ਬੇਘਰ ਪਰਿਵਾਰਾਂ ਦਾ ਆਪਣੇ ਘਰ ਦਾ ਸੁਪਨਾ ਕੀਤਾ ਸਾਕਾਰ, ਮੁੱਖ ਮੰਤਰੀ ਵਲੋਂ ਮਾਲਕਾਨਾ ਹੱਕ ਦੇਣ ਦੇ ਆਦੇਸ਼

Saturday, Sep 11, 2021 - 11:39 PM (IST)

ਬੇਘਰ ਪਰਿਵਾਰਾਂ ਦਾ ਆਪਣੇ ਘਰ ਦਾ ਸੁਪਨਾ ਕੀਤਾ ਸਾਕਾਰ, ਮੁੱਖ ਮੰਤਰੀ ਵਲੋਂ ਮਾਲਕਾਨਾ ਹੱਕ ਦੇਣ ਦੇ ਆਦੇਸ਼

ਚੰਡੀਗੜ੍ਹ (ਬਿਊਰੋ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਮੁੱਖ ਪ੍ਰੋਗਰਾਮ ‘ਬਸੇਰਾ’ ਅਧੀਨ ਪੰਜਾਬ ਸਰਕਾਰ ਵੱਲੋਂ ਫਿਰੋਜ਼ਪੁਰ, ਜਲੰਧਰ, ਮਾਨਸਾ, ਪਟਿਆਲਾ ਅਤੇ ਲੁਧਿਆਣਾ ਜ਼ਿਲ੍ਹਿਆਂ ’ਚ ਝੁੱਗੀ-ਝੌਂਪੜੀ ਵਾਲੀਆਂ (ਸਲੱਮ) ਛੇ ਹੋਰ ਥਾਵਾਂ ‘ਤੇ ਰਹਿਣ ਵਾਲਿਆਂ ਨੂੰ ਮਾਲਕੀ ਹੱਕ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਪ੍ਰਵਾਨਗੀ ਇਥੇ ‘ਬਸੇਰਾ‘ ਸਕੀਮ ਅਧੀਨ ਸੰਚਾਲਨ ਕਮੇਟੀ ਦੀ ਪੰਜਵੀਂ ਮੀਟਿੰਗ ’ਚ ਮੁੱਖ ਸਕੱਤਰ ਵਿਨੀ ਮਹਾਜਨ ਦੀ ਪ੍ਰਧਾਨਗੀ ’ਚ ਦਿੱਤੀ ਗਈ। ਇਸ ਫੈਸਲੇ ਦੇ ਨਾਲ ਹੀ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹੁਣ ਤੱਕ 46 ਝੁੱਗੀ-ਝੌਂਪੜੀ ਵਾਲੀਆਂ ਥਾਵਾਂ ‘ਤੇ ਰਹਿੰਦੇ 8,141 ਪਰਿਵਾਰਾਂ ਨੂੰ ਘਰਾਂ ਦੇ ਮਾਲਕੀ ਹੱਕ ਮਿਲ ਗਏ ਹਨ। ਸਕੀਮ ਦੀ ਪ੍ਰਗਤੀ ਦੀ ਸਮੀਖਿਆ ਕਰਦਿਆਂ ਮੁੱਖ ਸਕੱਤਰ ਨੇ ‘ਬੇਘਰਿਆਂ ਲਈ ਘਰ’ ਸਕੀਮ ਦੀ ਮਹੀਨਾਵਾਰ ਸਮੀਖਿਆ ਕਰਨ ਦੇ ਆਦੇਸ਼ ਦਿੱਤੇ ਤਾਂ ਜੋ ਝੁੱਗੀ ਝੌਂਪੜੀ ਵਾਲਿਆਂ ਨੂੰ ਮਾਲਕੀ ਹੱਕ ਦੇਣ ਦੀ ਪ੍ਰਕਿਰਿਆ ਵਿੱਚ ਹੋਰ ਤੇਜ਼ੀ ਲਿਆਂਦੀ ਜਾ ਸਕੇ ਅਤੇ ਜਲਦੀ ਤੋਂ ਜਲਦੀ ਉਨ੍ਹਾਂ ਦਾ ਆਪਣਾ ਘਰ ਹੋਣ ਦਾ ਸੁਪਨਾ ਸਾਕਾਰ ਕੀਤਾ ਜਾ ਸਕੇ। ਉਨ੍ਹਾਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਇਸ ਲੋਕ-ਪੱਖੀ ਯੋਜਨਾ ਦੇ ਨਿਰਵਿਘਨ ਅਮਲ ਲਈ ਹੋਰ ਸਰਗਰਮੀ ਨਾਲ ਕੰਮ ਕਰਨ ਦੇ ਨਿਰਦੇਸ਼ ਵੀ ਦਿੱਤੇ।

