23 ਸਾਲਾ ਸਤਿੰਦਰ ਦਾ ਦਿਲ ਕਿਸੇ ਹੋਰ ’ਚ ਧਡ਼ਕੇਗਾ, ਪੀ. ਜੀ. ਆਈ. ’ਚ 5ਵਾਂ ਹਾਰਟ ਟਰਾਂਸਪਲਾਂਟ
Monday, Sep 02, 2019 - 05:01 PM (IST)

ਚੰਡੀਗਡ਼੍ਹ (ਪਾਲ) : ਪੀ. ਜੀ. ਆਈ. ’ਚ ਐਤਵਾਰ ਨੂੰ ਦੋ ਸਾਲ ਬਾਅਦ ਕਿਸੇ ਬ੍ਰੇਨ ਡੈੱਡ ਮਰੀਜ਼ ਦਾ ਦਿਲ ਲੋੜਵੰਦ ਮਰੀਜ਼ ਨੂੰ ਟਰਾਂਸਪਲਾਂਟ ਕੀਤਾ ਗਿਆ ਹੈ। ਇਹ ਪੰਜਵਾਂ ਮੌਕਾ ਹੈ, ਜਦੋਂ ਪੀ. ਜੀ. ਆਈ. ਨੇ ਕੋਈ ਹਾਰਟ ਟਰਾਂਸਪਲਾਂਟ ਸਰਜਰੀ ਕੀਤੀ ਹੈ। 12 ਮਈ, 2017 ਨੂੰ ਪੀ. ਜੀ. ਆਈ. ਨੇ ਆਖਰੀ ਹਾਰਟ ਟਰਾਂਸਪਲਾਂਟ ਕੀਤਾ ਸੀ। ਹਾਲਾਂਕਿ ਇਨ੍ਹਾਂ ਸਾਲਾਂ ’ਚ ਕਈ ਮੌਕੇ ਆਏ ਜਦੋਂ ਪੀ. ਜੀ. ਆਈ. ਹਾਰਟ ਟਰਾਂਸਪਲਾਂਟ ਕਰਨ ਲਈ ਤਿਆਰ ਸੀ ਪਰ ਬ੍ਰੇਨ ਡੈੱਡ ਮਰੀਜ਼ ਦਾ ਸਰੀਰ ਤੇ ਅੰਗਾਂ ’ਚ ਕਿਸੇ ਨਾ ਕਿਸੇ ਮੁਸ਼ਕਲ ਕਾਰਨ ਸਰਜਰੀ ਨਹੀਂ ਹੋ ਸਕੀ।
ਪਰਿਵਾਰ ਨੇ ਸਾਰੇ ਅੰਗ ਕੀਤੇ ਦਾਨ
23 ਸਾਲਾ ਸਤਿੰਦਰ ਸਿੰਘ ਸ਼ਨੀਵਾਰ ਨੂੰ ਦੁਪਹਿਰ 3 ਵਜੇ ਬ੍ਰੇਨ ਡੈੱਡ ਡਿਕਲੇਅਰ ਕੀਤਾ ਗਿਆ ਸੀ। ਇਸ ਤੋਂ ਬਾਅਦ ਉਸ ਦੇ ਸਾਰੇ ਅੰਗ ਪਰਿਵਾਰ ਨੇ ਦਾਨ ਕਰ ਦਿੱਤੇ। ਦਿਲ ਦੇੇ ਨਾਲ ਹੀ ਉਸ ਦਾ ਲਿਵਰ, ਕਿਡਨੀ ਅਤੇ ਕੋਰਨੀਆ ਵੀ ਟਰਾਂਸਪਲਾਂਟ ਕੀਤਾ ਗਿਆ। ਜਿਨ੍ਹਾਂ ਮਰੀਜ਼ਾਂ ਨੂੰ ਅੰਗ ਟਰਾਂਸਪਲਾਂਟ ਕੀਤੇ ਗਏ, ਉਹ ਸਾਰੇ ਪੀ. ਜੀ. ਆਈ. ਤੋਂ ਹੀ ਆਪਣਾ ਇਲਾਜ ਕਰਵਾ ਰਹੇ ਸਨ। ਇਨ੍ਹਾਂ ’ਚੋਂ ਕੁਝ ਮਰੀਜ਼ਾਂ ਦੀ ਹਾਲਤ ਬਹੁਤ ਹੀ ਗੰਭੀਰ ਸੀ। ਸਾਰੇ ਮਰੀਜ਼ਾਂ ਨੂੰ ਇਕ ਨਵਾਂ ਜੀਵਨ ਮਿਲਿਆ ਹੈ।
9 ਹਾਰਟ ਸ਼ੇਅਰ ਕਰ ਚੁੱਕਿਆ ਹੈ ਪੀ. ਜੀ. ਆਈ.
