² ਵੋਟਰ ਜਾਗਰੂਕਤਾ ਸਕੂਟਰ ਰੈਲੀ ਕੱਢੀ
Thursday, Apr 11, 2019 - 04:32 AM (IST)
ਹੁਸ਼ਿਆਰਪੁਰ (ਘੁੰਮਣ)-ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਵੀਪ ਪ੍ਰੋਗਰਾਮ ਅਧੀਨ ਪਿੰਡ ਬਜਵਾਡ਼ਾ ਕਲਾਂ ਤੋਂ ਵੋਟਰ ਜਾਗਰੂਕਤਾ ਸਕੂਟਰ ਰੈਲੀ ਕੱਢੀ ਗਈ, ਜਿਸ ਨੂੰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਅੰਮ੍ਰਿਤ ਸਿੰਘ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਆਂਗਣਵਾਡ਼ੀ ਵਰਕਰਾਂ, ਔਰਤਾਂ, ਦਿਵਿਆਂਗਾਂ ਅਤੇ ਬਜ਼ੁਰਗਾਂ ਨੂੰ ਨੈਤਿਕ ਵੋਟਿੰਗ ਲਈ ਸਹੁੰ ਵੀ ਚੁਕਾਈ ਗਈ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੋਟਰ ਜਾਗਰੂਕਤਾ ਮੁਹਿੰਮ ਨੂੰ ਘਰ-ਘਰ ਪਹੁੰਚਾਉਣ ਲਈ ਇਕਜੁੱਟਤਾ ਬਹੁਤ ਜ਼ਰੂਰੀ ਹੈ, ਇਸ ਲਈ ਹਰੇਕ ਵਿਅਕਤੀ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਬਿਨਾਂ ਕਿਸੇ ਡਰ, ਭੈਅ ਦੇ ਨਿਰਪੱਖ ਅਤੇ ਬਿਨਾਂ ਕਿਸੇ ਲਾਲਚ ਤੋਂ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਆਂਗਣਵਾਡ਼ੀ ਵਰਕਰਾਂ ਵੱਲੋਂ ਲੋਕ ਸਭਾ ਚੋਣਾਂ ਦੌਰਾਨ 19 ਮਈ ਨੂੰ ਪੈਣ ਵਾਲੀਆਂ ਵੋਟਾਂ ਵਾਲੇ ਦਿਨ ਬਤੌਰ ਵਲੰਟੀਅਰ ਖਾਸ ਕਰਕੇ ਗਰਭਵਤੀ ਔਰਤਾਂ, ਦਿਵਿਆਂਗਾਂ ਅਤੇ ਬਜ਼ੁਰਗ ਵਿਅਕਤੀਆਂ ਨੂੰ ਵੋਟਾਂ ਪਾਉਣ ਵਿਚ ਮਦਦ ਕੀਤੀ ਜਾਵੇਗੀ। ਇਹ ਨੈਤਿਕ ਵੋਟਰ ਜਾਗਰੂਕਤਾ ਸਕੂਟਰ ਰੈਲੀ ਪਿੰਡ ਬਜਵਾਡ਼ਾ ਕਲਾਂ, ਕਿਲਾ ਬਰੂਨ, ਰਾਮ ਕਾਲੋਨੀ ਕੈਂਪ, ਨੰਗਲ ਸ਼ਹੀਦਾਂ, ਚੱਗਰਾਂ, ਬੋਹਣ, ਪੱਟੀ ਅਤੇ ਬਜਰਾਵਰ ਤੋਂ ਹੁੰਦੀ ਹੋਈ ਵਾਪਸ ਪਿੰਡ ਬਜਵਾਡ਼ਾ ਕਲਾਂ ਵਿਖੇ ਸਮਾਪਤ ਹੋਈ। ਇਸ ਮੌਕੇ ਜ਼ਿਲਾ ਪ੍ਰੋਗਰਾਮ ਅਫ਼ਸਰ ਕੁਲਦੀਪ ਸਿੰਘ, ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਸ਼੍ਰੀਮਤੀ ਰਣਜੀਤ ਕੌਰ ਹੁਸ਼ਿਆਰਪੁਰ-2 ਤੋਂ ਇਲਾਵਾ ਭਾਰੀ ਗਿਣਤੀ ਵਿਚ ਔਰਤਾਂ ਸ਼ਾਮਲ ਸਨ।