ਇਹ ਵੀ ਪੜ੍ਹੋ : ਮੁੱਖ ਮੰਤਰੀ ਵੱਲੋਂ ਇਸ ਜ਼ਿਲ੍ਹੇ ’ਚ ਮੀਂਹ ਕਾਰਨ ਫਸਲਾਂ ਦੇ ਹੋਏ ਨੁਕਸਾਨ ਲਈ ਵਿਸ਼ੇਸ਼ ਗਿਰਦਾਵਰੀ ਦੇ ਦਿੱਤੇ ਹੁਕਮ

ਜ਼ਿਕਰਯੋਗ ਹੈ ਕਿ ਸ਼ਹਿਰੀ ਖੇਤਰਾਂ ਵਿੱਚ ਰਾਜ ਸਰਕਾਰ ਦੀ ਜਮੀਨ ’ਤੇ ਝੁੱਗੀ ਝੌਂਪੜੀਆਂ ਵਿੱਚ ਰਹਿੰਦੇ ਪਰਿਵਾਰਾਂ ਨੂੰ ਮਾਲਕੀ ਹੱਕ ਦੇਣ ਦੀ ਯੋਜਨਾ ਸ਼ੁਰੂ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ। ਮੀਟਿੰਗ ਵਿੱਚ ਵਧੀਕ ਮੁੱਖ ਸਕੱਤਰ ਵਿਕਾਸ ਅਨਿਰੁਧ ਤਿਵਾੜੀ, ਵਧੀਕ ਮੁੱਖ ਸਕੱਤਰ-ਕਮ-ਵਿੱਤ ਕਮਿਸ਼ਨਰ ਪੇਂਡੂ ਵਿਕਾਸ ਅਤੇ ਪੰਚਾਇਤਾਂ ਸੀਮਾ ਜੈਨ, ਪ੍ਰਮੁੱਖ ਸਕੱਤਰ ਪੀ.ਡਬਲਿਊ.ਡੀ. ਵਿਕਾਸ ਪ੍ਰਤਾਪ, ਪ੍ਰਮੁੱਖ ਸਕੱਤਰ ਸਥਾਨਕ ਸਰਕਾਰਾਂ ਅਜੋਏ ਕੁਮਾਰ ਸਿਨਹਾ, ਸਕੱਤਰ ਸਥਾਨਕ ਸਰਕਾਰਾਂ ਅਜੋਏ ਸ਼ਰਮਾ, ਸਕੱਤਰ ਮਾਲ ਵਿਭਾਗ ਮਨਵੇਸ਼ ਸਿੰਘ ਸਿੱਧੂ ਅਤੇ ਰਾਜ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।    

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਕਾਂਗਰਸ ਸਰਕਾਰ ਤੇ ਵਿਰੋਧੀ ਧਿਰਾਂ ਦੀ ਸੋਚੀ-ਸਮਝੀ ਸਾਜਿਸ਼ : ਅਸ਼ਵਨੀ ਸ਼ਰਮਾ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News