ਡੇਰਾ ਸੰਤਪੁਰੀ ਵਿਖੇ ਕਰਵਾਇਆ ਧਾਰਮਕ ਸਮਾਗਮ
Tuesday, Jan 29, 2019 - 11:06 AM (IST)

ਹੁਸ਼ਿਆਰਪੁਰ (ਮੁੱਗੋਵਾਲ)-ਡੇਰਾ ਸੰਤਪੁਰੀ ਪਿੰਡ ਮਹਿਦੂਦ ਵਿਖੇ ਸਾਲਾਨਾ ਧਾਰਮਕ ਸਮਾਗਮ ਡੇਰੇ ਦੇ ਸੰਚਾਲਕ ਸੰਤ ਬਾਬਾ ਸਤਨਾਮ ਦਾਸ ਦੀ ਅਗਵਾਈ ਹੇਠ ਹੋਇਆ। ਸਭ ਤੋਂ ਪਹਿਲਾਂ ਸੰਗਤਾਂ ਵੱਲੋਂ ਰੱਖੇ ਗਏ ਪਾਠ ਦੇ ਭੋਗ ਪਾਏ ਗਏ ਉਪਰੰਤ ਵੱਖ-ਵੱਖ ਕੀਰਤਨੀ ਜਥਿਆਂ ਵੱਲੋਂ ਗੁਰਬਾਣੀ ਦਾ ਗੁਣ ਗਾਇਨ ਕੀਤਾ ਗਿਆ। ਇਸ ਮੌਕੇ ਸੰਤ ਸਤਨਾਮ ਦਾਸ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਕਲਿਆਣਕਾਰੀ ਸਿੱਖਿਆਵਾਂ ਤੋਂ ਪ੍ਰੇਰਨਾ ਲੈ ਕੇ ਸੇਵਾ-ਸਿਮਰਨ ਤੇ ਪਰਉਪਕਾਰੀ ਜ਼ਿੰਦਗੀ ਜਿਊਣ ਦਾ ਸੰਦੇਸ਼ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਹਰ ਵਿਅਕਤੀ ਦਾ ਫਰਜ਼ ਬਣਦਾ ਹੈ ਕਿ ਉਹ ਰੋਜ਼ਾਨਾ ਇਸ਼ਨਾਨ ਕਰਕੇ ਨਾਮ-ਸਿਮਰਨ ਦਾ ਅਭਿਆਸ ਕਰਨ ਦੀ ਆਦਤ ਪਾਵੇ, ਇਸ ਅਭਿਆਸ ਰਾਹੀਂ ਹੀ ਆਪਣੇ ਸਰੀਰਕ ਅਤੇ ਮਾਨਸਿਕ ਦੁਖਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਡਰ, ਅਗਿਆਨਤਾ, ਆਲਸਪੁਣਾ, ਨਿੰਦਾ-ਚੁਗਲੀ, ਨਫਰਤ, ਵੈਰ –ਵਿਰੋਧ ਤੇ ਬੇਲੋਡ਼ੀਆਂ ਤ੍ਰਿਸ਼ਨਾਵਾਂ ਤੋਂ ਨਾਮ-ਸਿਮਰਨ ਦੇ ਅਭਿਆਸ ਨਾਲ ਹੀ ਦੂਰ ਹੋਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸੁੱਖਮਈ ਤੇ ਸ਼ਾਂਤਮਈ ਜੀਵਨ ਜਿਊਣ ਲਈ ਸੰਤ ਮਹਾਪੁਰਸ਼ ਤਾਂ ਰਸਤਾ ਹੀ ਦੱਸ ਸਕਦੇ ਹਨ, ਚੱਲਣਾ ਤਾਂ ਹਰ ਵਿਅਕਤੀ ਨੂੰ ਆਪ ਹੀ ਪੈਣਾ ਹੈ। ਇਸ ਮੌਕੇ ਡੇਰੇ ਦੇ ਹੈੱਡ ਗ੍ਰੰਥੀ ਭਾਈ ਸੇਵਾ ਦਾਸ ਸਿੰਘ ਝੰਜੋਵਾਲ ਨੇ ਕਿਹਾ ਕਿ ਅੱਜ ਦੇ ਦਿਨ ਦੀ ਇਸ ਕਰਕੇ ਵੀ ਮਹਾਨਤਾ ਹੈ ਕਿ ਅੱਜ ਡੇਰੇ ਦੇ ਸੰਚਾਲਕ ਸੰਤ ਸਤਨਾਮ ਦਾਸ ਜੀ ਪੁਰਾਤਨ ਪ੍ਰੰਪਰਾ ਅਨੁਸਾਰ ਇਕ ਮਹੀਨੇ ਤੋਂ ਵੱਧ ਸਮਾਂ ਤਪੱਸਿਆ ਵਿਚ ਗੁਜ਼ਾਰਨ ਤੋਂ ਬਾਅਦ ਸੰਗਤਾਂ ਦੇ ਸਨਮੁੱਖ ਹੋਏ ਹਨ। ਇਸ ਮੌਕੇ ਸਮੇਂ-ਸਮੇਂ ’ਤੇ ਡੇਰੇ ਵਿਚ ਹੁੰਦੇ ਸਮਾਗਮਾਂ ਵਿਚ ਸੇਵਾ ਕਰਨ ਵਾਲੇ ਸ਼ਰਧਾਲੂ ਸੱਜਣਾਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਸੰਤ ਸਤਨਾਮ ਦਾਸ ਖੰਨੀ, ਬਾਬਾ ਕਸ਼ਮੀਰਾ ਸਿੰਘ, ਹਰਭਜਨ ਸਿੰਘ, ਜਸਵਿੰਦਰ ਸਿੰਘ ਸਮੇਤ ਡੇਰੇ ਦੇ ਸ਼ਰਧਾਲੂ ਹਾਜ਼ਰ ਸਨ। ਇਸ ਸਮੇਂ ਗੁਰੂ ਕਾ ਲੰਗਰ ਅਤੁੱਟ ਚੱਲਿਆ।