ਹਾਰਟ ਟਰਾਂਸਪਲਾਂਟ ਕਰਨਾ ਦੂਜੇ ਅੰਗਾਂ ਮੁਕਾਬਲੇ ਮੁਸ਼ਕਲ ਹੁੰਦਾ ਹੈ। ਪੀ. ਜੀ. ਆਈ. ਕਾਰਡੀਓਲਾਜਿਸਟ ਮੁਤਾਬਕ ਸਰੀਰ ਲਈ ਅੰਗ ਨੂੰ ਐਕਸੈਪਟ ਕਰਨਾ ਆਸਾਨ ਨਹੀਂ ਹੁੰਦਾ। ਸਰਜਰੀ ਵੀ ਆਸਾਨ ਨਹੀਂ ਹੁੰਦੀ। ਉਥੇ ਹੀ ਥੋਡ਼੍ਹਾ ਜਿਹਾ ਇਨਫੈਕਸ਼ਨ ਵੀ ਮਰੀਜ਼ ਦੀ ਜਾਨ ਲਈ ਖ਼ਤਰਾ ਬਣ ਜਾਂਦਾ ਹੈ। ਇਸ ਲਈ ਹਾਰਟ ਟਰਾਂਸਪਲਾਂਟ ਨੂੰ ਕਈ ਮਹੀਨਿਆਂ ਤਕ ਬਹੁਤ ਹੀ ਸੇਫਟੀ ਨਾਲ ਰੱਖਿਆ ਜਾਂਦਾ ਹੈ। ਇਸ 5ਵੇਂ ਹਾਰਟ ਟਰਾਂਸਪਲਾਂਟ ਤੋਂ ਪਹਿਲਾਂ ਹੁਣ ਤਕ ਪੀ. ਜੀ. ਆਈ. ਦੇਸ਼ ਦੇ ਦੂਜੇ ਸ਼ਹਿਰਾਂ ਦੇ ਹਸਪਤਾਲਾਂ ਨੂੰ ਇਥੋਂ 9 ਹਾਰਟ ਟਰਾਂਸਪਲਾਂਟ ਭੇਜ ਚੁੱਕਿਆ ਹੈ। ਹਾਰਟ ਟਰਾਂਸਪਲਾਂਟ ਲਈ ਮਾਹਿਰਾਂ ਦਾ ਹੋਣਾ ਹੀ ਕਾਫ਼ੀ ਨਹੀਂ, ਕਈ ਵਾਰ ਮੈਚਿੰਗ ਰਿਸੀਪੀਅੈਂਟ ਨਹੀਂ ਮਿਲਦਾ, ਜਿਸ ਕਾਰਨ ਅੰਗਾਂ ਨੂੰ ਦੂਜੇ ਹਸਪਤਾਲਾਂ ਨਾਲ ਸ਼ੇਅਰ ਕਰ ਲਿਆ ਜਾਂਦਾ ਹੈ।
4 ’ਚੋਂ 2 ਮਰੀਜ਼ ਹੀ ਬਚੇ
ਹਾਰਟ ਟਰਾਂਸਪਲਾਂਟ ਦੇ ਸਰਵਾਈਵਲ ਰੇਟ ਦੂਜੇ ਅੰਗਾਂ ਮੁਕਾਬਲੇ ਥੋਡ਼੍ਹਾ ਘੱਟ ਜ਼ਰੂਰ ਹਨ ਪਰ ਪੀ. ਜੀ. ਆਈ. ਦੇ 2 ਹਾਰਟ ਟਰਾਂਸਪਲਾਂਟ ਕੀਤੇ ਮਰੀਜ਼ ਅੱਜ ਬਿਹਤਰ ਜ਼ਿੰਦਗੀ ਜੀਅ ਰਹੇ ਹਨ। ਪਹਿਲਾਂ ਦੇ ਚਾਰ ਹਾਰਟ ਟਰਾਂਸਪਲਾਂਟ ’ਚੋਂ 2 ਮਰੀਜ਼ ਨਹੀਂ ਬਚੇ ਸਨ। ਅੰਕਡ਼ਿਆਂ ’ਤੇ ਗੌਰ ਕਰੀਏ ਤਾਂ ਪੀ. ਜੀ. ਆਈ. ਦਾ ਪਹਿਲਾ ਹਾਰਟ ਟਰਾਂਸਪਲਾਂਟ ਸਫ਼ਲ ਨਹੀਂ ਹੋ ਸਕਿਆ ਸੀ।
