ਬੱਧਨੀ ਕਲਾਂ ਨੇੜੇ ਹਾਈਵੇ ''ਤੇ ਨੌਜਵਾਨ ਤੋਂ ਲੁੱਟੀ ਕਾਰ, ਪੁਲਸ ਨੇ ਸ਼ੁਰੂ ਕੀਤੀ ਕਾਰਵਾਈ
Thursday, Nov 12, 2026 - 06:15 PM (IST)
ਮੋਗਾ (ਗੋਪੀ, ਕਸ਼ਿਸ਼) : ਇਲਾਕੇ ਵਿਚ ਲੁੱਟ-ਖੋਹ ਦੀਆਂ ਵਾਰਦਾਤਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਬੀਤੀ ਦੇਰ ਰਾਤ ਬੱਧਨੀ ਕਲਾਂ ਵਿਖੇ ਨਵੇਂ ਬਣੇ ਪੈਟਰੋਲ ਪੰਪ ’ਤੇ ਕੰਮ ਕਰਨ ਵਾਲੇ ਇਕ ਨੌਜਵਾਨ ਨੂੰ ਹਥਿਆਰਾਂ ਦੀ ਨੋਕ ’ਤੇ ਧਮਕਾ ਕੇ ਉਸ ਦੀ ਸਵਿਫਟ ਕਾਰ ਖੋਹ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਹਰਿਆਣਾ ਦਾ ਰਹਿਣ ਵਾਲਾ ਸੁਨੀਲ ਕੁਮਾਰ ਐੱਚਐੱਮਸੀਐੱਲ ਕੰਪਨੀ ਵਿਚ ਨੌਕਰੀ ਕਰਦਾ ਹੈ ਅਤੇ ਇਨ੍ਹੀਂ ਦਿਨੀਂ ਬੱਧਨੀ ਕਲਾਂ ਵਿਖੇ ਨਵੇਂ ਬਣੇ ਪੈਟਰੋਲ ਪੰਪ ’ਤੇ ਕੰਮ ਕਰ ਰਿਹਾ ਹੈ। ਬੀਤੀ ਦੇਰ ਰਾਤ ਆਪਣੀ ਡਿਊਟੀ ਖ਼ਤਮ ਕਰਨ ਉਪਰੰਤ ਉਹ ਆਪਣੀ ਸਵਿਫਟ ਡਿਜ਼ਾਇਰ ਵੀਡੀਆਈ ਕਾਰ ਨੰਬਰ ਐੱਚਆਰ-31-ਵੀ-7666 ਵਿਚ ਸਵਾਰ ਹੋ ਕੇ ਬੱਧਨੀ ਖੁਰਦ ਵੱਲ ਜਾ ਰਿਹਾ ਸੀ।
ਦੱਸਿਆ ਜਾਂਦਾ ਹੈ ਕਿ ਰਸਤੇ ਵਿਚ ਜਦੋਂ ਇਕ ਟਰੈਕਟਰ ਉਸ ਦੀ ਕਾਰ ਦੇ ਸਾਹਮਣੇ ਆ ਗਿਆ ਤਾਂ ਸੁਨੀਲ ਕੁਮਾਰ ਨੇ ਆਪਣੀ ਗੱਡੀ ਦੀ ਰਫ਼ਤਾਰ ਹੌਲੀ ਕਰ ਦਿੱਤੀ। ਇਸੇ ਦੌਰਾਨ ਪਿੱਛਿਓਂ ਦੋ ਮੋਟਰਸਾਈਕਲ ਸਵਾਰ ਵਿਅਕਤੀ ਉਸ ਦੀ ਕਾਰ ਦੇ ਕੋਲ ਆ ਕੇ ਰੁਕੇ। ਇਨ੍ਹਾਂ ਵਿਚੋਂ ਇਕ ਵਿਅਕਤੀ ਨੇ ਸੁਨੀਲ ਕੁਮਾਰ ਕੋਲੋਂ ਲਿਫਟ ਮੰਗੀ। ਜਿਵੇਂ ਹੀ ਉਸ ਨੇ ਕਾਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਦੋਵਾਂ ਵਿਅਕਤੀਆਂ ਨੇ ਉਸ ਨੂੰ ਹਥਿਆਰ ਦਿਖਾ ਕੇ ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਉਸ ਦੀ ਕਾਰ ਜ਼ਬਰਦਸਤੀ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕਰਕੇ ਮੁਲਜ਼ਮਾਂ ਦੀ ਪਛਾਣ ਅਤੇ ਖੋਹੀ ਗਈ ਕਾਰ ਦੀ ਬਰਾਮਦਗੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
