੇ ਪਡ਼੍ਹਾਈ ’ਚੋ ਅੱਵਲ ਆਏ ਵਿਦਿਆਰਥੀਆਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ। ਅਖੀਰ ਵਿਚ ਭਾਈ ਹਰਜੀਤ ਸਿੰਘ ਸੇਵਾਦਾਰ ਵੱਲੋਂ ਸਮਾਗਮ ਵਿਚ ਆਏ ਸੱਜਣਾਂ ਤੇ ਬੱਚਿਆਂ ਦੇ ਮਾਪਿਆਂ ਦਾ ਧੰਨਵਾਦ ਕਰਦੇ ਹੋਏ ਨਵੰਬਰ 2019 ਵਿਚ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਗੁਰਪੁਰਬ ਮਨਾਉਣ ਲਈ ਵੱਧ ਤੋਂ ਵੱਧ ਸਹਿਜ ਪਾਠ ਕਰਨ ਦੀ ਅਪੀਲ ਕੀਤੀ। ਇਸ ਸਮਾਰੋਹ ਵਿਚ ਗੁਰਚਰਨ ਸਿੰਘ, ਰਾਜਵਿੰਦਰ ਕੌਰ ਸੰਧੂ, ਬਬੀਤਾ ਸੁਮਨ, ਰਾਜਵਿੰਦਰ ਕੌਰ, ਗੁਰਪ੍ਰੀਤ ਸਿੰਘ, ਰਾਜਵਿੰਦਰ ਕੌਰ ਥਿਆਡ਼ਾ, ਰਾਮ ਸਿੰਘ, ਸੀਮਾ, ਅਰਜੁਨ ਕੁਮਾਰ, ਰੁਪਿੰਦਰ ਕੌਰ, ਬਲਜੀਤ ਕੌਰ, ਹਰਪ੍ਰੀਤ ਕੌਰ, ਲਕਸ਼ਮੀ, ਸੁਸ਼ਮਾ ਕੌਰ, ਅਕੈਡਮੀ ਦਾ ਸਟਾਫ ਪਤਵੰਤੇ ਸੱਜਣ ਅਤੇ ਬੱਚਿਆਂ ਦੇ ਮਾਪੇ ਸ਼ਾਮਲ ਹੋਏ।