ਕਦੋਂ-ਕਦੋਂ ਹੋਏ ਹਾਰਟ ਟਰਾਂਸਪਲਾਂਟ
*ਪਹਿਲਾ 4 ਅਗਸਤ, 2013
*ਦੂਜਾ 18 ਸਤੰਬਰ, 2015
*ਤੀਜਾ 26 ਅਕਤੂਬਰ, 2016
*ਚੌਥਾ 12 ਮਈ, 2017
*ਪੰਜਵਾਂ 1 ਸਤੰਬਰ, 2019
50ਵਾਂ ਲਿਵਰ ਟਰਾਂਸਪਲਾਂਟ
ਦਿਲ ਦੇ ਨਾਲ ਹੀ ਸਤਿੰਦਰ ਦੇ ਬਾਕੀ ਅੰਗ ਵੀ ਟਰਾਂਸਪਲਾਂਟ ਕੀਤੇ ਗਏ ਹਨ। ਨਾਲ ਹੀ ਪੀ. ਜੀ. ਆਈ. ਹੁਣ ਤਕ 50 ਲਿਵਰ ਟਰਾਂਸਪਲਾਂਟ ਕਰ ਚੁੱਕਿਆ ਹੈ। ਇਕ ਮਰੀਜ਼ ਨੂੰ ਦਿਲ, ਇਕ ਨੂੰ ਲਿਵਰ, ਦੋ ਨੂੰ ਕਿਡਨੀਆਂ ਅਤੇ ਦੋ ਮਰੀਜ਼ਾਂ ਨੂੰ ਕੋਰਨੀਆ ਟਰਾਂਸਪਲਾਂਟ ਕੀਤਾ ਗਿਆ। ਐਨੇਸਥੀਸੀਆ ਡਿਪਾਰਟਮੈਂਟ ਦੇ ਹੈੱਡ ਡਾ. ਜੀ. ਡੀ. ਪੁਰੀ ਅਤੇ ਕਾਰਡੀਓਵੈਸਕੂਲਰ ਥੌਰੈਸਿਕ ਸਰਜਨ ਡਾ. ਟੀ. ਸ਼ਿਆਮ ਨੇ ਟੀਮ ਨੂੰ ਲੀਡ ਕਰਦਿਆਂ ਇਹ ਹਾਰਟ ਟਰਾਂਸਪਲਾਂਟ ਕੀਤਾ ਹੈ। ਪੀ. ਜੀ. ਆਈ. ’ਚ ਇਸ ਮਹੀਨੇ ’ਚ ਜਿੱਥੇ ਇਹ ਪਹਿਲਾ ਬ੍ਰੇਨ ਡੈੱਡ ਕੇਸ ਸੀ, ਉਥੇ ਹੀ ਇਸ ਸਾਲ ਪੀ. ਜੀ. ਆਈ. 18 ਬ੍ਰੇਨ ਡੈੱਡ ਦੇ ਅੰਗ ਲੋੜਵੰਦ ਮਰੀਜ਼ਾਂ ਨੂੰ ਟਰਾਂਸਪਲਾਂਟ ਕਰ ਚੁੱਕਿਆ ਹੈ, ਜਿਸ ਦੀ ਮਦਦ ਨਾਲ ਕਈ ਲੋਕਾਂ ਨੂੰ ਇਕ ਨਵਾਂ ਜੀਵਨ ਮਿਲ ਚੁੱਕਿਆ ਹੈ।
16 ਦਿਨਾਂ ਤੋਂ ਵੈਂਟੀਲੇਟਰ ’ਤੇ ਸੀ
