ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਜ ਤੋਂ ਆਰੰਭ ਹੋਵੇਗਾ ਹੋਲਾ-ਮਹੱਲਾ ਦਾ ਦੂਜਾ ਪੜਾਅ

Thursday, Mar 17, 2022 - 11:11 AM (IST)

ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਜ ਤੋਂ ਆਰੰਭ ਹੋਵੇਗਾ ਹੋਲਾ-ਮਹੱਲਾ ਦਾ ਦੂਜਾ ਪੜਾਅ

ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)- ਖ਼ਾਲਸੇ ਦੇ ਜਾਹੋ-ਜਲਾਲ ਦੇ ਪ੍ਰਤੀਕ ਹੋਲੇ-ਮਹੱਲੇ ਦੀ ਆਰੰਭਤਾ ਵੀਰਵਾਰ ਤੋਂ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਤੋਂ ਕੀਤੀ ਜਾਵੇਗੀ। ਇਸ ਤੋਂ ਪਹਿਲਾਂ 14 ਤੋਂ 16 ਮਾਰਚ ਤੱਕ ਕੀਰਤਪੁਰ ਸਾਹਿਬ ਵਿਖੇ ਹੋਲਾ-ਮਹੱਲਾ ਦਾ ਪਹਿਲਾ ਪੜਾਅ ਮਨਾਇਆ ਗਿਆ। 17 ਤੋਂ 19 ਮਾਰਚ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਦੂਜਾ ਪੜਾਅ ਪੂਰੇ ਖ਼ਾਲਸਾਈ ਜਾਹੋ-ਜਲਾਲ ਨਾਲ ਇਹ ਪਾਵਨ ਤਿਉਹਾਰ ਮਨਾਇਆ ਜਾਵੇਗਾ। ਇਸ ਸਬੰਧੀ ਕੌਮ ਦੀ ਕੇਂਦਰੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੀ ਤਿਆਰੀ ਕੀਤੀ ਗਈ ਹੈ। 

ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਸੰਗਤਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਹੋਰ ਗੁਰੂ ਘਰਾਂ ਵਿਚ ਦਰਸ਼ਨ-ਦੀਦਾਰੇ ਕਰ ਰਹੀਆਂ ਹਨ। ਇਸ ਸਬੰਧੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਮਲਕੀਤ ਸਿੰਘ ਅਤੇ ਐਡੀਸ਼ਨਲ ਮੈਨੇਜਰ ਹਰਦੇਵ ਸਿੰਘ ਨੇ ਦੱਸਿਆ ਕਿ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ’ਚ ਪੁੱਜ ਰਹੀਆਂ ਸੰਗਤਾਂ ਦੇ ਸਵਾਗਤ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਇਹ ਵੀ ਪੜ੍ਹੋ: ਹੋਲੇ-ਮਹੱਲੇ ਦੇ ਪਹਿਲੇ ਪੜਾਅ ਦੇ ਆਖ਼ਰੀ ਦਿਨ ਸ੍ਰੀ ਕੀਰਤਪੁਰ ਸਾਹਿਬ 'ਚ ਲੱਗੀਆਂ ਰੌਣਕਾਂ, ਵੇਖੋ ਤਸਵੀਰਾਂ

ਉਨ੍ਹਾਂ ਦੱਸਿਆ ਕਿ ਸੰਗਤਾਂ ਲਈ ਜਿੱਥੇ ਗੁਰੂ ਘਰਾਂ ਵਿਚ ਆਸਾਨੀ ਨਾਲ ਮੱਥਾ ਟੇਕਣ ਲਈ ਯੋਗ ਪ੍ਰਬੰਧ ਕੀਤੇ ਗਏ ਹਨ, ਉਥੇ ਹੀ ਜੋੜਾ ਘਰ, ਗੱਠੜੀ ਘਰ, ਠੰਡੇ ਪਾਣੀ ਦੀਆਂ ਛਬੀਲਾਂ, ਬਿਜਲੀ, ਪਾਣੀ, ਕੜਾਹ ਪ੍ਰਸ਼ਾਦ ਦੀ ਦੇਗ, ਸਰੋਵਰਾਂ ਵਿਚ ਇਸ਼ਨਾਨ ਆਦਿ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਗੁਰੂ ਘਰਾਂ ਵਿਚ ਰੰਗ ਰੋਗਨ ਅਤੇ ਰੌਸ਼ਨੀਆਂ ਦਾ ਸਾਰਾ ਕੰਮ ਵੀ ਪੂਰਾ ਕਰ ਲਿਆ ਗਿਆ ਹੈ ਤੇ ਬਾਹਰੋਂ ਹੋਰ ਸੇਵਾਦਾਰ ਵੀ ਮੰਗਵਾਏ ਗਏ ਹਨ ਤਾਂ ਜੋ ਯੋਗ ਪ੍ਰਬੰਧ ਕੀਤੇ ਜਾ ਸਕਣ। 
ਪ੍ਰਸ਼ਾਸਨ ਵੱਲੋਂ ਹੋਲੇ ਮਹੱਲੇ ਮੌਕੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸੰਗਤਾਂ ਦੀ ਸਹੂਲਤ ਲਈ ਟ੍ਰੈਫਿਕ ਰੂਟ ਤਿਆਰ ਕੀਤੇ ਗਏ ਹਨ ਤਾਂ ਜੋ ਸ਼ਹਿਰ ਦੇ ਅੰਦਰ ਜਾਮ ਵਾਲੀ ਸਥੀਤੀ ਪੈਦਾ ਨਾ ਹੋਵੇ। ਡਿਪਟੀ ਕਮਿਸ਼ਨਰ ਸੋਨਾਲੀ ਗਿਰੀ, ਐੱਸ. ਐੱਸ. ਪੀ. ਵਿਵੇਕਸ਼ੀਲ ਸੋਨੀ, ਮੇਲਾ ਅਫਸਰ ਐੱਸ. ਡੀ. ਐੱਮ. ਕੇਸ਼ਵ ਗੋਇਲ, ਡੀ. ਐੱਸ. ਪੀ. ਅਜੇਵੀਰ ਸਿੰਘ, ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਸਾਰੀ ਸਥਿਤੀ ’ਤੇ ਨਜ਼ਰ ਰਖ ਰਹੇ ਹਨ।

ਇਹ ਵੀ ਪੜ੍ਹੋ: ਹੋਲੇ-ਮਹੱਲੇ ਦੇ ਦੂਜੇ ਦਿਨ ਵੱਖ-ਵੱਖ ਗੁਰੂਧਾਮਾਂ ’ਚ ਲੱਖਾਂ ਦੀ ਤਦਾਦ ’ਚ ਸੰਗਤ ਹੋਈ ਨਤਮਸਤਕ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News