ਤਿਹਾੜ ਜੇਲ ਅਧਿਕਾਰੀਆਂ ਨੇ ਹਵਾਰਾ ਨੂੰ ਫਿਰ ਨਹੀਂ ਕੀਤਾ ਪੇਸ਼

Sunday, Dec 03, 2017 - 07:47 AM (IST)

ਤਿਹਾੜ ਜੇਲ ਅਧਿਕਾਰੀਆਂ ਨੇ ਹਵਾਰਾ ਨੂੰ ਫਿਰ ਨਹੀਂ ਕੀਤਾ ਪੇਸ਼

ਖਰੜ  (ਅਮਰਦੀਪ, ਰਣਬੀਰ) – ਖਰੜ ਦੀ ਮਾਣਯੋਗ ਅਦਾਲਤ ਵਿਚ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਾਤਿਲ ਜਗਤਾਰ ਸਿੰਘ ਹਵਾਰਾ ਨੂੰ ਇਕ ਮਾਮਲੇ ਵਿਚ ਅੱਜ ਵੀ ਤਿਹਾੜੀ ਜੇਲ ਦੇ ਅਧਿਕਾਰੀਆਂ ਨੇ ਪੇਸ਼ ਨਾ ਕੀਤਾ ਤੇ ਮਾਣਯੋਗ ਜੱਜ ਨੇ ਅਗਲੀ ਪੇਸ਼ੀ ਤਰੀਕ 12 ਦਸੰਬਰ 2017 'ਤੇ ਪਾ ਦਿੱਤੀ ਹੈ।  ਇਥੇ ਦੱਸਣਯੋਗ ਹੈ ਕਿ ਹਵਾਰਾ ਦੇ ਵਕੀਲ ਨੇ 15 ਜੂਨ 2005 ਦੇ ਇਕ ਮਾਮਲੇ, ਜਿਸ ਵਿਚ ਹਵਾਰਾ ਖਿਲਾਫ ਥਾਣਾ ਸਦਰ ਵਿਖੇ ਧਮਾਕਾਖੇਜ਼ ਸਮੱਗਰੀ ਦੀ ਧਾਰਾ 4/5 ਤਹਿਤ ਮਾਮਲਾ ਦਰਜ ਕੀਤਾ ਹੋਇਆ ਸੀ ਪਰ ਉਕਤ ਕੇਸ ਵਿਚ ਕੋਈ ਅਦਾਲਤੀ ਕਾਰਵਾਈ ਨਾ ਹੋਣ ਕਾਰਨ ਕੇਸ ਦੀ ਸਥਿਤੀ ਰਿਪੋਰਟ ਜਾਣਨ ਲਈ 1 ਮਾਰਚ 2017 ਨੂੰ ਖਰੜ ਮਾਣਯੋਗ ਅਦਾਲਤ ਵਿਚ ਅਰਜ਼ੀ ਦਾਇਰ ਕੀਤੀ ਤਾਂ ਮਾਣਯੋਗ ਜੱਜ ਨੇ ਹਵਾਰਾ ਨੂੰ ਤਿਹਾੜ ਜੇਲ ਦਿੱਲੀ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਉਣ ਲਈ ਸਦਰ ਪੁਲਸ ਖਰੜ ਨੂੰ ਹੁਕਮ ਜਾਰੀ ਕੀਤੇ ਸਨ।
ਇਸ ਸਬੰਧੀ ਸੰਪਰਕ ਕਰਨ 'ਤੇ ਥਾਣਾ ਸਦਰ ਦੇ ਐੱਸ. ਐੱਚ. ਓ. ਭਗਵੰਤ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੇ ਹਵਾਰਾ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਉਣ ਲਈ ਅਦਾਲਤ ਦੇ ਹੁਕਮਾਂ ਤਹਿਤ ਦਸਤਾਵੇਜ਼ ਜੇਲ ਅਧਿਕਾਰੀਆਂ ਨੂੰ ਦਿੱਤੇ ਹੋਏ ਹਨ ਪਰ ਐਤਕੀਂ 5ਵੀਂ ਵਾਰ ਵੀ ਤਿਹਾੜ ਜੇਲ ਦਿੱਲੀ ਦੇ ਸੁਪਰਡੈਂਟ ਵਲੋਂ ਸੁਰੱਖਿਆ ਦੀ ਘਾਟ ਕਾਰਨ ਹਵਾਰਾ ਨੂੰ ਅਦਾਲਤ ਵਿਚ ਪੇਸ਼ ਨਹੀਂ ਕੀਤਾ ਗਿਆ। ਇਸ ਸਬੰਧੀ ਦੋਬਾਰਾ ਜੇਲ ਸੁਪਰਡੈਂਟ ਨੂੰ ਪੱਤਰ ਭੇਜਿਆ ਜਾਵੇਗਾ ਕਿ ਉਹ ਹਵਾਰਾ ਨੂੰ ਖਰੜ ਦੀ ਅਦਾਲਤ ਵਿਚ ਪੇਸ਼ ਕਰਨ।


Related News