23 ਸਾਲਾ ਸਤਿੰਦਰ 14 ਅਗਸਤ ਦੀ ਰਾਤ ਨੂੰ ਕੁਰਾਲੀ ’ਚ ਇਕ ਰੋਡ ਐਕਸੀਡੈਂਟ ਦਾ ਸ਼ਿਕਾਰ ਹੋਇਆ ਸੀ। ਸਿਰ ’ਚ ਜ਼ਿਆਦਾ ਸੱਟ ਲੱਗਣ ਕਾਰਨ ਉਸ ਨੂੰ ਲੋਕਲ ਹਸਪਤਾਲ ਤੋਂ 16 ਅਗਸਤ ਨੂੰ ਪੀ. ਜੀ. ਆਈ. ਰੈਫਰ ਕੀਤਾ ਗਿਆ ਸੀ। ਸਤਿੰਦਰ 16 ਦਿਨਾਂ ਤੋਂ ਵੈਂਟੀਲੇਟਰ ’ਤੇ ਜ਼ਿੰਦਗੀ ਅਤੇ ਮੌਤ ਦੀ ਲਡ਼ਾਈ ਲਡ਼ ਰਿਹਾ ਸੀ।
ਦੂਸਰਿਆਂ ਲਈ ਕ੍ਰਿਸ਼ਮਾ ਬਣ ਗਿਆ ਮੇਰਾ ਪੁੱਤਰ
ਪਿਤਾ ਬਲਵਿੰਦਰ ਸਿੰਘ ਐਕਸੀਡੈਂਟ ਦੇ ਸਮੇਂ ਤੋਂ ਦੁੂਆ ਮੰਗ ਰਹੇ ਸਨ ਕਿ ਕੋਈ ਕ੍ਰਿਸ਼ਮਾ ਹੋਵੇ ਅਤੇ ਉਨ੍ਹਾਂ ਦੇ ਬੇਟੇ ਦੀ ਜਾਨ ਬਚ ਜਾਵੇ, ਹਾਲਾਂਕਿ ਹਾਲਤ ’ਚ ਸੁਧਾਰ ਨਹੀਂ ਹੋ ਰਿਹਾ ਸੀ ਪਰ ਇਕ ਆਸ ਪਰਿਵਾਰ ਨੂੰ ਸੀ ਕਿ ਸ਼ਾਇਦ ਕੁਝ ਹੋ ਜਾਵੇ। ਬ੍ਰੇਨ ਡੈੱਡ ਡਿਕਲੇਅਰ ਹੋਣ ’ਤੇ ਪਿਤਾ ਬੋਲੇ ਕਿ ਉਨ੍ਹਾਂ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦਾ ਪੁੱਤਰ ਦੂਜੇ ਪਰਿਵਾਰਾਂ ਅਤੇ ਲੋੜਵੰਦ ਲੋਕਾਂ ਲਈ ਕ੍ਰਿਸ਼ਮਾ ਬਣ ਜਾਵੇਗਾ। ਤਿੰਨ ਬੇਟੀਆਂ ’ਚ ਦੂਜੇ ਨੰਬਰ ਦਾ ਸਤਿੰਦਰ ਸੀ। ਪਿਤਾ ਬੋਲੇ ਕਿ ਬੇਟੇ ਨੂੰ ਗੁਆਉਣ ਦਾ ਗਮ ਜ਼ਿੰਦਗੀ ਭਰ ਰਹੇਗਾ, ਬਾਵਜੂਦ ਇਸ ਦੇ ਇਕ ਸਕੂਨ ਹੈ ਕਿ ਪੁੱਤਰ ਜਾਂਦੇ ਹੋਏ 6 ਲੋਕਾਂ ਦੇ ਘਰ ਰੌਸ਼ਨ ਕਰ ਗਿਆ।
