ਹਿੰਦੀ ਭਾਸ਼ਾ ਨੂੰ ਸਾਈਨ ਬੋਰਡਾਂ ਤੋਂ ਹਟਾਉਣ ਦੇ ਮਾਮਲੇ ਦਾ ਭਾਜਪਾ ਨੇ ਲਿਆ ਸਖਤ ਨੋਟਿਸ

11/16/2017 11:39:54 AM

ਬਠਿੰਡਾ  — ਪੰਜਾਬ ਦੀ ਭਾਜਪਾ ਸਰਕਾਰ ਦੇ ਆਗੂਆਂ ਨੂੰ ਬਠਿੰਡਾ-ਅੰਮ੍ਰਿਤਸਰ ਮਾਰਗ ਦੇ ਸਾਈਨ ਬੋਰਡਾਂ ਤੋਂ ਹਿੰਦੀ ਭਾਸ਼ਾ ਨੂੰ ਹਟਾਉਣ ਦੀ ਗੱਲ ਖੱਟਕਣ ਲੱਗੀ ਹੈ। ਪੰਜਾਬ 'ਚ ਭਾਜਪਾ ਪ੍ਰਧਾਨ ਤੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਇਸ ਦਾ ਸਖਤ ਨੋਟਿਸ ਲਿਆ ਹੈ ਤੇ ਮਾਮਲਾ ਕੇਂਦਰੀ ਮੰਤਰਾਲੇ ਕੋਲ ਉਠਾਉਣ ਦੀ ਗੱਲ ਕਹੀ ਹੈ। 
ਜ਼ਿਕਰਯੋਗ ਹੈ ਕਿ ਲੋਕ ਨਿਰਮਾਣ ਵਿਭਾਗ ਪੰਜਾਬ ਨੇ ਕੌਮੀ ਮਾਰਗ ਦੇ ਸਾਈਨ ਬੋਰਡ ਹੁਣ ਪੰਜਾਬੀ ਤੇ ਅੰਗ੍ਰੇਜ਼ੀ 'ਚ ਲਿਖਣ ਦੀ ਹਦਾਇਤ ਕੀਤੀ ਹੈ, ਜਦ ਕਿ ਹਿੰਦੀ ਭਾਸ਼ਾ ਨੂੰ ਬੋਰਡਾਂ ਤੋਂ ਹਟਾਉਣ ਦਾ ਫੈਸਲਾ ਕੀਤਾ ਹੈ। ਪਹਿਲਾਂ ਬੋਰਡਾਂ 'ਤੇ ਪੰਜਾਬੀ ਭਾਸ਼ਾ ਨੂੰ ਤੀਜਾ ਦਰਜਾ ਦੇਣ ਦੇ ਮਾਮਲੇ 'ਚ ਵਿਵਾਦ ਹੋਇਆ ਸੀ ਤੇ ਹੁਣ ਹਿੰਦੀ ਭਾਸ਼ਾ ਨੂੰ ਗਾਇਬ ਕਰਨ ਦਾ ਵਿਵਾਦ ਉਠਿਆ ਹੈ। ਕੇਂਦਰੀ ਰਾਜ ਮੰਤਰੀ ਤੇ ਪੰਜਾਬ ਭਾਜਪਾ ਪ੍ਰਧਾਨ ਵਿਜੇ ਸਾਂਪਲਾ ਨੇ ਆਖਿਆ ਕਿ ਸਾਈਨ ਬੋਰਡਾਂ 'ਤੇ ਪੰਜਾਬੀ ਭਾਸ਼ਾ ਨੂੰ ਸਭ ਤੋਂ ਉਪਰ ਥਾਂ ਮਿਲਣੀ ਚਾਹੀਦੀ ਹੈ ਪਰ ਕੌਮੀ ਭਾਸ਼ਾ ਹਿੰਦੀ ਨੂੰ ਨਜ਼ਰਅੰਦਾਜ਼ ਕਰਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਸਰਕਾਰੀ ਅਫਸਰਾਂ ਨੂੰ ਆਪਣੀ ਮਰਜ਼ੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਕੌਮੀ ਭਾਸ਼ਾ ਹਿੰਦੂ ਦੀ ਅਣਦੇਖੀ ਕਰਕੇ ਅੰਗ੍ਰੇਜ਼ੀ ਭਾਸ਼ਾ ਨੂੰ ਤਰਜੀਹ ਦੇਣਾ ਵੀ ਠੀਕ ਨਹੀਂ। ਉਨ੍ਹਾਂ ਇਸ ਮਾਮਲੇ ਨੂੰ ਕੇਂਦਰੀ ਸੜਕ ਮੰਤਰਾਲੇ ਕੋਲ ਉਠਾਉਣ ਦੀ ਗੱਲ ਕਹੀ। ਇਸ ਸੰਬੰਧੀ ਭਾਜਪਾ ਦੇ ਕਾਰਜਾਕਾਰਨੀ ਮੈਂਬਰ ਦਿਆਲ ਸੋਢੀ ਨੇ ਕਿਹਾ ਕਿ ਮਾਂ ਬੋਲੀ ਦਾ ਬਣਦਾ ਸਤਿਕਾਰ ਕਰਨਾ ਚਾਹੀਦਾ ਹੈ ਪਰ ਹਿੰਦੀ ਭਾਸ਼ਾ ਜੋ ਕਿ ਦੇਸ਼ ਦੀ ਕੌਮੀ ਭਾਸ਼ਾ ਹੈ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। 
ਇਸ ਦੇ ਨਾਲ ਹੀ ਪੰਜਾਬ ਭਾਸ਼ਾ ਪ੍ਰੇਮੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਿੰਦੀ ਭਾਸ਼ਾ ਨਾਲ ਕੋਈ ਗਿਲਾ ਨਹੀਂ ਹੈ ਤੇ ਬੋਰਡ ਤਿੰਨੋਂ ਭਾਸ਼ਾਵਾਂ 'ਚ ਲਿਖੇ ਜਾਣੇ ਚਾਹੀਦੇ ਹਨ। ਭਾਜਪਾ ਵਿਧਾਇਕ ਤੇ ਸਾਬਕਾ ਡਿਪਟੀ ਸਪਕੀਰ ਦਿਨੇਸ਼ ਸਿੰਘ ਬੱਬੂ ਨੇ ਕਿਹਾ ਕਿ ਸਾਈਨ ਬੋਰਡਾਂ ਤੋਂ ਰਾਸ਼ਟਰੀ ਭਾਸ਼ਾ ਨੂੰ ਬੇਦਖਲ ਕਰਨਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ। ਉਨ੍ਹਾਂ ਇਸ ਮੁੱਦੇ ਨੂੰ ਅਗਾਮੀ ਵਿਧਾਨ ਸਭਾ ਸੈਸ਼ਨ 'ਚ ਉਠਾਉਣ ਦੀ ਗੱਲ ਕਹੀ।