ਸਿਹਤ ਮੰਤਰੀ ਵਲੋਂ ਲੋਕਾਂ ਨੂੰ ਅਪੀਲ, ਕੋਵਿਡ-19 ਖਿਲਾਫ ਜ਼ਿੰਮੇਵਾਰ ਨਾਗਰਿਕ ਬਣੋਂ

Saturday, Aug 15, 2020 - 02:05 AM (IST)

ਸਿਹਤ ਮੰਤਰੀ ਵਲੋਂ ਲੋਕਾਂ ਨੂੰ ਅਪੀਲ, ਕੋਵਿਡ-19 ਖਿਲਾਫ ਜ਼ਿੰਮੇਵਾਰ ਨਾਗਰਿਕ ਬਣੋਂ

ਚੰਡੀਗੜ੍ਹ : ਕੋਵਿਡ-19 ਮਹਾਂਮਾਰੀ ਕਾਰਣ ਅਣਚਾਹੀ ਤੇ ਅਣਕਿਆਸੇ ਹਾਲਾਤ ਪੈਦਾ ਹੋਏ ਹਨ, ਜਿਨ੍ਹਾਂ ਦਾ ਸਾਹਮਣਾ ਕਰਨ ਲਈ ਸਾਨੂੰ ਸਭ ਨੂੰ ਮਿਲ ਕੇ ਕਾਰਵਾਈ ਕਰਨ ਤੇ ਸਹਿਯੋਗ ਕਰਨ ਦੀ ਜ਼ਰੂਰਤ ਹੈ। ਇਸ ਸੰਬੰਧੀ ਅਪੀਲ ਕਰਦੇ ਹੋਏ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਬਿਮਾਰੀ ਨੂੰ ਰੋਕਣ ਲਈ ਜ਼ਰੂਰੀ ਹੈ ਕਿ ਇਨਫੈਕਸ਼ਨ ਦੀ ਜਲਦੀ ਪਛਾਣ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਦੇ ਫੈਲਣ ਤੇ ਇਸ ਨਾਲ ਮੌਤਾਂ ਦਾ ਮੁੱਖ ਕਾਰਣ ਇਹ ਹੈ ਕਿ ਲੱਛਣ ਹੋਣ ਦੇ ਬਾਵਜੂਦ ਲੋਕ ਸਿਹਤ ਸੰਸਥਾਵਾਂ ਨੂੰ ਦੇਰੀ ਨਾਲ ਸੂਚਿਤ ਕਰਦੇ ਹਨ, ਜਿਸ ਦੇ ਚੱਲਦੇ ਕੋਵਿਡ-19 ਦੇ ਟੈਸਟ ਵਿੱਚ ਦੇਰੀ ਹੋ ਜਾਂਦੀ ਹੈ।
ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਨੇ ਅਪੀਲ ਕੀਤੀ ਹੈ ਕਿ ਜੇਕਰ ਮਾਮੂਲੀ ਲੱਛਣ ਜਿਵੇਂ ਕਿ ਬੁਖਾਰ, ਖਾਂਸੀ, ਸਾਹ ਲੈਣ ਵਿੱਚ ਤਕਲੀਫ, ਸਰੀਰ ਦਰਦ, ਥਕਾਵਟ, ਸਵਾਦ ਤੇ ਸੁੰਘਣ ਸ਼ਕਤੀ ਦਾ ਘਟਣਾ, ਵਗਦਾ ਨੱਕ ਆਦਿ ਹਨ ਜਾਂ ਕੋਵਿਡ-19 ਦੇ ਸ਼ੱਕੀ ਮਰੀਜ਼ ਦੇ ਸੰਪਰਕ ਵਿੱਚ ਆਏ ਹੋ ਤਾਂ ਕੋਵਿਡ-19 ਦਾ ਟੈਸਟ ਜ਼ਰੂਰ ਕਰਵਾਓ।
ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਹੈ ਕਿ ਟੈਸਟ ਕਰਵਾਉਣ ਲਈ ਡਾਕਟਰੀ ਦੀ ਪਰਚੀ ਦੀ ਜ਼ਰੂਰਤ ਨਹੀਂ ਹੈ ਅਤੇ ਜਿਨ੍ਹਾਂ ਦਾ ਟੈਸਟ ਪਾਜ਼ੇਟਿਵ ਆਇਆ ਹੈ, ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਿਲ ਹੋਣ ਦੀ ਜ਼ਰੂਰਤ ਨਹੀਂ ਅਤੇ ਜੇਕਰ ਉਨ੍ਹਾਂ ਕੋਲ ਪ੍ਰਬੰਧ ਹੈ ਤਾਂ ਉਹ ਘਰਾਂ ਵਿੱਚ ਹੀ ਆਈਸੋਲੇਟ ਹੋ ਸਕਦੇ ਹਨ।
ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਨੇ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਇਹ ਟੈਸਟ ਮੁਫਤ ਕੀਤੇ ਜਾਂਦੇ ਹਨ।600 ਸਰਕਾਰੀ (ਸਾਰੇ ਜਿਲ੍ਹਾ ਹਸਪਤਾਲ, ਸਬ ਡਿਵੀਜ਼ਨਲ ਹਸਪਤਾਲ ਤੇ ਸਮੂਹਦਾਇਕ ਸਿਹਤ ਕੇਂਦਰ) ਅਤੇ 52 ਆਈ.ਸੀ.ਐਮ.ਆਰ. ਵੱਲੋਂ ਮੰਜੂਰ ਪ੍ਰਾਈਵੇਟ ਟੈਸਟਿੰਗ ਸੈਂਟਰ ਦੀ ਲਿਸਟ ਵੈਬਸਾਈਟ ਦੇ ਲਿੰਕ http://pbhealth.gov.in/Contact%20Details%20of%20COVID-19%20Testing%20Centers.pdf ਤੇ ਉਪਲਬੱਧ ਹੈ। ਕੁਝ ਪ੍ਰਾਈਵੇਟ ਲੈਬ ਵੱਲੋਂ ਘਰਾਂ ਤੋਂ ਸੈਂਪਲ ਪ੍ਰਾਪਤ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਵਾਜਿਬ ਰੇਟਾਂ ਤੇ ਟੈਸਟ ਦੀ ਸੁਵਿਧਾ ਉਪਲਬੱਧ ਕਰਵਾਉਣ ਲਈ ਸਰਕਾਰ ਵੱਲੋਂ ਪ੍ਰਾਈਵੇਟ ਲੈਬ ਵੱਲੋਂ ਕੋਵਿਡ-19 ਦੇ ਇੱਕ ਆਰਟੀ-ਪੀਸੀਆਰ ਟੈਸਟ ਲਈ ਵੱਧ ਤੋਂ ਵੱਧ 2400 ਰੁਪਏ ਨਿਰਧਾਰਿਤ ਕੀਤੇ ਹਨ। ਇਸ ਵਿੱਚ ਜੀਐਸਟੀ ਤੇ ਘਰ ਤੋਂ ਸੈਂਪਲ ਪ੍ਰਾਪਤ ਕਰਨ ਦੇ ਸਾਰੇ ਰੇਟ ਸ਼ਾਮਿਲ ਹਨ। ਇਸੇ ਤਰਾਂ ਪ੍ਰਾਈਵੇਟ ਲੈਬ ਲਈ ਰੈਪਿਡ ਐਂਟੀਜਨ ਟੈਸਟਿੰਗ (ਆਰਏਟੀ) ਲਈ 1000/- ਰੁਪਏ ਨਿਰਧਾਰਿਤ ਕੀਤਾ ਗਿਆ ਹੈ। ਇਸ ਵਿੱਚ ਜੀਐਸਟੀ ਤੇ ਘਰ ਤੋਂ ਸੈਂਪਲ ਪ੍ਰਾਪਤ ਕਰਨ ਦੇ ਸਾਰੇ ਰੇਟ ਸ਼ਾਮਿਲ ਹਨ।


author

Deepak Kumar

Content Editor

Related News