* ਅੰਗਦਾਨ ਪੀ. ਜੀ. ਆਈ. ਹੀ ਨਹੀਂ, ਦੇਸ਼ ’ਚ ਕਈ ਹਸਪਤਾਲਾਂ ’ਚ ਵਧ ਰਿਹਾ ਹੈ। ਹਾਲਾਂਕਿ ਹਾਰਟ ਟਰਾਂਸਪਲਾਂਟ ਕਰਨਾ ਅੱਜ ਵੀ ਮੁਸ਼ਕਲ ਹੈ। ਸਰਜਰੀ ਆਸਾਨ ਨਹੀਂ ਹੈ। ਐਨੇਸਥੀਸੀਆ, ਕਾਰਡੀਓਲਾਜਿਸਟ, ਕਾਰਡੀਓਵੈਸਕੂਲਰ ਐਂਡ ਥੌਰੈਸਿਕ ਸਰਜਨ, ਟ੍ਰਾਂਸਪਲਾਂਟ ਕੋਆਰਡੀਨੇਟਰ, ਟੈਕਨੀਸ਼ੀਅਨ ਅਤੇ ਸਾਰੇ ਸਟਾਫ਼ ਦੀ ਬਦੌਲਤ ਇਹ ਹੋ ਸਕਿਆ ਹੈ। ਪਰਿਵਾਰ ਲਈ ਮੁਸ਼ਕਲ ਵਕਤ ਹੈ, ਬਾਵਜੂਦ ਇਸ ਦੇ ਉਨ੍ਹਾਂ ਨੇ ਬਹੁਤ ਸਾਹਸ ਭਰਿਆ ਫੈਸਲਾ ਲਿਆ ਹੈ। ਅਸੀਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ।
-ਪ੍ਰੋ. ਜਗਤ ਰਾਮ, ਡਾਇਰੈਕਟਰ, ਪੀ. ਜੀ.ਆਈ.।
* ਕਿਸੇ ਆਪਣੇ ਦਾ ਕੋਈ ਵੀ ਅੰਗ ਦਾਨ ਕਰਨਾ ਆਸਾਨ ਨਹੀਂ ਹੈ। ਪਰਿਵਾਰ ਦਾ ਫੈਸਲਾ ਕਈ ਲੋਕਾਂ ਲਈ ਮਿਸਾਲ ਹੈ, ਜਿਨ੍ਹਾਂ ਨੇ ਆਪਣੇ ਦੁੱਖ ਤੋਂ ਬਾਅਦ ਵੀ ਦੂਜਿਆਂ ਦੀ ਜ਼ਿੰਦਗੀ ਰੌਸ਼ਨ ਕੀਤੀ ਹੈ। -ਡਾ. ਏ. ਕੇ. ਗੁਪਤਾ, ਐੱਮ. ਐੱਸ. ਪੀ. ਜੀ. ਆਈ.।
* ਅਜਿਹੇ ਬਹੁਤ ਸਾਰੇ ਮਰੀਜ਼ ਹਨ, ਜਿਨ੍ਹਾਂ ਨੂੰ ਅੰਗਾਂ ਦੀ ਲੋੜ ਹੈ। ਸਤਿੰਦਰ ਵਰਗੇ ਲੋਕਾਂ ਦੀ ਬਦੌਲਤ ਇਨਸਾਨੀਅਤ ਅੱਜ ਵੀ ਜ਼ਿੰਦਾ ਹੈ। ਉਮੀਦ ਹੈ ਕਿ ਇਸ ਨਾਲ ਅੰਗਦਾਨ ਨੂੰ ਲੈ ਕੇ ਜਾਗਰੂਕਤਾ ਵਧੇਗੀ। -ਡਾ. ਵਿਪਨ ਕੌਸ਼ਲ, ਨੋਡਲ ਅਫ਼ਸਰ, ਰੋਟੋ, ਪੀ. ਜੀ. ਆਈ.।